ਤਾਪਸੀ ਪੰਨੂ ਨੇ ਫਿਲਮ ਦੇ ਸੈੱਟ ’ਤੇ ਲੋਹੜੀ ਮਨਾਈ
ਮੁੰਬਈ:
ਬੌਲੀਵੁਡ ਅਦਾਕਾਰਾ ਤਾਪਸੀ ਪੰਨੂ ਨੇ ਅੱਜ ਫਿਲਮ ਦੇ ਸੈੱਟ ’ਤੇ ਲੋਹੜੀ ਮਨਾਈ। ਤਾਪਸੀ ਪੰਨੂ ਨੇ ਸਾਲ ਦੀ ਸ਼ੁਰੂਆਤ ਆਪਣੀ ਅਗਲੀ ਫਿਲਮ ‘ਗੰਧਾਰੀ’ ਦੀ ਸ਼ੂਟਿੰਗ ਨਾਲ ਕੀਤੀ। ਉਹ ਇਸ ਸਮੇਂ ਫਿਲਮ ਗੰਧਾਰੀ ਦੀ ਸ਼ੂਟਿੰਗ ਕਰ ਰਹੀ ਹੈ। ਫਿਲਮ ਦੇ ਸੂਤਰਾਂ ਨੇ ਦੱਸਿਆ, ‘ਉਹ ਲੋਹੜੀ ਮਨਾਉਣਾ ਪਸੰਦ ਕਰਦੀ ਹੈ ਅਤੇ ਇਹ ਤਿਉਹਾਰ ਆਪਣੇ ਪਰਿਵਾਰ ਨਾਲ ਮਨਾਉਂਦੀ ਹੈ ਪਰ ਉਹ ਇਸ ਵਾਰ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ, ਜਿਸ ਕਰ ਕੇ ਉਸ ਨੇ ਲੋਹੜੀ ਨੂੰ ਫਿਲਮ ਦੇ ਸੈੱਟ ’ਤੇ ਮਨਾਇਆ। ‘ਹਸੀਨ ਦਿਲਰੁਬਾ’ ਦੀ ਅਦਾਕਾਰਾ ਆਪਣੇ ਪੇਸ਼ੇਵਰ ਅਤੇ ਨਿੱਜੀ ਜੀਵਨ ਵਿਚਲੇ ਸਭ ਤੋਂ ਵਧੀਆ ਪੜਾਵਾਂ ਦਾ ਆਨੰਦ ਮਾਣ ਰਹੀ ਹੈ। ਉਹ ਪਿਛਲੇ ਸਾਲ ਉਦੈਪੁਰ ਵਿੱਚ ਆਪਣੇ ਲੰਬੇ ਸਮੇਂ ਦੇ ਸਾਥੀ ਤੇ ਬੈਡਮਿੰਟਨ ਖਿਡਾਰੀ ਮੈਥਿਆਸ ਬੋਏ ਨਾਲ ਵਿਆਹ ਬੰਧਨ ਵਿੱਚ ਬੱਝੀ ਗਈ ਸੀ। ਉਨ੍ਹਾਂ ਦੇ ਵਿਆਹ ਸਮਾਗਮ ਦੀਆਂ ਝਲਕੀਆਂ ਇੰਟਰਨੈੱਟ ’ਤੇ ਵਾਇਰਲ ਹੋਈਆਂ ਸਨ। ਡੈਨਮਾਰਕ ਦੇ ਰਹਿਣ ਵਾਲੇ ਮੈਥਿਆਸ ਬੈਡਮਿੰਟਨ ਖਿਡਾਰੀ ਤੋਂ ਕੋਚ ਬਣੇ ਹਨ। ਉਸ ਨੇ 1998 ਵਿੱਚ ਆਪਣੀ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਡਬਲਜ਼ ਵਿੱਚ ਵਿਸ਼ਵ ਨੰਬਰ ਇਕ ’ਤੇ ਪਹੁੰਚ ਗਿਆ ਅਤੇ ਮੌਜੂਦਾ ਸਮੇਂ ਡਬਲਜ਼ ਵਿੱਚ ਭਾਰਤੀ ਟੀਮ ਦਾ ਕੋਚ ਹੈ। ਉਸ ਨੇ ਲੰਡਨ ਵਿੱਚ 2012 ਓਲੰਪਿਕ ਵਿੱਚ ਪੁਰਸ਼ ਡਬਲਜ਼ ਵਿੱਚ ਚਾਂਦੀ ਦਾ ਤਗਮਾ ਅਤੇ 2013 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। -ਆਈਏਐੱਨਐੱਸ