ਟੀ-20 ਵਿਸ਼ਵ ਕੱਪ: ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਅੱਜ
ਬ੍ਰਿਜਟਾਊਨ, 28 ਜੂਨ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਸ਼ਨਿਚਰਵਾਰ ਨੂੰ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਦੱਖਣੀ ਅਫਰੀਕਾ ਖ਼ਿਲਾਫ਼ ਮੈਚ ਦੌਰਾਨ ਆਈਸੀਸੀ ਟੂਰਨਾਮੈਂਟ ਵਿੱਚ ਖਿਤਾਬ ਦਾ ਆਪਣਾ 10 ਸਾਲਾ ਸੋਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰੇਗੀ। ਦੱਖਣੀ ਅਫਰੀਕਾ ਦੀ ਅਗਵਾਈ ਐਡਨ ਮਾਰਕਰਮ ਕਰ ਰਿਹਾ ਹੈ। ਦੋਵੇਂ ਟੀਮਾਂ ਆਪੋ-ਆਪਣੇ ਸਾਰੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚੀਆਂ ਹਨ। ਦੱਖਣੀ ਅਫਰੀਕਾ 1998 ਤੋਂ ਬਾਅਦ ਪਹਿਲੀ ਵਾਰ ਕਿਸੇ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚਿਆ ਹੈ। ਮਾਹਿਰਾਂ ਅਨੁਸਾਰ ਸੈਮੀ ਫਾਈਨਲ ’ਚ ਇੰਗਲੈਂਡ ਖ਼ਿਲਾਫ਼ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹੈ।
ਭਾਰਤ ਯਕੀਨੀ ਤੌਰ ’ਤੇ ਪਿਛਲੇ ਮੈਚ ਵਾਲੀ ਟੀਮ ਨਾਲ ਹੀ ਮੈਦਾਨ ਵਿੱਚ ਉਤਰੇਗਾ ਪਰ ਟੀਮ ਨੂੰ ਘੱਟੋ-ਘੱਟ ਦੋ ਖਿਡਾਰੀਆਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਤਜਰਬੇਕਾਰ ਵਿਰਾਟ ਕੋਹਲੀ ਹੁਣ ਤੱਕ ਟੂਰਨਾਮੈਂਟ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਆਈਪੀਐੱਲ ਦੇ ਸ਼ਾਨਦਾਰ ਸੀਜ਼ਨ ਤੋਂ ਬਾਅਦ ਟੀਮ ਨੂੰ ਉਸ ਤੋਂ ਬਿਹਤਰ ਕਾਰਗੁਜ਼ਾਰੀ ਦੀ ਉਮੀਦ ਸੀ ਪਰ ਉਹ ਹੁਣ ਤੱਕ ਇਸ ’ਤੇ ਖਰਾ ਨਹੀਂ ਉਤਰਿਆ। ਇਸੇ ਤਰ੍ਹਾਂ ਭਾਰਤੀ ਟੀਮ ਨੂੰ ਸ਼ਿਵਮ ਦੂਬੇ ਤੋਂ ਵੀ ਚੰਗੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ। ਉਹ ਕੇਸ਼ਵ ਮਹਾਰਾਜ ਅਤੇ ਤਬਰੇਜ਼ ਸ਼ਮਸੀ ਵਰਗੇ ਸਪਿੰਨਰਾਂ ਖ਼ਿਲਾਫ਼ ਵੱਡੇ ਸ਼ਾਟ ਖੇਡ ਕੇ ਹੀਰੋ ਬਣ ਸਕਦਾ ਹੈ। ਭਾਰਤ ਨੂੰ ਗੇਂਦਬਾਜ਼ੀ ਵਿੱਚ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਤੇਜ਼ ਗੇਂਦਬਾਜ਼ ਤੇ ਸਪਿੰਨਰ ਦੋਵੇਂ ਹੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਿਭਾਅ ਰਹੇ ਹਨ। -ਪੀਟੀਆਈ