ਟੀ20: ਅਭਿਸ਼ੇਕ ਦੇ ਸੈਂਕੜੇ ਸਦਕਾ ਭਾਰਤ ਨੇ ਜ਼ਿੰਬਾਬਵੇ ਨੂੰ 100 ਦੌੜਾਂ ਨਾਲ ਹਰਾਇਆ
ਹਰਾਰੇ, 7 ਜੁਲਾਈ
ਭਾਰਤੀ ਟੀਮ ਨੇ ਨੌਜਵਾਨ ਖਿਡਾਰੀ ਅਭਿਸ਼ੇਕ ਸ਼ਰਮਾ ਦੀ 46 ਗੇਂਦਾਂ ਵਿੱਚ 100 ਦੌੜਾਂ ਦੀ ਸ਼ਾਨਦਾਰ ਪਾਰੀ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਅੱਜ ਇੱਥੇ ਦੂਜੇ ਟੀ20 ਕੌਮਾਂਤਰੀ ਮੁਕਾਬਲੇ ਵਿੱਚ ਜ਼ਿੰਬਾਬਵੇ ’ਤੇ 100 ਦੌੜਾਂ ਨਾਲ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਦਿੱਤੀ।
ਬੱਲੇਬਾਜ਼ਾਂ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਪਹਿਲੇ ਮੈਚ ਵਿੱਚ ਮਿਲੀ 13 ਦੌੜਾਂ ਦੀ ਹਾਰ ਮਗਰੋਂ ਵਾਪਸੀ ਕਰਦਿਆਂ ਭਾਰਤ ਨੇ ਅਭਿਸ਼ੇਕ ਦੇ ਅੱਠ ਛੱਕਿਆਂ ਅਤੇ ਸੱਤ ਚੌਕਿਆਂ ਦੀ ਮਦਦ ਨਾਲ ਜੜੇ ਸੈਂਕੜੇ ਨਾਲ ਅੱਜ ਟਾਸ ਜਿੱਤ ਕੇ ਬੱਲੇਬਾਜ਼ੀ ਕਰਦਿਆਂ ਦੋ ਵਿਕਟਾਂ ’ਤੇ 234 ਦੌੜਾਂ ਦਾ ਵੱਡਾ ਸਕੋਰ ਬਣਾਇਆ।
ਇਹ ਟੀ20 ਕੌਮਾਂਤਰੀ ਵਿੱਚ ਜ਼ਿੰਬਾਬਵੇ ਖ਼ਿਲਾਫ਼ ਭਾਰਤ ਦਾ ਸਰਵੋਤਮ ਸਕੋਰ ਹੈ। ਇਸ ਤੋਂ ਪਹਿਲਾਂ ਸਰਵੋਤਮ ਸਕੋਰ 186 ਦੌੜਾਂ ਦਾ ਸੀ। ਭਾਰਤ ਨੇ ਮੁਕੇਸ਼ ਕੁਮਾਰ (37 ਦੌੜਾਂ ਦੇ ਕੇ ਤਿੰਨ ਵਿਕਟਾਂ), ਆਵੇਸ਼ ਖ਼ਾਨ (15 ਦੌੜਾਂ ਦੇ ਕੇ ਤਿੰਨ ਵਿਕਟਾਂ) ਅਤੇ ਰਵੀ ਬਿਸ਼ਨੋਈ (11 ਦੌੜਾਂ ਦੇ ਕੇ ਦੋ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਜ਼ਿੰਬਾਬਵੇ ਨੂੰ 18.4 ਓਵਰ ਵਿੱਚ 134 ਦੌੜਾਂ ’ਤੇ ਸਮੇਟ ਦਿੱਤਾ। ਭਾਰਤ ਨੇ ਇਸ ਤਰ੍ਹਾਂ ਟੀ20 ਵਿੱਚ ਜ਼ਿੰਬਾਬਵੇ ਖ਼ਿਲਾਫ਼ ਸਭ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਜ਼ਿੰਬਾਬਵੇ ਲਈ ਸਲਾਮੀ ਬੱਲੇਬਾਜ਼ ਵੇਸਲੇ ਮਾਧੇਵੇਰੇ ਨੇ 43 ਦੌੜਾਂ, ਲਿਊਕ ਜੋਂਗਵੇ ਨੇ 33 ਦੌੜਾਂ ਅਤੇ ਬ੍ਰਾਇਨ ਬੈਨੇਟ ਨੇ 26 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਜ਼ਿੰਬਾਬਵੇ ਦੇ ਸਾਬਕਾ ਕਪਤਾਨ ਅਲਿਸਟੇਅਰ ਕੈਂਪਬੈੱਲ ਦਾ ਪੁੱਤਰ ਜੋਨਾਥਨ ਕੈਂਪਬੈੱਲ (10 ਦੌੜਾਂ) ਹੀ ਦੋਹਰੇ ਅੰਕ ’ਚ ਪਹੁੰਚਿਆ। -ਪੀਟੀਆਈ