ਨਿਸ਼ਾਨੇਬਾਜ਼ੀ: ਦਿਵਿਆਂਸ਼ੀ ਨੇ ਦੂਜਾ ਸੋਨ ਤਗ਼ਮਾ ਜਿੱਤਿਆ
ਲੀਮਾ (ਪੇਰੂ), 5 ਅਕਤੂਬਰ
ਭਾਰਤੀ ਪਿਸਟਲ ਨਿਸ਼ਾਨੇਬਾਜ਼ ਦਿਵਿਆਂਸ਼ੀ ਨੇ ਇੱਥੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ 25 ਮੀਟਰ ਸਟੈਂਡਰਡ ਪਿਸਟਲ ਮੁਕਾਬਲੇ ’ਚ ਪਹਿਲਾ ਸਥਾਨ ਹਾਸਲ ਕਰਦੇ ਆਪਣਾ ਦੂਜਾ ਵਿਅਕਤੀਗਤ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇਸ ਮੁਕਾਬਲੇ ਵਿੱਚ ਤਿੰਨ ਤਗ਼ਮੇ ਜਿੱਤ ਕੇ ਕਲੀਨ ਸਵੀਪ ਕੀਤਾ। ਭਾਰਤੀ ਨਿਸ਼ਾਨੇਬਾਜ਼ਾਂ ਨੇ ਸ਼ੁੱਕਰਵਾਰ ਨੂੰ ਦੋ ਸੋਨ ਤਗ਼ਮਿਆਂ ਸਣੇ ਪੰਜ ਹੋਰ ਤਗ਼ਮੇ ਆਪਣੀ ਝੋਲੀ ਪਾਏ, ਜਿਸ ਨਾਲ ਕੁੱਲ ਤਗ਼ਮਿਆਂ ਦੀ ਸੰਖਿਆ 21 ਹੋ ਗਈ ਹੈ ਅਤੇ ਉਹ ਤਗ਼ਮਾ ਸੂਚੀ ਵਿੱਚ ਸਿਖਰ ’ਤੇ ਬਣਿਆ ਹੋਇਆ ਹੈ। ਭਾਰਤ ਨੇ ਹੁਣ ਤੱਕ 13 ਸੋਨ, ਦੋ ਚਾਂਦੀ ਅਤੇ ਛੇ ਕਾਂਸੀ ਦੇ ਤਗ਼ਮੇ ਜਿੱਤੇ ਹਨ। ਨਾਰਵੇ 10 ਤਗ਼ਮਿਆਂ (ਚਾਰ ਸੋਨ, ਤਿੰਨ ਚਾਂਦੀ ਅਤੇ ਤਿੰਨ ਕਾਂਸੀ) ਨਾਲ ਦੂਜੇ, ਜਦਕਿ ਚੀਨ ਤਿੰਨ ਸੋਨ ਅਤੇ ਇੱਕ ਚਾਂਦੀ ਦੇ ਤਗ਼ਮੇ ਨਾਲ ਤੀਜੇ ਸਥਾਨ ’ਤੇ ਹੈ। ਦਿਵਿਆਂਸ਼ੀ ਨੇ 600 ਵਿੱਚੋਂ 564 ਅੰਕਾਂ ਨਾਲ ਇਸ ਮੁਕਾਬਲੇ ’ਚ ਦਬਦਬਾ ਬਣਾਇਆ ਅਤੇ ਟੀਮ ਦੀ ਆਪਣੀ ਸਾਥੀ ਪਰੀਸ਼ਾ ਗੁਪਤਾ ਨੂੰ ਪਿੱਛੇ ਛੱਡਿਆ, ਜਿਸ ਨੇ 559 ਅੰਕ ਹਾਸਲ ਕਰਦਿਆਂ ਚਾਂਦੀ ਦਾ ਤਗ਼ਮਾ ਜਿੱਤਿਆ। ਮਾਨਵੀ ਜੈਨ ਨੇ 557 ਅੰਕ ਬਣਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ, ਜਿਸ ਨਾਲ ਭਾਰਤ ਨੇ ਇਸ ਮੁਕਾਬਲੇ ’ਚ ਕਲੀਨ ਸਵੀਪ ਕੀਤਾ। ਇਹ ਇਸ ਮੁਕਾਬਲੇ ’ਚ ਭਾਰਤ ਦਾ ਪਹਿਲਾ ਕਲੀਨ ਸਵੀਪ ਹੈ। ਭਾਰਤ ਦੀ ਇੱਕ ਹੋਰ ਨਿਸ਼ਾਨੇਬਾਜ਼ ਸ਼ਿਖਾ ਚੌਧਰੀ 554 ਅੰਕ ਬਣਾ ਕੇ ਚੌਥੇ ਸਥਾਨ ’ਤੇ ਰਹੀ। ਇਸੇ ਮੁਕਾਬਲੇ ਦੇ ਪੁਰਸ਼ ਵਰਗ ਵਿੱਚ ਸੂਰਜ ਸ਼ਰਮਾ ਨੇ 571 ਦੇ ਸਕੋਰ ਨਾਲ ਸੋਨ ਤਗ਼ਮਾ ਜਿੱਤਿਆ। -ਪੀਟੀਆਈ