ਟੀ-20: ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਮੈਚ ਅੱਜ
ਨਵੀਂ ਦਿੱਲੀ, 8 ਅਕਤੂਬਰ
ਪਹਿਲੇ ਮੈਚ ’ਚ ਮਿਲੀ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਟੀਮ ਬੰਗਲਾਦੇਸ਼ ਖ਼ਿਲਾਫ਼ ਭਲਕੇ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ-20 ਕੌਮਾਂਤਰੀ ਕ੍ਰਿਕਟ ਮੈਚ ’ਚ ਆਪਣਾ ਦਬਦਬਾ ਬਰਕਰਾਰ ਰੱਖਣ ਲਈ ਮੈਦਾਨ ’ਚ ਉਤਰੇਗੀ। ਬੰਗਲਾਦੇਸ਼ ਦੀ ਟੀਮ ਤਿੰਨ ਮੈਚਾਂ ਦੀ ਲੜੀ ਵਿੱਚ ਘੱਟੋ-ਘੱਟ ਇੱਕ ਮੈਚ ਤਾਂ ਜਿੱਤਣਾ ਚਾਹੇਗੀ ਪਰ ਪਰ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲੇ ਮੈਚ ’ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਸੀ, ਉਸ ਨੂੰ ਦੇਖਦਿਆਂ ਮਹਿਮਾਨ ਟੀਮ ਲਈ ਇਹ ਕੰਮ ਸੌਖਾ ਨਹੀਂ ਹੋਵੇਗਾ। ਰਿਸ਼ਭ ਪੰਤ, ਅਕਸ਼ਰ ਪਟੇਲ ਅਤੇ ਜਸਪ੍ਰੀਤ ਬੁਮਰਾਹ ਵਰਗੇ ਅਹਿਮ ਖਿਡਾਰੀਆਂ ਨੂੰ ਆਰਾਮ ਦਿੱਤੇ ਜਾਣ ਦੇ ਬਾਵਜੂਦ ਭਾਰਤੀ ਟੀਮ ਨੇ ਗਵਾਲੀਅਰ ’ਚ ਪਹਿਲੇ ਮੈਚ ’ਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਆਪਣਾ ਦਬਦਬਾ ਕਾਇਮ ਰੱਖਿਆ। ਭਾਰਤੀ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਇਸ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗਾ। ਸੈਮਸਨ ਅਤੇ ਅਭਿਸ਼ੇਕ ਸ਼ਰਮਾ ਪਿਛਲੇ ਮੈਚ ਵਿੱਚ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕੇ। ਯਸ਼ਸਵੀ ਜੈਸਵਾਲ ਅਤੇ ਸ਼ੁਭਮਨ ਗਿੱਲ ਨੂੰ ਆਰਾਮ ਦਿੱਤੇ ਜਾਣ ਮਗਰੋਂ ਸੈਮਸਨ ਅਤੇ ਅਭਿਸ਼ੇਕ ਨੂੰ ਇਹ ਮੌਕਾ ਮਿਲਿਆ ਹੈ, ਜਿਸ ਦਾ ਉਹ ਪੂਰਾ ਫਾਇਦਾ ਉਠਾਉਣਾ ਚਾਹੁਣਗੇ। ਪਹਿਲੇ ਮੈਚ ’ਚ ਸੌਖੀ ਜਿੱਤ ਦਰਜ ਕਰਨ ਵਾਲੀ ਭਾਰਤੀ ਟੀਮ ’ਚ ਕਿਸੇ ਬਦਲਾਅ ਦੀ ਸੰਭਾਵਨਾ ਨਹੀਂ ਹੈ। -ਪੀਟੀਆਈ