ਸਿਡਨੀ: ਅੱਠ ਟਨ ਪਟਾਕਿਆਂ ਨਾਲ ਹੋਵੇਗਾ ਨਵੇਂ ਸਾਲ ਦਾ ਸਵਾਗਤ
ਗੁਰਚਰਨ ਸਿੰਘ ਕਾਹਲੋਂ
ਸਿਡਨੀ, 27 ਦਸੰਬਰ
ਇੱਥੇ ਨਵੇਂ ਸਾਲ ਦੀ ਆਮਦ ਦੇ ਜਸ਼ਨਾਂ ’ਤੇ ਕਰੀਬ ਅੱਠ ਟਨ ਪਟਾਕਿਆਂ ਲਈ 70 ਲੱਖ ਡਾਲਰ ਦਾ ਬਜਟ ਖਰਚ ਕੀਤਾ ਜਾ ਰਿਹਾ ਹੈ। ਇਸ ਨੂੰ ਦੁਨੀਆਂ ਵਿੱਚ ਨਵੇਂ ਸਾਲ ਦਾ ਸਭ ਤੋਂ ਵੱਡਾ ਜਸ਼ਨ ਮੰਨਿਆ ਜਾ ਰਿਹਾ ਹੈ।
ਸਿਡਨੀ ਸ਼ਹਿਰ ’ਚ ਬਣੇ ਪੁਲ ਹਾਰਬਰ ਬ੍ਰਿਜ ਨੇੜੇ ਹੀ ਦੁਨੀਆਂ ਦੇ ਅਜੂਬਿਆਂ ਵਿੱਚ ਸ਼ਾਮਲ ਓਪੇਰਾ ਹਾਊਸ ਬਣਿਆ ਹੋਇਆ ਹੈ। ਇਥੇ ਹੀ ਹਰ ਸਾਲ ਨਵੇਂ ਸਾਲ ਦਾ ਵੱਡਾ ਜਸ਼ਨ ਆਸਟਰੇਲੀਆ ਦੇ ਅਸਲ ਮੂਲ ਬਾਸ਼ਿੰਦੇ ਐਬੌਰਿਜਨਲ ਭਾਈਚਾਰੇ ਦੀ ਪ੍ਰਾਰਥਨਾ ਤੋਂ ਬਾਅਦ ਆਤਿਸ਼ਬਾਜ਼ੀ ਨਾਲ ਹੁੰਦਾ ਹੈ। ਇਸ ਦੀ ਇੱਕ ਝਲਕ ਦੇਖਣ ਲਈ ਦੁਨੀਆ ਦੇ ਵੱਖ-ਵੱਖ ਮੁਲਕਾਂ ਤੋਂ ਲੱਖਾਂ ਸੈਲਾਨੀਆਂ ਦੀ ਭੀੜ ਜੁੜਦੀ ਹੈ।
ਇਸ ਵਿਸ਼ਵ-ਪ੍ਰਸਿੱਧ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਨੂੰ ਦੇਖਣ ਲਈ ਸਿਡਨੀ ਹਾਰਬਰ ਦੇ ਆਲੇ-ਦੁਆਲੇ ਇਸ ਵਾਰ ਕਰੀਬ 16 ਲੱਖ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਅਨੁਮਾਨ ਹੈ। ਨਵੇਂ ਸਾਲ ਦੇ ਸਵਾਗਤ ਵਿੱਚ ਸਿਡਨੀ ਹੁਣ ਪੂਰੀ ਤਰ੍ਹਾਂ ਰੁਸ਼ਨਾਇਆ ਹੋਇਆ ਹੈ। ਸ਼ਹਿਰ ’ਚ ਸਾਲ ਦੇ ਸਭ ਤੋਂ ਵੱਡੇ ਜਸ਼ਨ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ।
ਸਿਡਨੀ ਸ਼ਹਿਰ ਦੀ ਕਰੀਬ ਦੋ ਦਹਾਕਿਆਂ ਤੱਕ ਸਭ ਤੋਂ ਲੰਮਾ ਸਮਾਂ ਸੇਵਾ ਕਰਨ ਵਾਲੀ ਲਾਰਡ ਮੇਅਰ ਮਾਰਗਰੇਟ ਮੂਰ ਨੇ ਦੱਸਿਆ ਕਿ 31 ਦਸੰਬਰ ਦੀ ਰਾਤ ਨੂੰ ਨਵਾਂ ਸਾਲ 2025 ਚੜ੍ਹਨ ਮੌਕੇ ਕਰੀਬ ਪੰਦਰਾਂ ਮਿੰਟ ਦੀ ਆਤਿਸ਼ਬਾਜ਼ੀ ਬਹੁਤ ਮਨਮੋਹਕ ਤੇ ਦਿਲਕਸ਼ ਹੋਵੇਗੀ।