ਮਾਸਕੋ, 28 ਦਸੰਬਰਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਜ਼ਾਖਸਤਾਨ ਵਿੱਚ ਇੱਕ ਅਜ਼ਰਬਾਇਜਾਨੀ ਜਹਾਜ਼ ਹਾਦਸੇ ਦੀ ਮੰਦਭਾਗੀ ਘਟਨਾ ਲਈ ਅੱਜ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਤੋਂ ਮੁਆਫ਼ੀ ਮੰਗੀ। ਇਸ ਹਾਦਸੇ ’ਚ 38 ਜਣਿਆਂ ਦੀ ਮੌਤ ਹੋ ਗਈ ਸੀ।ਜਹਾਜ਼ ਨੇ ਬੁੱਧਵਾਰ ਨੂੰ ਅਜ਼ਰਬਾਇਜਾਨ ਦੀ ਰਾਜਧਾਨੀ ਬਾਕੂ ਤੋਂ ਚੇਚਨਿਆ ਦੀ ਰਾਜਧਾਨੀ ਗ੍ਰੋਜ਼ਨੀ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁੱਝ ਸਮੇਂ ਬਾਅਦ ਇਸ ਦਾ ਰੂਟ ਬਦਲ ਦਿੱਤਾ ਗਿਆ ਅਤੇ ਕਜ਼ਾਖਸਤਾਨ ਵਿੱਚ ਉੱਤਰਨ ਦੀ ਕੋਸ਼ਿਸ਼ ਕਰਦਿਆਂ ਜਹਾਜ਼ ਹਾਦਸਾਗਸ੍ਰਤ ਹੋ ਗਿਆ। ਹਾਦਸੇ ’ਚ 38 ਲੋਕਾਂ ਦੀ ਮੌਤ ਹੋ ਗਈ ਸੀ ਅਤੇ 29 ਜਣੇ ਜ਼ਖ਼ਮੀ ਹੋ ਗਏ ਸਨ।ਅਜ਼ਰਬਾਇਜਾਨ ਦੇ ਹਮਰੁਤਬਾ ਇਲਹਾਮ ਅਲੀਯੇਵ ਨਾਲ ਫੋਨ ’ਤੇ ਕੀਤੀ ਗੱਲਬਾਤਸ਼ਨਿੱਚਰਵਾਰ ਨੂੰ ਇੱਕ ਅਧਿਕਾਰਕ ਬਿਆਨ ਵਿੱਚ ਰੂਸੀ ਰਾਸ਼ਟਰਪਤੀ ਦਫ਼ਤਰ ਦੇ ਅਧਿਕਾਰੀ ਕ੍ਰੈਮਲਿਨ ਨੇ ਕਿਹਾ ਕਿ ਬੁੱਧਵਾਰ ਨੂੰ ਯੂਕਰੇਨੀ ਡਰੋਨ ਹਮਲੇ ਕਾਰਨ ਗ੍ਰੋਜ਼ਨੀ ਨੇੜੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਗੋਲੀਬਾਰੀ ਕੀਤੀ। ਹਾਲਾਂਕਿ ਉਨ੍ਹਾਂ ਇਹ ਕਹਿਣ ਤੋਂ ਪਰਹੇਜ਼ ਕੀਤਾ ਕਿ ਜਹਾਜ਼ ਰੂਸੀ ਹਵਾਈ ਰੱਖਿਆ ਪ੍ਰਣਾਲੀ ਦੀ ਗੋਲੀਬਾਰੀ ਦਾ ਨਿਸ਼ਾਨਾ ਬਣਿਆ। ਕ੍ਰੈਮਲਿਨ ਨੇ ਰੂਸ ਦੇ ਰਾਸ਼ਟਰਪਤੀ ਅਤੇ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਦਰਮਿਆਨ ਫੋਨ ’ਤੇ ਹੋਈ ਗੱਲਬਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੁਤਿਨ ਨੇ ਅਜ਼ਰਬਾਇਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ ਤੋਂ ‘ਇਸ ਤੱਥ ਲਈ ਮੁਆਫ਼ੀ ਮੰਗੀ ਕਿ ਇਹ ਮੰਦਭਾਗੀ ਘਟਨਾ ਰੂਸੀ ਹਵਾਈ ਖੇਤਰ ’ਚ ਵਾਪਰੀ ਹੈ।’ -ਏਪੀ