ਸਵਪਨਿਲ ਨੇ ਸਫਲਤਾ ਦਾ ਸਿਹਰਾ ਪਰਿਵਾਰ ਤੇ ਕੋਚ ਸਿਰ ਬੰਨ੍ਹਿਆ
ਪੁਣੇ, 8 ਅਗਸਤ
ਪੈਰਿਸ ਓਲੰਪਿਕ ਵਿੱਚ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ ਮੁਕਾਬਲੇ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੇ ਭਾਰਤੀ ਨਿਸ਼ਾਨੇਬਾਜ਼ ਸਵਪਨਿਲ ਕੁਸਾਲੇ ਦਾ ਦੇਸ਼ ਪਰਤਣ ’ਤੇ ਭਰਵਾਂ ਸਵਾਗਤ ਕੀਤਾ ਗਿਆ। ਸਵਪਨਿਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ ਅਤੇ ਕੋਚ ਸਿਰ ਬੰਨ੍ਹਿਆ। ਕੋਹਲਾਪੁਰ ਦਾ ਸਵਪਨਿਲ ਪੈਰਿਸ ਖੇਡਾਂ ਵਿੱਚ ਹੁਣ ਤੱਕ ਦੇ ਦੋ ਵਿਅਕਤੀਗਤ ਤਗ਼ਮੇ ਜੇਤੂਆਂ ਵਿੱਚੋਂ ਇੱਕ ਰਿਹਾ ਹੈ। ਸਵਪਨਿਲ ਸ਼ਹਿਰ ਦੇ ਪ੍ਰਸਿੱਧ ਦਗੜੂਸੇਠ ਹਲਵਾਈ ਗਣਪਤੀ ਮੰਦਰ ਨਤਮਸਤਕ ਹੋਇਆ।
ਉਸ ਨੇ ਬਾਲੇਵਾੜੀ ਖੇਡ ਕੰਪਲੈਕਸ ਵਿੱਚ ਇੱਕ ਸਨਮਾਨ ਸਮਾਰੋਹ ਦੌਰਾਨ ਕਿਹਾ, ‘‘ਇਹ ਤਗ਼ਮਾ ਮੇਰਾ ਨਹੀਂ ਹੈ, ਇਹ ਪੂਰੇ ਦੇਸ਼ ਅਤੇ ਮਹਾਰਾਸ਼ਟਰ ਦਾ ਹੈ। ਇਹ ਮੇਰਾ ਸਮਰਥਨ ਕਰਨ ਵਾਲੇ ਸਾਰੇ ਲੋਕਾਂ, ਸਰਕਾਰ ਅਤੇ ਕੌਮੀ ਫੈਡਰੇਸ਼ਨ ਦਾ ਹੈ।’’ ਸਵਪਨਿਲ ਨੇ ਕਿਹਾ, ‘‘ਕੋਚ ਅਤੇ ਪਰਿਵਾਰ ਦੇ ਮੈਂਬਰ ਬਹੁਤ ਮਿਹਨਤ ਕਰਦੇ ਹਨ। ਨਾਲ ਹੀ ਉਨ੍ਹਾਂ ਬਹੁਤ ਤਿਆਗ ਕੀਤਾ ਹੈ।’’ ਉਸ ਨੇ ਕਿਹਾ, ‘‘ਖਿਡਾਰੀ ਆਪਣੀ ਸਿਖਲਾਈ ’ਤੇ ਕੰਮ ਕਰਦਾ ਹੈ ਪਰ ਜੋ ਲੋਕ ਉਸ ਦੇ ਪਿੱਛੇ ਹਨ ਉਨ੍ਹਾਂ ਨੂੰ ਬਹੁਤ ਤਿਆਗ ਕਰਨਾ ਪੈਂਦਾ ਹੈ, ਇਸ ਲਈ ਮੈਂ ਜਿੱਤ ਦਾ ਸਿਹਰਾ ਉਨ੍ਹਾਂ ਸਿਰ ਬੰਨ੍ਹਦਾ ਹਾਂ।’’ ਸਵਪਨਿਲ ਨੇ ਕਿਹਾ, ‘‘ਪਰਿਵਾਰ ਨੇ ਕਦੇ ਮੈਨੂੰ ਨਹੀਂ ਦੱਸਿਆ ਕਿ ਘਰ ਵਿੱਚ ਕੀ ਹੋ ਰਿਹਾ ਹੈ ਪਰ ਉਨ੍ਹਾਂ ਮੈਨੂੰ ਉਹ ਸਭ ਕੁੱਝ ਦਿੱਤਾ ਜੋ ਮੈਂ ਮੰਗਿਆ। ਹੁਣ ਮੈਂ ਇਹ ਯਕੀਨੀ ਬਣਾਵਾਂਗਾ ਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਮਹਿਸੂਸ ਨਾ ਹੋਵੇ।’’ ਸਵਪਨਿਲ ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ 50 ਕਿਲੋ ਭਾਰ ਵਰਗ ਦੇ ਮਹਿਲਾ ਸੋਨ ਤਗ਼ਮੇ ਦੇ ਮੈਚ ਤੋਂ ਪਹਿਲਾਂ 100 ਗ੍ਰਾਮ ਵੱਧ ਵਜ਼ਨ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ’ਤੇ ਵੀ ਹਮਦਰਦੀ ਜ਼ਾਹਿਰ ਕੀਤੀ।
ਉਸ ਨੇ ਕਿਹਾ, ‘‘ਇੰਨੀ ਮਿਹਨਤ ਮਗਰੋਂ ਸਿਰਫ ਇੱਕ ਖਿਡਾਰੀ ਹੀ ਕਲਪਨਾ ਕਰ ਸਕਦਾ ਹੈ ਕਿ ਉਹ ਕਿਸ ਦੌਰ ਵਿੱਚੋਂ ਲੰਘ ਰਹੀ ਹੋਵੇਗੀ।’’ -ਪੀਟੀਆਈ