ਸਤਲੁਜ ਦਾ ਪਾਣੀ ਸਰਹੱਦੀ ਪਿੰਡਾਂ ’ਚ ਦਾਖ਼ਲ; ਘੱਗਰ ਨੇ ਸੰਗਰੂਰ ਜ਼ਿਲ੍ਹੇ ਨੂੰ ਲਪੇਟ ’ਚ ਲਿਆ
* ਮਾਨਸਾ ਜ਼ਿਲ੍ਹੇ ’ਚ ਪੁੱਜਿਆ ਘੱਗਰ ਦਾ ਪਾਣੀ
* ਪਟਿਆਲਾ ਅਤੇ ਜਲੰਧਰ ਜ਼ਿਲ੍ਹਿਆਂ ’ਚ ਬਚਾਅ ਕਾਰਜ ਤੇਜ਼ੀ ਨਾਲ ਜਾਰੀ
ਚਰਨਜੀਤ ਭੁੱਲਰ
ਚੰਡੀਗੜ੍ਹ, 12 ਜੁਲਾਈ
ਪੰਜਾਬ ’ਚ ਹੁਣ ਘੱਗਰ ਤੇ ਸਤਲੁਜ ਦੇ ਪਾਣੀ ਨੇ ਸਰਹੱਦੀ ਪੱਟੀ ਅਤੇ ਸੰਗਰੂਰ ਜ਼ਿਲ੍ਹੇ ਨੂੰ ਲਪੇਟ ਵਿਚ ਲੈ ਲਿਆ ਹੈ। ਹਾਲਾਂਕਿ ਦੋ ਦਨਿਾਂ ਤੋਂ ਮੌਸਮ ਸਾਫ਼ ਹੈ ਪ੍ਰੰਤੂ ਦੋਵੇਂ ਦਰਿਆਵਾਂ ਦੇ ਪਾਣੀਆਂ ਨਾਲ ਤਬਾਹੀ ਰੁਕ ਨਹੀਂ ਰਹੀ ਹੈ। ਘੱਗਰ ਦਾ ਪਾਣੀ ਮਾਨਸਾ ਜ਼ਿਲ੍ਹੇ ’ਚ ਵੀ ਪਹੁੰਚ ਗਿਆ ਹੈ। ਬੇਸ਼ੱਕ ਦਰਿਆਵਾਂ ਵਿਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਖ਼ਤਰਾ ਪੂਰੀ ਤਰ੍ਹਾਂ ਟਲਿਆ ਨਹੀਂ ਹੈ। ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਜਿਸ ਨੇ ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਨੂੰ ਹਲਕੀ ਰਾਹਤ ਦਿੱਤੀ ਹੈ।
ਜਲ ਸਰੋਤ ਵਿਭਾਗ ਨੇ 10 ਜੁਲਾਈ ਨੂੰ ਕੇਂਦਰੀ ਜਲ ਸਰੋਤ ਮੰਤਰਾਲੇ ਨੂੰ ਜਾਣਕਾਰੀ ਭੇਜੀ ਸੀ ਕਿ ਸਤਲੁਜ ਦਾ ਕਰੀਬ ਦੋ ਲੱਖ ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ ਜਾਵੇਗਾ। ਨਿਯਮਾਂ ਅਨੁਸਾਰ ਜੇਕਰ 50 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਪਾਕਿਸਤਾਨ ਵੱਲ ਛੱਡਣਾ ਹੋਵੇ ਤਾਂ ਉਸ ਬਾਰੇ ਅਗੇਤੀ ਸੂਚਨਾ ਦੇਣੀ ਲਾਜ਼ਮੀ ਹੁੰਦੀ ਹੈ। ਹਰੀਕੇ ਹੈੱਡ ਵਰਕਸ ਤੋਂ ਦੋ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ ਜੋ ਅੱਗੇ ਪਾਕਿਸਤਾਨ ਦੇ ਕਸੂਰ ਅਤੇ ਮੁੜ ਹੁਸੈਨੀਵਾਲਾ ਲਾਗੇ ਦਾਖ਼ਲ ਹੁੰਦਾ ਹੈ ਤੇ ਫਿਰ ਪਾਕਿਸਤਾਨ ਵੱਲ ਜਾਂਦਾ ਹੈ।
ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ਵਿਚ ਮੀਂਹ ਬਹੁਤ ਹੀ ਘੱਟ ਪਿਆ ਹੈ ਅਤੇ ਇੱਥੇ ਸਤਲੁਜ ਦੇ ਪਾਣੀ ਦੀ ਮਾਰ ਜ਼ਰੂਰ ਵਧ ਗਈ ਹੈ। ਪ੍ਰਸ਼ਾਸਨ ਨੇ ਰਾਹਤ ਕੈਂਪ ਬਣਾਏ ਹਨ ਅਤੇ ਦਰਜਨਾਂ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ। ਤਰਨ ਤਾਰਨ ਅਤੇ ਪੱਟੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋ ਚੁੱਕਾ ਹੈ। ਭਾਰਤ-ਪਾਕਿ ਕੌਮਾਂਤਰੀ ਸੀਮਾ ’ਤੇ ਕੰਡਿਆਲੀ ਤਾਰ ਲਾਗਲੇ ਖੇਤ ਵੀ ਪ੍ਰਭਾਵਿਤ ਹੋ ਚੁੱਕੇ ਹਨ। ਇਸੇ ਤਰ੍ਹਾਂ ਘੱਗਰ ਵਿਚ ਪਾਣੀ ਘਟਿਆ ਹੈ ਪਰ ਦੋ ਦਨਿ ਪਹਿਲਾਂ ਚੱਲਿਆ ਪਾਣੀ ਮੂਨਕ-ਖਨੌਰੀ ਪੁੱਜ ਗਿਆ ਹੈ ਜਿਸ ਕਾਰਨ ਮਕਰੋੜ, ਮੰਡਵੀ ਅਤੇ ਫੂਲਦ ਪਿੰਡਾਂ ਲਾਗੇ ਘੱਗਰ ਵਿਚ ਪਾੜ ਪੈ ਗਿਆ ਹੈ। ਮੂਨਕ ਅਤੇ ਖਨੌਰੀ ਦੇ ਪਿੰਡਾਂ ਵਿਚ ਪਾਣੀ ਦਾਖ਼ਲ ਹੋਣ ਕਾਰਨ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ। ਘੱਗਰ ਨੇੜਲੇ ਖੇਤ ਪਾਣੀ ਵਿਚ ਜਲ-ਥਲ ਹੋ ਗਏ ਹਨ। ਪਟਿਆਲਾ ਜ਼ਿਲ੍ਹੇ ਵਿਚ ਹਰਿਆਣਾ ਤੋਂ ਆਉਂਦੀ ਟਾਂਗਰੀ ਨਦੀ ਵੀ ਦੋ-ਤਿੰਨ ਥਾਵਾਂ ਤੋਂ ਟੁੱਟ ਗਈ ਹੈ। ਪਟਿਆਲਾ ਦੇ ਪ੍ਰਭਾਵਿਤ ਪਿੰਡਾਂ ਵਿਚ ਰਾਹਤ ਕਾਰਜ ਮੱਠੇ ਚੱਲ ਰਹੇ ਹਨ ਜਦੋਂ ਕਿ ਸ਼ਹਿਰ ਵਿਚ ਕਾਫ਼ੀ ਤੇਜ਼ ਹਨ। ਪੌਂਗ ਡੈਮ ਵਿਚੋਂ ਬਿਆਸ ਵਿਚ ਆਇਆ ਪਾਣੀ ਹਾਲੇ ਕੰਟਰੋਲ ਹੇਠ ਹੀ ਹੈ। ਰੋਪੜ, ਪਟਿਆਲਾ, ਫ਼ਤਿਹਗੜ੍ਹ ਸਾਹਬਿ, ਮੁਹਾਲੀ ਅਤੇ ਜਲੰਧਰ ਜ਼ਿਲ੍ਹਿਆਂ ਵਿਚ ਰਾਹਤ ਕੰਮ ਚੱਲ ਰਹੇ ਹਨ ਅਤੇ ਧੁੱਸੀ ਬੰਨ੍ਹ ਵਿਚ ਪਏ ਪਾੜ ਪੂਰੇ ਜਾ ਰਹੇ ਹਨ। ਮੌਸਮ ਵਿਭਾਗ ਨੇ ਆਉਂਦੇ ਤਿੰਨ-ਚਾਰ ਦਨਿ ਰਾਹਤ ਭਰੇ ਦੱਸੇ ਹਨ ਪ੍ਰੰਤੂ 16 ਜੁਲਾਈ ਤੱਕ ਕੁੱਝ ਥਾਵਾਂ ’ਤੇ ਬਾਰਸ਼ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਿਮਾਚਲ ਪ੍ਰਦੇਸ਼ ਵਿਚ 15 ਜੁਲਾਈ ਤੋਂ ਮੁੜ ਪੈਣ ਵਾਲਾ ਮੀਂਹ ਪੰਜਾਬ ਲਈ ਚੰਗਾ ਨਹੀਂ ਹੈ ਕਿਉਂਕਿ ਇਹ ਮੀਂਹ ਡੈਮਾਂ ’ਚ ਪਾਣੀ ਦਾ ਪੱਧਰ ਵਧਾਏਗਾ। ਪੰਜਾਬ ਵਿਚ ਲੰਘੇ 24 ਘੰਟਿਆਂ ਵਿਚ ਅੱਠ ਮੌਤਾਂ ਹੋਈਆਂ ਹਨ ਜਿਸ ਨਾਲ ਮੀਹਾਂ ਦੌਰਾਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 16 ਹੋ ਗਿਆ ਹੈ। ਕੋਟਕਪੂਰਾ ਵਿਚ ਘਰ ਦੀ ਛੱਤ ਡਿੱਗਣ ਨਾਲ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਮਾਛੀਵਾੜਾ ਦੀ ਇੰਦਰਾ ਕਾਲੋਨੀ ਵਿਚ ਵੀ ਇੱਕ ਵਿਅਕਤੀ ਦੀ ਮੌਤ ਜ਼ਹਿਰੀਲੇ ਸੱਪ ਦੇ ਡੱਸਣ ਨਾਲ ਹੋਈ ਹੈ ਜੋ ਮੀਂਹ ਦੇ ਪਾਣੀ ਵਿਚ ਆਇਆ ਸੀ। ਉਧਰ ਪਟਿਆਲਾ ਅਤੇ ਫ਼ਤਿਹਗੜ੍ਹ ਸਾਹਬਿ ਜ਼ਿਲ੍ਹਿਆਂ ਵਿਚ ਦੋ-ਦੋ ਮੌਤਾਂ ਹੋਈਆਂ ਹਨ।
ਇੱਕ ਇੱਕ ਪੈਸੇ ਦੀ ਭਰਪਾਈ ਕਰਾਂਗੇ: ਮੁੱਖ ਮੰਤਰੀ
ਗੁਆਂਢੀ ਸੂਬਿਆਂ ਵੱਲੋਂ ਪਾਣੀ ਲੈਣ ਤੋਂ ਤੌਬਾ
ਪੰਜਾਬ ਸਰਕਾਰ ਨੇ ਅੱਜ ਹਰਿਆਣਾ ਤੇ ਰਾਜਸਥਾਨ ਨੂੰ ਮੀਂਹ ਦਾ ਖੁੱਲ੍ਹਾ ਪਾਣੀ ਦੇਣ ਦੀ ਪੇਸ਼ਕਸ਼ ਕੀਤੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਵਿਚ ਅੱਜ ਹਰਿਆਣਾ ਨੇ ਮੰਗ ਉਠਾਈ ਕਿ ਨਰਵਾਣਾ ਬਰਾਂਚ ਵਿਚ ਪਾਣੀ ਬੰਦ ਕਰ ਦਿੱਤਾ ਜਾਵੇ ਜਿਸ ਬਾਰੇ ਪੰਜਾਬ ਨੇ ਕੋਈ ਹੁੰਗਾਰਾ ਨਹੀਂ ਭਰਿਆ। ਰਾਜਸਥਾਨ ਨੇ ਤਿੰਨ-ਚਾਰ ਦਨਿਾਂ ਮਗਰੋਂ 14,500 ਕਿਊਸਿਕ ਪਾਣੀ ਦੀ ਮੰਗ ਉਠਾਈ ਜਿਸ ਦੇ ਹੁੰਗਾਰੇ ਵਜੋਂ ਪੰਜਾਬ ਸਰਕਾਰ ਨੇ ਪਾਣੀ ਵੱਧ ਮਾਤਰਾ ਵਿਚ ਦੇਣ ਦੀ ਗੱਲ ਆਖੀ।
ਪਾਕਿਸਤਾਨ ਨੇ ਦਿਖਾਇਆ ਖੁੱਲ੍ਹਾ ਦਿਲ
ਪਾਕਿਸਤਾਨ ਨੇ ਚੰਗੇ ਗੁਆਂਢੀ ਵਾਲਾ ਵਿਵਹਾਰ ਦਿਖਾਇਆ ਹੈ। ਜਦੋਂ ਪੰਜਾਬ ਵਿਚ ਹੜ੍ਹ ਆਏ ਹੋਏ ਹਨ ਤਾਂ ਪਾਕਿਸਤਾਨ ਨੇ ਸੁਲੇਮਾਨ ਹੈੱਡ ਵਰਕਸ ਤੋਂ 10 ਫਲੱਡ ਗੇਟ ਖੋਲ੍ਹ ਦਿੱਤੇ। ਮੁੱਖ ਇੰਜਨੀਅਰ (ਡਰੇਨਜ਼) ਐੱਚ ਐੱਸ ਮਹਿੰਦੀਰੱਤਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਫਲੱਡ ਗੇਟ ਖੋਲ੍ਹੇ ਜਾਣ ਨਾਲ ਦੱਖਣੀ ਮਾਲਵੇ ਦਾ ਪਾਣੀ ਦੇ ਕਹਿਰ ਤੋਂ ਬਚਾਅ ਹੋ ਗਿਆ ਹੈ। ਫ਼ਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕਿਹਾ ਕਿ ਫਲੱਡ ਗੇਟ ਖੋਲ੍ਹੇ ਜਾਣ ਨਾਲ ਪਾਕਿਸਤਾਨ ਵਾਲੇ ਪਾਸੇ ਨੂੰ ਪਾਣੀ ਦਾ ਵਹਾਅ ਤੇਜ਼ ਹੋਇਆ ਹੈ।