ਸਤਲੁਜ ਦੇ ਦਾਅਵੇਦਾਰ
ਅਮਰਜੀਤ ਸਿੰਘ ਅਮਨੀਤ
ਆਓ, ਇਸ ਦੇ ਨੀਰ ’ਤੇ ਹੱਕ ਜਤਾਉਣ ਵਾਲਿਓ!
ਕਿ ਖੌਲਦੇ ਸਤਲੁਜ ਨੂੰ ਗਲ ਲਾਵੋ
ਆਓ ਕਿ ਇਸ ਦੇ ਕੋਲ ਖਲੋ ਕੇ ਦਾਅਵਾ ਜਤਾਓ
ਅਸੀਂ ਸਦੀਆਂ ਤੋਂ ਇਸ ਦੇ ਕੋਲ ਹਾਂ
ਜਿਹੜੀ ਰੁੱਤ ’ਚ ਇਸ ਦੀ ਕੰਡ ਨੰਗੀ ਹੁੰਦੀ
ਅਸੀਂ ਉਦੋਂ ਵੀ ਇਸ ਦੇ ਕੋਲ ਹੁੰਦੇ
ਜਿਸ ਰੁੱਤੇ ਇਹ ਖੌਲਦਾ
ਅਸੀਂ ਉਦੋਂ ਵੀ ਇਸ ਦੇ ਕੋਲ ਹੁੰਦੇ
ਅਸੀਂ ਹੋਰ ਕੋਈ ਨਹੀਂ
ਇਸ ਦੇ ਕੰਢਿਆਂ ’ਤੇ ਉੱਗੇ ਹੋਏ ਰੁੱਖ ਹਾਂ
ਅਸੀਂ ਇਸ ਦੇ ਛੱਲਾਂ ਮਾਰਦੇ
ਲਹੂ ਰੰਗੇ ਪਾਣੀ ਨੂੰ ਵੇਖ ਕੇ ਕਿਧਰੇ ਨਹੀਂ ਗਏ
ਅਸੀਂ ਇਹਦੇ ਕੋਲ ਹੀ ਰਹੇ
ਅਸੀਂ ਇਸ ਦੇ ਕੰਢਿਆਂ ’ਤੇ ਰੁੱਖਾਂ ਵਾਂਗ ਖਲੋਤੇ ਹਾਂ
ਘਾਹ ਵਾਂਗ ਵੱਸੇ ਹੋਏ ਹਾਂ
ਜਦੋਂ ਵੀ ਇਹ ਰੁਕਿਆ
ਅਸੀਂ ਇਸ ਦੇ ਨਾਲ ਹੀ ਰੁਕ ਜਾਂਦੇ ਹਾਂ
ਅਸੀਂ ਇਸ ਦੇ ਨਾਲ ਹੀ ਵਹੇ ਹਾਂ
ਅਸੀਂ ਇਸ ਦੇ ਵਾਂਗ ਹੀ ਖੌਲੇ ਹਾਂ
ਅਸੀਂ ਹਰ ਯੁੱਧ ਇਸ ਦੇ ਸਾਹਵੇਂ ਲੜਿਆ ਹੈ
ਅਸੀਂ ਇਸ ਦੇ, ਸਾਡੇ ਪੁਰਖੇ ਇਸਦੇ ਸਨ
ਇਹ ਦਰਿਆ ਸਾਡਾ ਹੈ, ਸਾਡੇ ਪੁਰਖਿਆਂ ਦਾ ਹੈ
ਸਤਲੁਜ ਸਾਡੇ ਪੁਰਖਿਆਂ ਦਾ ਪੁਰਖਾ ਹੈ
ਤੇ ਦੂਰੋਂ ਦਾਅਵੇ ਜਤਾਉਣ ਵਾਲਿਓ!
ਇਸ ਦੀ ਦੇਹ ਚੀਰ ਚੀਰ ਕੇ
ਨਹਿਰਾਂ ਦੇ ਘੜਿਆਂ ’ਚ ਭਰ ਕੇ
ਲਿਜਾਣ ਦਾ ਸੋਚਣ ਵਾਲਿਓ
ਆਓ! ਹੁਣ ਇਸ ਦੇ ਕੰਢੇ ’ਤੇ ਖਲੋਵੋ
ਆਓ ਕਿ ਖੌਲਦੇ ਸਤਲੁਜ ਨੂੰ ਗਲ਼ ਲਾਵੋ
ਸੰਪਰਕ: 88722-66066