ਹਨੇਰਿਆਂ ਵਿਰੁੱਧ ਮਸ਼ਾਲ ਬਾਲਣ ਵਾਲਾ ਸੁਰਜੀਤ ਪਾਤਰ
ਸੁਮੀਤ ਸਿੰਘ
ਪ੍ਰਸਿੱਧ ਲੋਕ ਪੱਖੀ ਸਾਹਿਤਕਾਰ ਅਤੇ ਇਨਕਲਾਬੀ ਕਵੀ ਸੁਰਜੀਤ ਪਾਤਰ ਦੇ ਪਿਛਲੇ ਸਾਲ 11 ਮਈ 2024 ਨੂੰ ਸਦੀਵੀਂ ਵਿਛੋੜੇ ਨਾਲ ਸਮੁੱਚੇ ਸਾਹਿਤਕ ਜਗਤ, ਪੰਜਾਬੀ ਭਾਸ਼ਾ ਅਤੇ ਇਨਕਲਾਬੀ ਜਮਹੂਰੀ ਲਹਿਰ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ। ਉਨ੍ਹਾਂ ਦੇ ਦੇਹਾਂਤ ਕਾਰਨ ਪੈਦਾ ਹੋਇਆ ਖਲਾਅ ਸ਼ਾਇਦ ਕਦੇ ਵੀ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਦੇ ਵਿਛੋੜੇ ਤੋਂ ਬਾਅਦ ਪੰਜਾਬ ਵਿੱਚ ਸ਼ਾਇਦ ਹੀ ਅਜਿਹਾ ਕੋਈ ਸਾਹਿਤਕ ਸਮਾਗਮ ਹੋਇਆ ਹੋਵੇ ਜਿੱਥੇ ਸੁਰਜੀਤ ਪਾਤਰ ਅਤੇ ਉਨ੍ਹਾਂ ਦੀ ਸ਼ਾਇਰੀ ਨੂੰ ਯਾਦ ਨਾ ਕੀਤਾ ਗਿਆ ਹੋਵੇ।
14 ਜਨਵਰੀ 1945 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਪੱਤੜ ਕਲਾਂ ਵਿਖੇ ਪਿਤਾ ਹਰਭਜਨ ਸਿੰਘ ਅਤੇ ਮਾਤਾ ਗੁਰਬਖਸ਼ ਕੌਰ ਦੇ ਘਰ ਜਨਮੇ ਸੁਰਜੀਤ ਪਾਤਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਪੰਜਾਬੀ ਵਿਸ਼ੇ ਵਿੱਚ ਪੀਐੱਚ.ਡੀ. ਕਰਨ ਉਪਰੰਤ ਪੰਜਾਬ ਦੇ ਵੱਖ ਵੱਖ ਕਾਲਜਾਂ ਵਿੱਚ ਅਧਿਆਪਕ ਵਜੋਂ ਸੇਵਾਵਾਂ ਨਿਭਾਈਆਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੰਜਾਬੀ ਦੇ ਪ੍ਰੋਫੈਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ। ਉਨ੍ਹਾਂ ਨੇ ਸਥਾਪਤੀ ਵਿਰੋਧੀ ਇਨਕਲਾਬੀ ਕਵਿਤਾ ਰਾਹੀਂ ਭ੍ਰਿਸ਼ਟ ਰਾਜ ਪ੍ਰਬੰਧ, ਫ਼ਿਰਕਾਪ੍ਰਸਤੀ, ਸਮਾਜਿਕ ਅਨਿਆਂ, ਨਾਬਰਾਬਰੀ ਅਤੇ ਸਮਾਜ ਵਿਚਲੀਆਂ ਬੇਇਨਸਾਫ਼ੀਆਂ, ਵਿਤਕਰਿਆਂ ਉੱਤੇ ਪੂਰੀ ਬੇਬਾਕੀ ਨਾਲ ਉਂਗਲ ਰੱਖਦੇ ਹੋਏ ਯਥਾਰਥ ਨੂੰ ਪੇਸ਼ ਕੀਤਾ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵੱਖ ਵੱਖ ਸਮਿਆਂ ’ਤੇ ਹੁੰਦੇ ਹਕੂਮਤੀ ਤੇ ਫ਼ਿਰਕੂ ਜਬਰ ਜ਼ੁਲਮ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਅਤੇ ਆਪਣੀ ਸਾਹਿਤ ਸਿਰਜਣਾ ਰਾਹੀਂ ਪੰਜਾਬੀ ਮਾਂ ਬੋਲੀ, ਸਿੱਖਿਆ, ਲੋਕਪੱਖੀ ਸਾਹਿਤ ਤੇ ਸੱਭਿਆਚਾਰ ਦੇ ਵਿਕਾਸ ਅਤੇ ਇਨ੍ਹਾਂ ਦੇ ਪ੍ਰਚਾਰ ਤੇ ਪਸਾਰ ਵਿੱਚ ਲਗਾਤਾਰ ਵੱਡਾ ਯੋਗਦਾਨ ਪਾਇਆ। ਪ੍ਰਗਤੀਵਾਦੀ ਸ਼ਾਇਰ ਹੋਣ ਦੇ ਬਾਵਜੂਦ ਉਨ੍ਹਾਂ ਨੇ ਕਿਸੇ ਵਿਸ਼ੇਸ਼ ਵਿਚਾਰਧਾਰਾ ਜਾਂ ਫਲਸਫ਼ੇ ਨਾਲ ਜੁੜਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ।
ਉਨ੍ਹਾਂ ਨੇ ਆਪਣੀ ਸਾਹਿਤਕ ਘਾਲਣਾ ਰਾਹੀਂ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨੇਰੇ ਵਿੱਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਚੰਨ ਸੂਰਜ ਦੀ ਵਹਿੰਗੀ, ਸੁਰ-ਜ਼ਮੀਨ, ਪੱਤਝੜ ਦੀ ਪਾਜ਼ੇਬ, ਇਹ ਬਾਤ ਨਿਰੀ ਏਨੀ ਹੀ ਨਹੀਂ ਵਰਗੇ ਪ੍ਰਸਿੱਧ ਕਾਵਿ ਸੰਗ੍ਰਹਿ ਅਤੇ ਕਈ ਹੋਰ ਮਕਬੂਲ ਪ੍ਰਗਤੀਵਾਦੀ ਕਵਿਤਾਵਾਂ, ਗ਼ਜ਼ਲਾਂ ਦੇ ਸੰਗ੍ਰਹਿ ਦੀ ਸਿਰਜਣਾ ਕੀਤੀ। ਉਨ੍ਹਾਂ ਨੂੰ ਭਾਰਤ ਸਰਕਾਰ ਦੇ ਕੌਮੀ ਪੁਰਸਕਾਰ ਪਦਮ ਸ੍ਰੀ ਅਤੇ ਭਾਰਤੀ ਸਾਹਿਤ ਅਕਾਦਮੀ ਐਵਾਰਡ ਸਮੇਤ ਦੇਸ਼ ਵਿਦੇਸ਼ ਦੀਆਂ ਕਈ ਨਾਮਵਰ ਸਾਹਿਤਕ ਸੰਸਥਾਵਾਂ ਵੱਲੋਂ ਉੱਚ ਇਨਾਮ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਹ ਕਈ ਪ੍ਰਸਿੱਧ ਸਾਹਿਤਕ ਸੰਸਥਾਵਾਂ, ਅਕਾਦਮੀਆਂ ਦੇ ਪ੍ਰਧਾਨ ਵੀ ਰਹੇ ਅਤੇ ਆਖ਼ਰੀ ਸਮੇਂ ਵੀ ਉਹ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ।
ਪਿਛਲੇ ਸਾਲ 21 ਫਰਵਰੀ ਤੋਂ 25 ਫਰਵਰੀ ਤੱਕ ਖਾਲਸਾ ਕਾਲਜ, ਅੰਮ੍ਰਿਤਸਰ ਵਿਖੇ ਲੱਗੇ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਵਿੱਚ 22 ਫਰਵਰੀ ਨੂੰ ਸੁਰਜੀਤ ਪਾਤਰ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ। ਕਵੀ ਦਰਬਾਰ ਦੀ ਪ੍ਰਧਾਨਗੀ ਕਰਨ ਅਤੇ ਪ੍ਰੋਗਰਾਮ ਸਮਾਪਤੀ ਤੋਂ ਬਾਅਦ ਮੇਰੀ ਇੱਕ ਬੇਨਤੀ ਉੱਤੇ ਹੀ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਬੁੱਕ ਸਟਾਲ ’ਤੇ ਆਮਦ ਕੀਤੀ। ਇਸ ਮੌਕੇ ਉਨ੍ਹਾਂ ਨੇ ਤਰਕਸ਼ੀਲ ਸੁਸਾਇਟੀ ਵੱਲੋਂ ਡੇਢ ਦਹਾਕਾ ਪਹਿਲਾਂ ਅੰਧ-ਵਿਸ਼ਵਾਸਾਂ ਅਤੇ ਪਾਖੰਡੀ ਬਾਬਿਆਂ ਖ਼ਿਲਾਫ਼ 13 ਕਿਸ਼ਤਾਂ ਵਿੱਚ ਬਣਾਏ ਟੀਵੀ ਲੜੀਵਾਰ ‘ਤਰਕ ਦੀ ਸਾਣ ’ਤੇ’ ਵਿੱਚ ਆਪਣੇ ਵੱਲੋਂ ਲਿਖੇ ਟਾਈਟਲ ਗੀਤ ‘ਕੁਝ ਨਹੀਂ ਬਸ ਭਰਮਾਂ ਦਾ ਅੰਧਕਾਰ ਹੈ/ ਸੋਚ ਸਾਡੀ ਹੀ ਸਦੀਆਂ ਤੋਂ ਬਿਮਾਰ ਹੈ/ ਕੂੜ ਤੇ ਦੰਭ ਦੀ ਹਾਮੀ ਨਾ ਭਰਿਆ ਕਰੋ/ ਅਸਲ ਕੀ ਹੈ ਸੱਚ ਦੀ ਪਰਖ ਕਰਿਆ ਕਰੋ/ ਇਲਮ ਨੂੰ, ਅਕਲ ਨੂੰ, ਗਿਆਨ ਨੂੰ, ਸੋਚ ਨੂੰ/ ਤਰਕ ਦੀ ਸਾਣ ’ਤੇ ਤੇਜ਼ ਕਰਿਆ ਕਰੋ” ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਉਸ ਵਕਤ ਵਿਦੇਸ਼ ਜਾਣ ਦਾ ਪਹਿਲਾਂ ਤੋਂ ਹੀ ਨਿਰਧਾਰਤ ਪ੍ਰੋਗਰਾਮ ਹੋਣ ਕਰਕੇ ਉਨ੍ਹਾਂ ਕੋਲ ਟਾਈਟਲ ਗੀਤ ਲਿਖਣ ਦਾ ਬਿਲਕੁਲ ਸਮਾਂ ਨਹੀਂ ਸੀ, ਪਰ ਤਰਕਸ਼ੀਲ ਸੁਸਾਇਟੀ ਦੀਆਂ ਵਿਗਿਆਨਕ ਚੇਤਨਾ ਦੇ ਖੇਤਰ ਵਿੱਚ ਲਗਾਤਾਰ ਸਰਗਰਮੀਆਂ ਅਤੇ ਟੀਵੀ ਲੜੀਵਾਰ ਦੇ ਵੱਡੇ ਪ੍ਰੋਜੈਕਟ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਕੁਝ ਘੰਟਿਆਂ ਵਿੱਚ ਹੀ ਉਹ ਗੀਤ ਲਿਖ ਕੇ ਭੇਜ ਦਿੱਤਾ ਸੀ ਜਿਸ ਨੂੰ ਬਾਅਦ ਵਿੱਚ ਪ੍ਰਸਿੱਧ ਗਾਇਕ ਹਰਿੰਦਰ ਸੋਹਲ ਅਤੇ ਆਂਚਲ ਦੀ ਆਵਾਜ਼ ਵਿੱਚ ਅੰਮ੍ਰਿਤਸਰ ਵਿਖੇ ਰਿਕਾਰਡ ਕੀਤਾ ਗਿਆ ਸੀ। ਇਸ ਮੌਕੇ ਉਹ ਇੱਕ ਆਮ ਪਾਠਕ ਵਾਂਗ ਵੱਖ ਵੱਖ ਕਿਤਾਬਾਂ ਫਰੋਲਦੇ ਹੋਏ ਲੰਮਾ ਸਮਾਂ ਤਰਕਸ਼ੀਲ ਸਾਥੀਆਂ ਨਾਲ ਗੱਲਬਾਤ ਕਰਦੇ ਰਹੇ।
ਉਨ੍ਹਾਂ ਦੇ ਸੁਭਾਅ ਵਿੱਚ ਮਿਲਾਪੜਾਪਣ, ਸਹਿਜ ਅਤੇ ਸਾਦਗੀ ਉਨ੍ਹਾਂ ਦੀ ਸ਼ਖ਼ਸੀਅਤ ਦੇ ਬਿਹਤਰੀਨ ਗੁਣ ਸਨ। ਕੌਮਾਂਤਰੀ ਪ੍ਰਸਿੱਧ ਸ਼ਾਇਰ ਹੋਣ ਦੇ ਬਾਵਜੂਦ ਉਨ੍ਹਾਂ ਦੀ ਗੱਲਬਾਤ ਵਿੱਚ ਅੰਤਾਂ ਦੀ ਹਲੀਮੀ, ਮਿਠਾਸ ਅਤੇ ਨਿਮਰਤਾ ਝਲਕਦੀ ਸੀ। ਉਨ੍ਹਾਂ ਕੋਲ ਜਿੱਥੇ ਸਰੋਤਿਆਂ ਨੂੰ ਆਪਣੇ ਸੰਵੇਦਨਸ਼ੀਲ ਸ਼ਬਦਾਂ ਨਾਲ ਕੀਲ ਲੈਣ ਦਾ ਹੁਨਰ ਸੀ, ਉੱਥੇ ਹੀ ਲੋਕ ਮਨਾਂ ਨੂੰ ਝੰਜੋੜਦੇ ਪ੍ਰਗਤੀਵਾਦੀ ਵਿਚਾਰਾਂ ਦਾ ਇੱਕ ਅਥਾਹ ਭੰਡਾਰ ਸੀ ਜਿਸ ਨੂੰ ਉਨ੍ਹਾਂ ਨੇ ਸਮਾਜ ਅਤੇ ਸਮੁੱਚੀ ਲੋਕਾਈ ਨੂੰ ਸਹੀ ਸੇਧ ਦੇਣ ਲਈ ਪ੍ਰਯੋਗ ਕੀਤਾ। ਉਨ੍ਹਾਂ ਨੂੰ ਮਿਲਣ ਵੇਲੇ ਇਹ ਲੱਗਦਾ ਹੀ ਨਹੀਂ ਸੀ ਕਿ ਅਸੀਂ ਕਿਸੇ ਉੱਚ ਕੋਟੀ ਦੇ ਮਹਾਨ ਸਾਹਿਤਕਾਰ ਨੂੰ ਮਿਲ ਰਹੇ ਹੋਈਏ। ਉਨ੍ਹਾਂ ਦਾ ਸੁਭਾਅ ਹੀ ਕੁਝ ਐਸਾ ਸੀ ਕਿ ਹਰ ਕੋਈ ਉਨ੍ਹਾਂ ਨਾਲ ਘੰਟਿਆਂਬੱਧੀ ਗੱਲਾਂ ਕਰਨੀਆਂ ਅਤੇ ਸੁਣਨੀਆਂ ਚਾਹੁੰਦਾ ਸੀ। ਜਿਸ ਸਾਹਿਤਕ ਸਮਾਗਮ ਜਾਂ ਕਵੀ ਦਰਬਾਰ ਵਿੱਚ ਸੁਰਜੀਤ ਪਾਤਰ ਦੀ ਸ਼ਮੂਲੀਅਤ ਹੁੰਦੀ ਸੀ, ਉਹ ਆਪਣੇ ਆਪ ਵਿੱਚ ਹੀ ਸਫ਼ਲ ਸਮਾਗਮ ਗਿਣਿਆ ਜਾਂਦਾ ਸੀ। ਉਹ ਖ਼ੁਦ ਵੀ ਸਾਹਿਤਕ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਖ਼ੁਸ਼ ਹੁੰਦੇ ਸਨ ਅਤੇ ਆਪਣੇ ਰੁਝੇਵਿਆਂ ਦੇ ਬਾਵਜੂਦ ਸੱਦਾ ਦੇਣ ਵਾਲੀਆਂ ਸਾਹਿਤਕ ਸੰਸਥਾਵਾਂ ਨੂੰ ਕਦੇ ਨਾਂਹ ਨਹੀਂ ਕਰਦੇ ਸਨ।
ਸਾਲ 2013 ਅਤੇ 2015 ਵਿੱਚ ਫ਼ਿਰਕੂ ਅਨਸਰਾਂ ਵੱਲੋਂ ਤਰਕਸ਼ੀਲ ਬੁੱਧੀਜੀਵੀਆਂ ਡਾ. ਦਾਭੋਲਕਰ, ਪ੍ਰੋ. ਕਲਬੁਰਗੀ, ਗੋਵਿੰਦ ਪਨਸਾਰੇ ਅਤੇ ਗੌਰੀ ਲੰਕੇਸ਼ ਦੇ ਕੀਤੇ ਕਤਲਾਂ ਦੇ ਸਖ਼ਤ ਰੋਸ ਵਜੋਂ ਮੁਲਕ ਦੇ ਪ੍ਰਸਿੱਧ ਸਾਹਿਤਕਾਰਾਂ, ਨਾਟਕਕਾਰਾਂ, ਬੁੱਧੀਜੀਵੀਆਂ ਅਤੇ ਸਿੱਖਿਆ ਸ਼ਾਸਤਰੀਆਂ ਵੱਲੋਂ ਸਰਕਾਰ ਨੂੰ ਆਪਣੇ ਐਵਾਰਡ ਵਾਪਸ ਕੀਤੇ ਗਏ ਸਨ ਜਿਸ ਵਿੱਚ ਸੁਰਜੀਤ ਪਾਤਰ ਵੀ ਸ਼ਾਮਿਲ ਸਨ। ਇਸੇ ਤਰ੍ਹਾਂ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਤੇ ਕੀਤੇ ਤਸ਼ੱਦਦ ਅਤੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਵਜੋਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਆਪਣਾ ਪਦਮ ਸ੍ਰੀ ਐਵਾਰਡ ਵਾਪਸ ਕਰ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਕਈ ਕਵਿਤਾਵਾਂ, ਗ਼ਜ਼ਲਾਂ ਅਤੇ ਲੇਖ ਲਿਖ ਕੇ ਲੋਕਪੱਖੀ ਸਾਹਿਤਕਾਰ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਸੁਰਜੀਤ ਪਾਤਰ ਦੀ ਸ਼ਾਇਰੀ ਨੇ ਭਾ’ਜੀ ਗੁਰਸ਼ਰਨ ਸਿੰਘ, ਕੇਵਲ ਧਾਲੀਵਾਲ, ਡਾ. ਸਵਰਾਜਬੀਰ, ਡਾ. ਸਾਹਿਬ ਸਿੰਘ, ਅਨੀਤਾ ਸ਼ਬਦੀਸ਼ ਅਤੇ ਕਈ ਹੋਰ ਨਾਟਕਕਾਰਾਂ ਦੇ ਕਈ ਨਾਟਕਾਂ ਨੂੰ ਇਨਕਲਾਬੀ ਦਿੱਖ ਅਤੇ ਮਕਬੂਲੀਅਤ ਪ੍ਰਦਾਨ ਕੀਤੀ ਅਤੇ ਦਰਸ਼ਕਾਂ ਤੇ ਪਾਠਕਾਂ ਵਿੱਚ ਲੋਕਪੱਖੀ ਸਮਾਜਿਕ, ਸਭਿਆਚਾਰਕ, ਵਿਗਿਆਨਕ ਤੇ ਸਿਆਸੀ ਚੇਤਨਾ ਪ੍ਰਫੁੱਲਿਤ ਕਰਨ ਤੋਂ ਇਲਾਵਾ ਆਪਣੇ ਹੱਕਾਂ ਦੀ ਰਾਖੀ ਲਈ ਸੰਘਰਸ਼ ਦੀ ਭਾਵਨਾ ਵਿਕਸਤ ਕੀਤੀ।
ਪਿਛਲੇ ਸਾਲ ਇੱਕ ਮਈ ਨੂੰ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ ਦੀ 41ਵੀਂ ਨਾਟਕਾਂ ਅਤੇ ਗੀਤਾਂ ਭਰੀ ਰਾਤ ਦੇ ਇਨਕਲਾਬੀ ਸਮਾਗਮ ਵਿੱਚ ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਮਾਈਕ ਉੱਤੇ ਮੋਬਾਈਲ ਵਿੱਚ ਰਿਕਾਰਡ ਕੀਤੀ ਸੁਰਜੀਤ ਪਾਤਰ ਦੀ ਬਹੁਤ ਹੀ ਮਕਬੂਲ ਕਵਿਤਾ ‘ਉੱਠ ਜਗਾ ਦੇ ਮੋਮਬੱਤੀਆਂ, ਇਹ ਤਾਂ ਏਥੇ ਵਗਦੀਆਂ ਹੀ ਰਹਿਣੀਆਂ ਪੌਣਾਂ ਕੁਪੱਤੀਆਂ’ ਦਰਸ਼ਕਾਂ ਨੂੰ ਸੁਣਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਖਚਾਖਚ ਭਰੇ ਬਲਰਾਜ ਸਾਹਨੀ ਰੰਗਮੰਚ ਭਵਨ ਦੇ ਓਪਨ ਥੀਏਟਰ ਵਿੱਚ ਇਸ ਵਿਲੱਖਣ ਪੇਸ਼ਕਾਰੀ ਦੌਰਾਨ ਨਾਮਵਰ ਵਿਦਵਾਨ ਡਾ. ਅਰੀਤ, ਅਮੋਲਕ ਸਿੰਘ, ਕੰਵਲਜੀਤ ਖੰਨਾ, ਰਾਮ ਕੁਮਾਰ ਭਦੌੜ ਸਮੇਤ ਪਲਸ ਮੰਚ ਦੇ ਸਮੂਹ ਸਮਰਪਿਤ ਆਗੂ ਸਟੇਜ ਉੱਤੇ ਜਗਦੀਆਂ ਮੋਮਬੱਤੀਆਂ ਫੜੀ ਦੁਨੀਆ ਭਰ ਦੇ ਕਿਰਤੀ ਵਰਗ ਨੂੰ ਸਾਮਰਾਜੀ ਜਬਰ ਦੇ ਹਨੇਰਿਆਂ ਖ਼ਿਲਾਫ਼ ਉੱਠ ਖੜ੍ਹਨ ਦਾ ਹੋਕਾ ਦੇ ਰਹੇ ਸਨ ਅਤੇ ਹਾਲ ਵਿੱਚ ਹਾਜ਼ਰ ਮਿਹਨਤਕਸ਼ ਵਰਗਾਂ ਦੇ ਹਜ਼ਾਰਾਂ ਲੋਕ ਖੜ੍ਹੇ ਹੋ ਕੇ ਸਮੂਹ ਕਿਰਤੀਆਂ ਅਤੇ ਕਾਫ਼ਲੇ ’ਚੋਂ ਵਿਛੜ ਗਏ ਸਾਥੀਆਂ ਦੀ ਕੁਰਬਾਨੀ ਨੂੰ ਸਿਜਦਾ ਕਰ ਰਹੇ ਸਨ। ਹਾਲ ਵਿੱਚ ਇਸ ਕਦਰ ਸੰਨਾਟਾ ਛਾਇਆ ਹੋਇਆ ਸੀ ਜਿਵੇਂ ਸੁਰਜੀਤ ਪਾਤਰ ਖ਼ੁਦ ਇਹ ਕਵਿਤਾ ਗੁਣਗੁਣਾ ਰਹੇ ਹੋਣ। ਦਰਅਸਲ, ਪਿਛਲੇ ਕੁਝ ਸਾਲਾਂ ਤੋਂ ਵੱਖ ਵੱਖ ਸਾਹਿਤਕ ਸਮਾਗਮਾਂ ਵਿੱਚ ਸਰੋਤਿਆਂ ਵੱਲੋਂ ਸੁਰਜੀਤ ਪਾਤਰ ਤੋਂ ਅਕਸਰ ਇਹੀ ਇਨਕਲਾਬੀ ਕਵਿਤਾ ਤਰੰਨੁਮ ਵਿੱਚ ਗਾਉਣ ਦੀ ਫਰਮਾਇਸ਼ ਕੀਤੀ ਜਾਂਦੀ ਸੀ ਅਤੇ ਉਹ ਕਦੇ ਨਾਂਹ ਵੀ ਨਹੀਂ ਕਰਦੇ ਸਨ। ਬਰਨਾਲੇ ਵਿਖੇ ਆਪਣੇ ਆਖ਼ਰੀ ਸਾਹਿਤਕ ਸਮਾਗਮ ਵਿੱਚ ਵੀ ਉਨ੍ਹਾਂ ਨੇ ਇਹੀ ਕਵਿਤਾ ਤਰੰਨੁਮ ਵਿੱਚ ਗਾ ਕੇ ਦਰਸ਼ਕਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਹੋਕਾ ਦਿੱਤਾ ਸੀ। ਪੰਜਾਬ ਦੀਆਂ ਸਿਰਮੌਰ ਲੋਕਪੱਖੀ, ਜਮਹੂਰੀ ਪ੍ਰਗਤੀਸ਼ੀਲ ਸਾਹਿਤਕ ਸੰਸਥਾਵਾਂ ਅਤੇ ਜਨਤਕ ਜਥੇਬੰਦੀਆਂ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸੁਰਜੀਤ ਪਾਤਰ ਸਮੁੱਚੇ ਸਾਹਿਤ ਜਗਤ ਵਿੱਚ ਹਮੇਸ਼ਾਂ ਮਘਦਾ ਸੂਰਜ ਬਣ ਕੇ ਚਮਕਦਾ ਰਹੇ ਅਤੇ ਸਾਡੇ ਚੇਤਿਆਂ ਵਿੱਚ ਹਮੇਸ਼ਾਂ ਜਿਉਂਦਾ ਰਹੇ।
ਸੰਪਰਕ: 76960-30173