For the best experience, open
https://m.punjabitribuneonline.com
on your mobile browser.
Advertisement

ਤੇਰਾ ਸਿੰਘ ਚੰਨ: ਇੱਕ ਲਾਸਾਨੀ ਮਨੁੱਖ

06:10 AM Jan 12, 2025 IST
ਤੇਰਾ ਸਿੰਘ ਚੰਨ  ਇੱਕ ਲਾਸਾਨੀ ਮਨੁੱਖ
ਤੇਰਾ ਸਿੰਘ ਚੰਨ
Advertisement

Advertisement

ਡਾ. ਅਮੀਰ ਸੁਲਤਾਨਾ

Advertisement

ਤੇਰਾ ਸਿੰਘ ਚੰਨ (ਸਾਡੇ ਦਾਰ ਜੀ) ਨੂੰ ਮੈਂ ਪਹਿਲੀ ਵਾਰ 1979 ਦੇ ਸ਼ੁਰੂ ਵਿੱਚ ਬਾਰਾਂਖੰਭਾ ਰੋਡ, ਨਵੀਂ ਦਿੱਲੀ ਵਿਚਲੇ ਰੂਸੀ ਸਫ਼ਾਰਤਖ਼ਾਨੇ ਦੇ ਇਨਫਰਮੇਸ਼ਨ ਸੈਂਟਰ ਵਿੱਚ ਮਿਲੀ ਸੀ, ਜਿੱਥੇ ਮੇਰੇ ਪਿਤਾ ਗ਼ੁਲਾਮ ਹੈਦਰ ਨੇ ਕਈ ਨਾਮਵਰ ਸ਼ਖ਼ਸੀਅਤਾਂ ਨਾਲ ਮੇਰੀ ਜਾਣ-ਪਛਾਣ ਕਰਵਾਈ ਸੀ। ਹੋਰਨਾਂ ਤੋਂ ਇਲਾਵਾ ਇਨ੍ਹਾਂ ਵਿੱਚ ਭੀਸ਼ਮ ਸਾਹਨੀ ਤੇ ਤੇਰਾ ਸਿੰਘ ਚੰਨ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਵੀ ਹਿੱਸਾ ਲਿਆ ਸੀ ਅਤੇ ਅਜੇ ਵੀ ਆਪਣੇ ਢੰਗ ਨਾਲ ਊਚ-ਨੀਚ ਤੋਂ ਮੁਕਤ ਨਿਆਂਪੂਰਨ ਸਮਾਜ ਦੀ ਉਸਾਰੀ ਲਈ ਕੰਮ ਕਰ ਰਹੇ ਸਨ। ਮੈਂ ਇਨ੍ਹਾਂ ਨੂੰ ਮਿਲ ਕੇ ਬਹੁਤ ਮੁਤਾਸਰ ਹੋਈ ਸਾਂ।
ਦੂਜੀ ਵਾਰ ਮੈਂ 1988 ਵਿੱਚ ਆਪਣੇ ਮਾਪਿਆਂ ਸਮੇਤ ਉਨ੍ਹਾਂ ਨੂੰ (ਸੀ.ਪੀ.ਆਈ. ਦੇ ਦਿੱਲੀ ਵਿਚਲੇ ਮੁੱਖ ਦਫ਼ਤਰ) ਅਜੈ ਭਵਨ ਵਿੱਚ ਉਦੋਂ ਮਿਲੀ ਜਦੋਂ ਸੀਨੀਅਰ ਪਾਰਟੀ ਆਗੂਆਂ ਦੀ ਹਾਜ਼ਰੀ ਵਿੱਚ ਦਾਰ ਜੀ ਦੇ ਬੇਟੇ ਦਿਲਦਾਰ ਨਾਲ ਮੇਰੀ ਸ਼ਾਦੀ ਦੀ ਤਾਰੀਖ਼ ਨਿਸ਼ਚਿਤ ਕੀਤੀ ਜਾਣੀ ਸੀ। ਇਸ ਸਮੇਂ ਮੇਰੇ ਮਾਪਿਆਂ ਨੂੰ ਨਿਸ਼ਚਿੰਤ ਹੋਣ ਦਾ ਭਰੋਸਾ ਦੁਆਉਂਦਿਆਂ ਜਿਵੇਂ ਦਾਰ ਜੀ ਨੇ ਗੱਲਬਾਤ ਕੀਤੀ, ਉਨ੍ਹਾਂ ਦੇ ਉਸ ਅੰਦਾਜ਼ ਤੋਂ ਵੀ ਮੈਂ ਬਹੁਤ ਪ੍ਰਭਾਵਿਤ ਹੋਈ ਸੀ। ਮੈਨੂੰ ਹੁਣ ਵੀ ਯਾਦ ਹੈ ਮੇਰੀ ਅੰਮੀ ਨੂੰ ਮੁਖਾਤਬ ਹੁੰਦਿਆਂ ਉਨ੍ਹਾਂ ਕਿਹਾ ਸੀ, ‘‘ਸਕੀਨਾ ਜੀ, ਆਪ ਫ਼ਿਕਰ ਨਾ ਕਰੇਂ, ਮੇਰੀ ਭੀ ਤੀਨ ਬੇਟੀਆਂ ਹੈਂ, ਚੌਥੀ ਬੜੀ ਬਹੂ ਹੈ, ਸਾਡੀ ਇੱਕ ਹੋਰ ਧੀ ਵਧ ਜਾਊਗੀ।’’ ਮਾਪਿਆਂ ਨੂੰ ਕੁਝ ਸੰਸਾ ਤਾਂ ਹੁੰਦਾ ਹੀ ਹੈ ਕਿ ਸਹੁਰਿਆਂ ਦੇ ਘਰ ਉਨ੍ਹਾਂ ਦੀ ਧੀ ਕਿਵੇਂ ਰਹੇਗੀ? ਦਾਰ ਜੀ ਮੇਰੇ ਮਾਪਿਆਂ ਨੂੰ ਤਸੱਲੀ ਦੇ ਰਹੇ ਸਨ। ਦਰਅਸਲ, ਪੰਜਾਬ ਉਦੋਂ ਸਿਆਸੀ ਤੌਰ ’ਤੇ ਬਹੁਤ ਗੜਬੜ ਵਾਲੀ ਹਾਲਤ ਵਿੱਚੋਂ ਲੰਘ ਰਿਹਾ ਸੀ। ਇਸ ਲਈ ਹਰ ਕੋਈ ਪੰਜਾਬ ਦੀ ਹਾਲਤ ਬਾਰੇ ਜਾਣ ਕੇ ਕੁਝ ਤਣਾਅ ਮਹਿਸੂਸ ਕਰਦਾ ਸੀ। ਅਸੀਂ ਦੇਖਿਆ ਸੀ ਕਿ ਲੋਕ ਪੰਜਾਬ ਛੱਡ ਕੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਜਾ ਰਹੇ ਸਨ। ਇਸ ਦੇ ਉਲਟ ਸ਼ਾਦੀ ਮਗਰੋਂ ਮੈਂ ਪੰਜਾਬ ਜਾਣਾ ਸੀ, ਇਸੇ ਗੱਲ ਦਾ ਮੇਰੇ ਮਾਪਿਆਂ ਨੂੰ ਫ਼ਿਕਰ ਸੀ। ਸਾਡੀ ਸ਼ਾਦੀ ਦੇ ਸਬੰਧ ਵਿੱਚ ਦਾਰ ਜੀ ਨੇ ਜੋ ਫਰਾਖ਼ਦਿਲੀ ਦਿਖਾਈ, ਉਹ ਮਿਸਾਲੀ ਸੀ। ਉਨ੍ਹਾਂ ਨੇ ਖਿੜੇ ਮੱਥੇ ਬੱਚਿਆਂ ਦੇ ਫ਼ੈਸਲੇ ਉੱਤੇ ਪ੍ਰਵਾਨਗੀ ਦੀ ਮੋਹਰ ਲਾਈ। ਸ਼ਾਦੀ ਦੀ ਰਿਸੈਪਸ਼ਨ ਲਈ ਜੋ ਸੱਦਾ ਪੱਤਰ ਉਨ੍ਹਾਂ ਛਪਵਾ ਕੇ ਭੇਜਿਆ ਉਸ ਦੀ ਇਬਾਰਤ ਵੀ ਵੇਖਣ ਵਾਲੀ ਹੈ:
ਆਓ ਰਲ਼ ਕੇ ਖੁਸ਼ੀ ਮਨਾਈਏ
ਸਾਡੇ ਦਿਲਦਾਰ ਤੇ ਅਮੀਰ ਸੁਲਤਾਨਾ ਨੇ ਆਪੋ ਆਪਣੀ ਪਸੰਦ ਅਨੁਸਾਰ 21 ਅਕਤੂਬਰ 1988 ਨੂੰ ਅਦਾਲਤੀ ਪ੍ਰਵਾਨਗੀ ਨਾਲ ਆਪਣੇ ਵਿਆਹੁਤਾ ਜੀਵਨ ਦਾ ਸ਼ੁਭ ਆਰੰਭ ਕੀਤਾ ਹੈ। ਆਪਣੀ ਤੇ ਬੱਚਿਆਂ ਦੀ ਇਸ ਖੁਸ਼ੀ ਨੂੰ ਆਪਣੇ ਸਾਕਾਂ ਸਬੰਧੀਆਂ, ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਨ ਲਈ ਅਸੀਂ ਤੁਹਾਨੂੰ 23 ਅਕਤੂਬਰ ਐਤਵਾਰ ਬਾਅਦ ਸ਼ਾਮ 7 ਵਜੇ, ਰਾਤ ਦੇ ਖਾਣੇ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਂਦੇ ਹਾਂ।
ਉਡੀਕਵਾਨ ਬਸੰਤ ਕੌਰ, ਤੇਰਾ ਸਿੰਘ ਚੰਨ, 3152, ਸੈਕਟਰ 38-ਡੀ, ਚੰਡੀਗੜ੍ਹ।

ਆਪਣੀ ਪਤਨੀ, ਪੋਤੇ ਪੋਤੀਆਂ ਅਤੇ ਦੋਹਤੇ ਦੋਹਤੀਆਂ ਨਾਲ। ਫੋਟੋਆਂ: ਲੇਖਕ

ਇਹ ਇਬਾਰਤ ਏਨੀ ਅਰਥ ਭਰਪੂਰ ਤੇ ਵਧੀਆ ਸੀ ਕਿ ਇਸ ਦੀ ਬਹੁਤ ਪ੍ਰਸ਼ੰਸਾ ਹੋਈ ਅਤੇ ਇੱਕ ਅਖ਼ਬਾਰ ਨੇ ਤਾਂ ਇਸ ਨੂੰ ਨਵੀਂ ਸੋਚ ਦੀ ਵੰਨਗੀ ਦੇ ਰੂਪ ਵਿੱਚ ਛਾਪਿਆ ਵੀ। ਦਾਰ ਜੀ ਦੇ ਰਿਸ਼ਤੇਦਾਰਾਂ, ਮਿੱਤਰ ਪਿਆਰਿਆਂ ਤੇ ਸਨੇਹੀਆਂ ਦਾ ਘੇਰਾ ਬਹੁਤ ਵਿਸ਼ਾਲ ਸੀ ਅਤੇ ਉਹ ਸਭ ਸਾਡੀ ਰਿਸੈਪਸ਼ਨ ’ਤੇ ਹੁੰਮ-ਹੁਮਾ ਕੇ ਪਹੁੰਚੇ। ਦਾਰ ਜੀ ਦੇ ਵਡੇਰੇ ਪਰਿਵਾਰ ਦੇ ਸਭਨਾਂ ਜੀਆਂ ਅਤੇ ਰਿਸ਼ਤੇਦਾਰਾਂ ਸਮੇਤ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿਚਲੇ ਲੇਖਕਾਂ ਕਲਾਕਾਰਾਂ ਵੱਲੋਂ ਉਨ੍ਹਾਂ ਨੂੰ ਮਿਲਦਾ ਅਥਾਹ ਪਿਆਰ ਸਤਿਕਾਰ ਦੇਖ ਕੇ ਰਿਸੈਪਸ਼ਨ ਉੱਤੇ ਹੈਦਰਾਬਾਦ ਤੋਂ ਚੰਡੀਗੜ੍ਹ ਆਏ ਮੇਰੇ ਮਾਪੇ ਤੇ ਰਿਸ਼ਤੇਦਾਰ ਵੱਡੀ ਤਸੱਲੀ ਨਾਲ ਪਰਤੇ ਸਨ।
ਆਪਣੀ ਸ਼ਾਦੀ ਤੋਂ ਪਹਿਲਾਂ ਮੈਨੂੰ ਦਾਰ ਜੀ ਦੇ ਉੱਘੇ ਪੰਜਾਬੀ ਲੇਖਕ ਜਾਂ ਪੰਜਾਬ ਵਿੱਚ ਇਪਟਾ ਦੇ ਬਾਨੀ ਹੋਣ ਦੇ ਰੁਤਬੇ ਦਾ ਬਹੁਤਾ ਅਹਿਸਾਸ ਨਹੀਂ ਸੀ। ਸਮੇਂ ਦੇ ਬੀਤਣ ਨਾਲ ਮੈਨੂੰ ਪਤਾ ਲੱਗਦਾ ਗਿਆ ਕਿ ਉਹ ਇਪਟਾ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਆਪਣੇ ਕੰਮ ਕਰਕੇ ਬਹੁਤ ਪ੍ਰਸਿੱਧ ਹਨ; ਅਤੇ ਇਹ ਵੀ ਕਿ ਉਹ ਬਹੁਤ ਉੱਚੀਆਂ ਸੁੱਚੀਆਂ ਕਦਰਾਂ-ਕੀਮਤਾਂ ਨੂੰ ਪਰਨਾਏ ਬਹੁਤ ਮਿੱਠ ਬੋਲੜੇ ਤੇ ਸ਼ਾਂਤ ਸੁਭਾਅ ਵਾਲੇ ਵਿਅਕਤੀ ਹਨ। ਮੈਂ ਆਪਣੇ ਤਜਰਬੇ ਤੋਂ ਇਹ ਵੀ ਜਾਣਿਆ ਕਿ ਆਪਣੇ ਅਗਾਂਹਵਧੂ ਵਿਸ਼ਵਾਸ ਤੇ ਵਿਗਿਆਨਕ ਪਹੁੰਚ ਨਾਲ ਜੋ ਕੁਝ ਵੀ ਉਨ੍ਹਾਂ ਲਿਖਿਆ ਜਾਂ ਪ੍ਰਚਾਰਿਆ, ਆਪਣੀ ਨਿੱਜੀ ਜ਼ਿੰਦਗੀ ਵਿੱਚ ਵੀ ਉਸ ਉੱਤੇ ਉਨ੍ਹਾਂ ਪੂਰੀ ਤਰ੍ਹਾਂ ਪਹਿਰਾ ਦਿੱਤਾ ਸੀ।
ਦਾਰ ਜੀ ਦੀ ਸਿਰਜਣਾਤਮਕ ਰਚਨਾ ਗੀਤਾਂ, ਕਵਿਤਾਵਾਂ ਤੇ ਓਪੇਰਿਆਂ ਦੇ ਰੂਪ ਵਿੱਚ ਸੀ। ਇਸ ਸਾਰੀ ਰਚਨਾ ਵਿੱਚ ਉਨ੍ਹਾਂ ਦੇਸ਼ ਭਗਤੀ, ਧਰਮ ਨਿਰਪੱਖਤਾ ਤੇ ਮਾਨਵਵਾਦ ਦੀ ਭਾਵਨਾ ਦਾ ਸੰਚਾਰ ਕਰਦਿਆਂ ਕਿਰਤੀਆਂ ਕਿਸਾਨਾਂ ਤੇ ਔਰਤਾਂ ਦੇ ਹਿੱਤਾਂ ਦੀ ਵਕਾਲਤ ਕੀਤੀ। ਪੁਲਿਟੀਕਲ ਸਾਇੰਸ ਅਤੇ ਵਿਮੈੱਨ ਸਟੱਡੀਜ਼ ਦੀ ਵਿਦਿਆਰਥਣ ਹੋਣ ਦੇ ਨਾਤੇ ਮੈਂ ਬਰਾਬਰੀ, ਖ਼ਾਸਕਰ ਔਰਤ ਮਰਦ ਦੀ ਬਰਾਬਰੀ ਬਾਰੇ ਉਨ੍ਹਾਂ ਦੀ ਸਮਝ ਉੱਤੇ ਧਿਆਨ ਦਿਵਾਉਣਾ ਚਾਹਾਂਗੀ। ਆਪਣੀ ਨਿੱਜੀ ਜ਼ਿੰਦਗੀ ਵਿੱਚ ਉਨ੍ਹਾਂ ਕਦੇ ਵੀ ਪੁੱਤਰਾਂ ਜਾਂ ਧੀਆਂ ਵਿੱਚ ਕੋਈ ਵਿਤਕਰਾ ਨਹੀਂ ਕੀਤਾ। ਉੱਚ ਸਿੱਖਿਆ ਹਾਸਲ ਕਰਨ ਲਈ ਉਨ੍ਹਾਂ ਮੁੰਡਿਆਂ ਤੇ ਕੁੜੀਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ, ਕੋਈ ਪਾਬੰਦੀਆਂ ਨਹੀਂ ਲਾਈਆਂ ਸਗੋਂ ਪੂਰੀ ਖੁੱਲ੍ਹ ਦਿੱਤੀ ਤਾਂ ਜੁ ਉਹ ਚੰਗੀਆਂ ਕਦਰਾਂ-ਕੀਮਤਾਂ ਨਾਲ ਆਪਣੀ ਜ਼ਿੰਦਗੀ ਦਾ ਨਿਰਮਾਣ ਕਰਦੇ ਹੋਏ ਵਧੀਆ ਇਨਸਾਨ ਤੇ ਚੰਗੇ ਨਾਗਰਿਕ ਬਣ ਸਕਣ। ਆਪਣੀਆਂ ਨੂੰਹਾਂ ਅਤੇ ਜੁਆਈਆਂ ਨਾਲ ਵੀ ਉਨ੍ਹਾਂ ਬਰਾਬਰ ਦੇ ਪਿਆਰ ਤੇ ਨਿੱਘ ਵਾਲਾ ਵਿਹਾਰ ਕੀਤਾ। ਔਰਤਾਂ ਵੱਲ ਉਨ੍ਹਾਂ ਦਾ ਵਤੀਰਾ ਹਮੇਸ਼ਾ ਆਦਰ ਭਰਿਆ ਰਿਹਾ। ਆਪਣੀ ਪਤਨੀ ਯਾਨੀ ਸਾਡੀ ਮੰਮੀ ਨੂੰ ਹਮੇਸ਼ਾ ‘ਜੀ’ ਸ਼ਬਦ ਜੋੜ ਕੇ ‘ਬਸੰਤ ਜੀ’ ਵਜੋਂ ਸੰਬੋਧਨ ਕਰਦੇ ਸਨ ਜਦੋਂਕਿ ਨੂੰਹਾਂ ਨੂੰ ‘ਪੁੱਤਰ’ ਕਹਿ ਕੇ ਬੁਲਾਉਂਦੇ ਸਨ। ਨੂੰਹਾਂ ਦੇ ਸਬੰਧ ਵਿੱਚ ਤਾਂ ਮੈਂ ਉਨ੍ਹਾਂ ਨੂੰ ਆਪਣੇ ਕਿਸੇ ਭਤੀਜੇ ਨਾਲ ਗੱਲਬਾਤ ਵਿੱਚ ਇਹ ਕਹਿੰਦਿਆਂ ਸੁਣਿਆ ਕਿ ‘ਕੁੜੀਆਂ ਤਾਂ ਸਾਡੇ ਘਰਾਂ ’ਚੋਂ ਚਲੀਆਂ ਗਈਆਂ, ਇਹ (ਨੂੰਹਾਂ) ਜੋ ਆਪਣੇ ਮਾਪਿਆਂ ਦਾ ਘਰ ਛੱਡ ਕੇ ਆਈਆਂ ਹਨ, ਸਾਡੇ ਲਈ ਸਭ ਕੁਝ ਕਰਦੀਆਂ ਹਨ, ਇਹ ਕੋਈ ਛੋਟੀ ਗੱਲ ਨਹੀਂ। ਸਾਨੂੰ ਇਨ੍ਹਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਇਨ੍ਹਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ’।
ਬੱਚਿਆਂ ਨਾਲ ਉਨ੍ਹਾਂ ਦਾ ਪਿਆਰ ਬੇਮਿਸਾਲ ਸੀ। ਉਹ ਹਮੇਸ਼ਾ ਆਖਦੇ ਕਿ ਇਹ ਨਵੀਂ ਪੀੜ੍ਹੀ ਬੜੀ ਤੇਜ਼ ਹੈ ਅਤੇ ਇਸ ਨੇ ਆਪਣੀ ਸਿਆਣਪ ਨਾਲ ਸਮਾਜ ਨੂੰ ਬਦਲਣਾ ਹੈ। ਉਨ੍ਹਾਂ ਦੀ ਹਾਜ਼ਰੀ ਵਿੱਚ ਬੱਚਿਆਂ ਨੂੰ ਕੋਈ ਝਿੜਕ ਨਹੀਂ ਸੀ ਸਕਦਾ। ਉਨ੍ਹਾਂ ਦਾ ਕਹਿਣਾ ਸੀ ਕਿ ‘ਇੰਟੈਲੀਜੈਂਟ ਬੱਚੇ ਹੀ ਸ਼ਰਾਰਤਾਂ ਕਰਦੇ ਨੇ, ਸ਼ਰਾਰਤ ਕਰਨ ਲਈ ਵੀ ਬੁੱਧੀ ਚਾਹੀਦੀ ਹੈ’।
ਸ਼ਾਦੀ ਤੋਂ ਪਹਿਲਾਂ ਮੈਂ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ ਸੀ, ਜਿਸ ਦੇ ਆਧਾਰ ’ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਰਿਸਰਚ ਪ੍ਰਾਜੈਕਟ ਵਿੱਚ ਕੰਮ ਕਰਨ ਦੀ ਪੇਸ਼ਕਸ਼ ਹੋਈ ਤੇ ਇੰਝ ਮੈਨੂੰ ਸ਼ਾਦੀ ਦੇ ਦੋ ਮਹੀਨੇ ਦੇ ਅੰਦਰ ਹੀ ਨੌਕਰੀ ਮਿਲ ਗਈ। ਇਸ ਨੌਕਰੀ ਦੌਰਾਨ ਰਿਸਰਚ ਦੀ ਖ਼ਾਤਰ ਮੈਨੂੰ ਦੂਰ-ਦੁਰਾਡੇ ਜਾਣਾ ਪੈਂਦਾ ਸੀ ਅਤੇ ਕਈ ਵਾਰ ਮੈਂ ਵਾਹਵਾ ਰਾਤ ਪੈ ਜਾਣ ’ਤੇ ਘਰ ਮੁੜਦੀ ਸਾਂ। ਦਾਰ ਜੀ ਨੇ (ਅਤੇ ਮੰਮੀ ਨੇ ਵੀ) ਕਦੇ ਕੋਈ ਇਤਰਾਜ਼ ਨਹੀਂ ਸੀ ਕੀਤਾ, ਸਗੋਂ ਹਮੇਸ਼ਾ ਉਹ ਮਦਦਗਾਰ ਬਣੇ ਰਹੇ। ਮੈਂ ਅਗਾਂਹ ਪੀਐੱਚ.ਡੀ. ਕਰਨਾ ਚਾਹੁੰਦੀ ਸਾਂ। ਇਸ ਲਈ ਵੀ ਉਨ੍ਹਾਂ ਮੈਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ 2004 ਵਿੱਚ ਮੈਨੂੰ ਪੀਐੱਚ.ਡੀ. ਦੀ ਡਿਗਰੀ ਮਿਲ ਗਈ। ਜਦੋਂ ਉਨ੍ਹਾਂ ਨੂੰ ਮੈਂ ਆਪਣਾ ਪੀਐੱਚ.ਡੀ. ਥੀਸਿਸ ਵਿਖਾਇਆ ਤਾਂ ਉਨ੍ਹਾਂ ਮੈਨੂੰ ਘੁੱਟ ਕੇ ਜੱਫੀ ਵਿੱਚ ਲੈਂਦਿਆਂ ਪਿਆਰ ਦਿੱਤਾ। ਮੇਰਾ ਥੀਸਿਸ ਹੱਥ ਵਿੱਚ ਫੜਦਿਆਂ ਉਨ੍ਹਾਂ ਦੇ ਚਿਹਰੇ ਉੱਤੇ ਜਿਸ ਤਰ੍ਹਾਂ ਦੀ ਮਾਣਮੱਤੀ ਲਿਸ਼ਕ ਸੀ, ਮੈਨੂੰ ਜਾਪਿਆ ਕਿ ਜੇ ਮੇਰੇ ਮਰਹੂਮ ਪਿਤਾ ਉਸ ਵੇਲ਼ੇ ਹੁੰਦੇ ਤਾਂ ਉਹ ਇਸ ਤੋਂ ਜ਼ਿਆਦਾ ਖ਼ੁਸ਼ੀ ਦਾ ਇਜ਼ਹਾਰ ਨਾ ਕਰ ਸਕਦੇ।
ਸਮਾਜ ਵਿੱਚ ਔਰਤ ਦੀ ਸਥਿਤੀ ਬਾਰੇ ਉਹ ਕਿੰਨੇ ਫ਼ਿਕਰਮੰਦ ਸਨ, ਉਨ੍ਹਾਂ ਦੀਆਂ ਲਿਖਤਾਂ ਇਸ ਦੀਆਂ ਗਵਾਹ ਹਨ। ਅਗਾਂਹਵਧੂ ਦ੍ਰਿਸ਼ਟੀ ਨਾਲ ਆਪਣੀਆਂ ਲਿਖਤਾਂ ਵਿੱਚ ਉਨ੍ਹਾਂ ਨੇ ਸਾਡੇ ਸਮਾਜ-ਸਭਿਆਚਾਰ ਦੇ ਅਜਿਹੇ ਸਾਰੇ ਰੂਪਾਂ ਨੂੰ ਚੁਣੌਤੀ ਦਿੱਤੀ ਜੋ ਔਰਤ ਨੂੰ ਤ੍ਰਿਸਕਾਰਦੇ ਅਤੇ ਨੀਵਾਂ ਰੱਖਦੇ ਹਨ। 1943 ਵਿੱਚ ਲਿਖੀ ਉਨ੍ਹਾਂ ਦੀ ਇੱਕ ਕਵਿਤਾ ‘ਮੈਂ ਇਸਨੂੰ ਕੋਈ ਪਾਪ ਨਾ ਜਾਣਾ’ ਵੇਖੀ ਜਾ ਸਕਦੀ ਹੈ ਜਿਸ ਵਿੱਚ ਵਿਧਵਾ ਮੁਟਿਆਰ ਦੇ ਆਪਣੀ ਤ੍ਰਾਸਦਿਕ ਹੋਣੀ ਤੋਂ ਛੁਟਕਾਰਾ ਪਾਉਣ ਲਈ ਦੂਜਾ ਸਾਥੀ ਚੁਣ ਲੈਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ:
ਜੇ ਕੋਈ ਮੁਟਿਆਰ ਵਿਚਾਰੀ
ਜਕੜੀ ਹੋਵੇ ਵਿਧਵਾ ਬਣਕੇ
ਸ਼ਰਮ ਹਯਾ ਦੇ ਸੰਗਲ਼ਾਂ ਅੰਦਰ
ਮਾਰ ਸਕੇ ਨਾ ਕਿਤੇ ਉਡਾਰੀ
ਆਵਣ ਜਦ ਸਾਵਣ ਦੇ ਦਿਹਾੜੇ
ਕੋਈ ਸੁਹਾਗਣ ਪ੍ਰੀਤਮ ਦੇ ਗਲ਼ ਬਾਹਾਂ ਪਾ ਕੇ ਮੌਜਾਂ ਮਾਣੇ
ਤੱਕ ਤੱਕ ਵਿਧਵਾ ਛਾਤੀ ਸਾੜੇ
ਤੋੜ ਕੇ ਸ਼ਰਮ ਹਯਾ ਦਾ ਤਾਣਾ
ਚੁਣ ਕੇ ਦੂਜਾ ਸਾਥੀ ਆਪਣਾ
ਜੀਵਣ ਜੇ ਉਹ ਚਾਹੇ ਬਿਤਾਣਾ
ਮੈਂ ਇਸਨੂੰ ਕੋਈ ਪਾਪ ਨਾ ਜਾਣਾ
ਦਾਰ ਜੀ ਨੇ ਜੋ ਕੁਝ ਲਿਖਿਆ ਉਸ ਨੂੰ ਜੀਵਨ ਵਿੱਚ ਅਪਣਾਇਆ ਸੀ। ਉਨ੍ਹਾਂ ਦਾ ਪਰਿਵਾਰ ਧਰਮ ਨਿਰਪੱਖ ਸੰਯੁਕਤ ਸੱਭਿਆਚਾਰ ਦੀ ਇੱਕ ਚੰਗੀ ਮਿਸਾਲ ਪੇਸ਼ ਕਰਦਾ ਹੈ। ਉਨ੍ਹਾਂ ਦੇ ਪੁੱਤ ਧੀਆਂ ਅਤੇ ਅਗਾਂਹ ਪੋਤੇ ਪੋਤੀਆਂ ਦੋਹਤੇ ਦੋਹਤੀਆਂ ਦੀਆਂ ਸ਼ਾਦੀਆਂ ਵਿੱਚ ਜਾਤ ਪਾਤ, ਧਰਮ, ਖਿੱਤੇ ਆਦਿ ਦੇ ਕਿਸੇ ਵੀ ਪ੍ਰਕਾਰ ਦੇ ਵਖਰੇਵੇਂ ਦਾ ਕੋਈ ਦਖਲ ਨਹੀਂ ਸੀ। ਆਪਣੀਆਂ ਤਿੰਨੋਂ ਧੀਆਂ ਦੀ ਸ਼ਾਦੀ ਕਰਨ ਸਮੇਂ ਬਣਨ ਵਾਲੇ ਕਿਸੇ ਵੀ ਜਵਾਈ ਦੀ ਜਾਤ ਬਾਰੇ ਕੋਈ ਪੁੱਛ ਪੜਤਾਲ ਉਨ੍ਹਾਂ ਨਹੀਂ ਕੀਤੀ। ਉਨ੍ਹਾਂ ਦੀ ਇੱਕ ਨੂੰਹ ਕਰਨਾਲ ਦੇ ਜੱਟ ਸਿੱਖ ਪਰਿਵਾਰ ਵਿੱਚੋਂ ਹੈ। ਹੈਦਰਾਬਾਦ ਦੇ ਮੁਸਲਿਮ ਪਰਿਵਾਰ ਵਿੱਚ ਜੰਮੀ ਹੋਣ ਕਰਕੇ ਮੈਂ ਅਸਲੋਂ ਦੁਰਾਡੇ ਦੇ ਸੱਭਿਆਚਾਰਕ ਪਿਛੋਕੜ ਨਾਲ ਸੰਬੰਧਤ ਹਾਂ। ਇਉਂ ਮਜ਼ਬੂਤ ਧਰਮ ਨਿਰਪੇਖ ਅਸੂਲਾਂ ਨੂੰ ਪਰਣਾਏ ਦਾਰ ਜੀ ਦੇ ਪਰਿਵਾਰ ਵਿੱਚ ਬ੍ਰਾਹਮਣ, ਬਾਣੀਏ, ਜੱਟ, ਖੱਤਰੀ, ਹਿੰਦੂ, ਮੁਸਲਮਾਨ, ਸਿੱਖ ਸਭ ਪਿਆਰ ਮੁਹੱਬਤ ਦੀ ਲੜੀ ਵਿੱਚ ਪਰੋਏ ਹੋਏ ਹਨ। ਇੱਕ ਅਹਿਮ ਨਿੱਜੀ ਤਜਰਬਾ ਵੀ ਮੈਂ ਸਾਂਝਾ ਕਰਨਾ ਚਾਹੁੰਦੀ ਹਾਂ। ਮੇਰੀ ਸ਼ਾਦੀ ਤੋਂ ਬਾਅਦ ਪਹਿਲੀ ਈਦ-ਉਲ-ਫਿਤਰ (ਮਿੱਠੀ ਈਦ) ਸੀ। ਉਸ ਦਿਨ ਮੈਂ ਜਦੋਂ ਸਵੇਰੇ ਉੱਠੀ ਤਾਂ ਦੇਖ ਕੇ ਹੈਰਾਨ ਹੋਈ ਕਿ ਈਦ ਦੇ ਜਸ਼ਨ ਲਈ ਸੇਵੀਆਂ ਅਤੇ ਆਮ ਦਿਨਾਂ ਨਾਲੋਂ ਜ਼ਿਆਦਾ ਦੁੱਧ ਦੇ ਪੈਕੇਟ ਲਿਆ ਕੇ ਕਿਚਨ ਦੀ ਸਲੈਬ ਉੱਤੇ ਰੱਖੇ ਹੋਏ ਸਨ। ਇਹ ਦਰਸਾਉਂਦਾ ਸੀ ਕਿ ਦੂਜਿਆਂ ਦੀਆਂ ਭਾਵਨਾਵਾਂ ਤੇ ਦਿਲਚਸਪੀਆਂ ਦਾ ਉਨ੍ਹਾਂ ਨੂੰ ਕਿੰਨਾ ਜ਼ਿਆਦਾ ਖ਼ਿਆਲ ਰਹਿੰਦਾ ਸੀ!
ਆਪਣੇ ਵਤਨ ਨਾਲ ਪਿਆਰ ਤੇ ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ ਦੇ ਗੀਤ ‘ਹੇ ਪਿਆਰੀ ਭਾਰਤ ਮਾਂ’ ਵਿੱਚ ਬਾਖ਼ੂਬੀ ਪ੍ਰਗਟ ਹੋਇਆ ਹੈ। ਇਸ ਵਿੱਚ ਦੇਸ਼ ਦੇ ਭੂ-ਦ੍ਰਿਸ਼, ਨਦੀਆਂ ਪਹਾੜਾਂ ਦੀ ਸਿਫ਼ਤ ਕਰਦਿਆਂ ਦੱਸਿਆ ਗਿਆ ਹੈ ਕਿ ਇਨ੍ਹਾਂ ਕੁਦਰਤੀ ਸਰੋਤਾਂ ਤੋਂ ਕੀ ਕੁਝ ਕਿਵੇਂ ਪ੍ਰਾਪਤ ਕਰਨਾ ਹੈ। ਇਸ ਵਿੱਚ ਮਹਾਤਮਾ ਬੁੱਧ, ਸ਼ਹੀਦ ਭਗਤ ਸਿੰਘ ਤੇ ਰਾਣੀ ਲਕਸ਼ਮੀ ਬਾਈ ਵਰਗੀਆਂ ਨਿਵੇਕਲੀਆਂ ਸ਼ਖ਼ਸੀਅਤਾਂ ਦਾ ਜ਼ਿਕਰ ਹੈ, ਜੋ ਅਹਿੰਸਾ ਦੇ ਫਲਸਫ਼ੇ, ਦੇਸ਼ਭਗਤੀ, ਸਮਾਜਵਾਦੀ ਵਿਚਾਰਧਾਰਾ ਅਤੇ ਕੁਰਬਾਨੀ ਦੇ ਜਜ਼ਬੇ ਦੇ ਪ੍ਰਤੀਕ ਬਣ ਚੁੱਕੇ ਹਨ ਅਤੇ ਜਿਨ੍ਹਾਂ ਦੀ ਵੱਖ ਵੱਖ ਪ੍ਰਸੰਗਾਂ ਵਿੱਚ ਦੇਣ ਦਾ ਅੱਜ ਵੀ ਬਹੁਤ ਮਹੱਤਵ ਹੈ। ਫਿਰ ਲੋੜ ਪੈਣ ’ਤੇ ਆਪਣੇ ਦੇਸ਼ ਲਈ ਕੁਰਬਾਨ ਹੋ ਜਾਣ ਦਾ ਪ੍ਰਣ ਹੈ। ਇਨ੍ਹਾਂ ਵਿਸ਼ੇਸ਼ਤਾਵਾਂ ਕਰਕੇ ਇਹ ਗੀਤ ਸਕੂਲਾਂ ਵਿੱਚ ਪ੍ਰਾਰਥਨਾ ਵਜੋਂ ਗਾਇਆ ਜਾਂਦਾ ਹੈ।
ਉਨ੍ਹਾਂ ਦੇ ਓਪੇਰਿਆਂ ਵਿੱਚੋਂ ਬਹੁਤ ਮਸ਼ਹੂਰ ਲਿਖਤ ਹੈ ‘ਲੱਕੜ ਦੀ ਲੱਤ’, ਜਿਸ ਵਿੱਚ ਦੂਜੀ ਆਲਮੀ ਜੰਗ ਦੌਰਾਨ ਅਪਾਹਜ ਹੋਏ ਇੱਕ ਫ਼ੌਜੀ ਦੀ ਗਾਥਾ ਪੇਸ਼ ਕੀਤੀ ਗਈ ਹੈ, ਜੋ ‘ਲੱਕੜ ਦੀ ਲੱਤ’ ਨਾਲ ਘਰ ਪਰਤਦਾ ਹੈ। ਇਸ ਗੀਤ ਨਾਟ ਵਿੱਚ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਝੱਲੀਆਂ ਜਾਂਦੀਆਂ ਮੁਸ਼ਕਿਲਾਂ ਦਾ ਚਿਤਰਣ ਤਾਂ ਹੈ ਹੀ, ਇਸ ਵਿੱਚੋਂ ਫ਼ੌਜੀ ਦੀ ਵਿਧਵਾ ਤ੍ਰੀਮਤ ਦਾ ਕਿਰਦਾਰ ਵੀ ਇਸ ਤਰ੍ਹਾਂ ਉੱਭਰਿਆ ਹੈ ਕਿ ਉਹ ਜੰਗਾਂ ਦੇ ਖ਼ਾਤਮੇ ਲਈ ਅਮਨ ਦੀ ਅਲੰਬਰਦਾਰ ਬਣ ਜਾਂਦੀ ਹੈ। ਉਹ ਹੋਰਨਾਂ ਔਰਤਾਂ ਨੂੰ ਨਾਲ ਲੈ ਕੇ ਅਮਨ ਦੇ ਗੀਤ ਗਾਉਂਦੀ ਹੈ। ਨਾਟਕ ਵਿੱਚ ਮਨੁੱਖ ਜਾਤੀ ਲਈ ਅਜਿਹੇ ਨਵੇਂ ਯੁੱਗ ਦੀ ਕਾਮਨਾ ਕੀਤੀ ਗਈ ਹੈ ਜਿਸ ਵਿੱਚ ਮਾਰੂ ਜੰਗਾਂ ਤੋਂ ਮੁਕਤ ਹੋ ਕੇ ਲੋਕ ਆਪਸੀ ਸਾਂਝ ਤੇ ਪਿਆਰ ਨਾਲ ਰਹਿ ਸਕਣਗੇ। ਇਸੇ ਤਰ੍ਹਾਂ ‘ਫੁੱਲਾਂ ਦਾ ਸੁਨੇਹਾ’ ਬਹੁਤ ਕਮਾਲ ਦੀ ਰਚਨਾ ਹੈ ਜਿਸ ਵਿੱਚ ਤਿੰਨ ਪਾਤਰ ਫੁੱਲ, ਤਿਤਲੀ ਤੇ ਭੌਰਾ ਬਹੁਤ ਕਲਾਤਮਿਕ ਵਿਧੀ ਨਾਲ ਪ੍ਰਤੀਕ ਰੂਪ ਵਿੱਚ ਪੇਸ਼ ਕੀਤੇ ਗਏ ਹਨ। ਭੌਰਾ ਤੇ ਤਿਤਲੀ ਕ੍ਰਮਵਾਰ ਪੁਰਸ਼ ਤੇ ਇਸਤਰੀ ਲਿੰਗ ਦੀਆਂ ਵਿਸ਼ੇਸ਼ਤਾਵਾਂ ਨੂੰ ਉਘਾੜਦੇ ਹਨ। ਫੁੱਲ ਦੋਹਾਂ ਦੇ ਮਹੱਤਵ ਨੂੰ ਪਛਾਣਦਾ ਹੈ ਅਤੇ ਉਸ ਨੂੰ ਇਨ੍ਹਾਂ ਦੋਵਾਂ ਦੀ ਲੋੜ ਹੈ। ਇਸ ਲਈ ਉਹ ਦੋਹਾਂ ਵਿੱਚ ਟਕਰਾਅ ਨਹੀਂ ਸਗੋਂ ਸਾਂਝ ਤੇ ਪ੍ਰੇਮ ਲੋੜਦਾ ਹੈ। ਵਡੇਰੇ ਅਰਥਾਂ ਵਿੱਚ ਇਸ ਵਿੱਚੋਂ ਔਰਤ ਮਰਦ ਦੀ ਸਮਾਨਤਾ ਨੂੰ ਦ੍ਰਿੜਾਉਂਦਿਆਂ ਹੋਇਆਂ ਭਾਰਤ ਦੇ ਸੰਯੁਕਤ ਸੱਭਿਆਚਾਰ ਨੂੰ ਬਣਾਈ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ।
ਆਪਣੀਆਂ ਜ਼ਿਆਦਾਤਰ ਲਿਖਤਾਂ ਉਨ੍ਹਾਂ ਨੇ ਸਮਕਾਲੀ ਜੀਵਨ ਨਾਲ ਜੁੜੇ ਮੁੱਦਿਆਂ ਤੇ ਸਵਾਲਾਂ ਨੂੰ ਲੈ ਕੇ ਲਿਖੀਆਂ ਹਨ, ਪਰ ਕਈ ਦਹਾਕੇ ਬੀਤਣ ਪਿੱਛੋਂ ਵੀ ਉਨ੍ਹਾਂ ਦਾ ਮਹੱਤਵ ਬਣਿਆ ਹੋਇਆ ਹੈ। ਅਸਲ ਵਿੱਚ ਸੰਸਾਰ ਅਮਨ, ਆਜ਼ਾਦੀ, ਸਮਾਜਿਕ ਆਰਥਿਕ ਬਰਾਬਰੀ, ਨਿਆਂ ਅਤੇ ਔਰਤ ਦੇ ਸਤਿਕਾਰ ਵਰਗੇ ਮੁੱਦਿਆਂ ਬਾਰੇ ਉਨ੍ਹਾਂ ਲਿਖਿਆ ਹੈ ਤੇ ਇਹ ਮੁੱਦੇ ਅੱਜ ਵੀ ਲੋਕਾਂ ਸਾਹਮਣੇ ਖੜ੍ਹੇ ਹਨ। ਇਉਂ ਦਾਰ ਜੀ ਦੀਆਂ ਲਿਖਤਾਂ ਦੀ ਪ੍ਰਸੰਗਿਕਤਾ ਬਣੀ ਰਹਿੰਦੀ ਹੈ। ਇਹ ਗੱਲ ਦਿਲਚਸਪੀ ਤੋਂ ਖਾਲੀ ਨਹੀਂ ਕਿ ਹੁਣੇ ਜਿਹੇ ਇਤਿਹਾਸਕ ਕਿਸਾਨ ਅੰਦੋਲਨ ਦੌਰਾਨ ਉਨ੍ਹਾਂ ਦੇ ਬਹੁਤ ਪਹਿਲਾਂ ਲਿਖੇ ਗਏ ਗੀਤ ‘ਦੇਸ਼ ਦੇ ਕਿਸਾਨ, ਆ ਗਏ ਨੇ ਵਿੱਚ ਮੈਦਾਨ’ ਦੀ ਗੂੰਜ ਸੁਣਦੀ ਰਹੀ ਸੀ।
ਕੰਮ ਕਰਨ ਦੀ ਦਾਰ ਜੀ ਦੀ ਅਥਾਹ ਸਮਰੱਥਾ ਦੇ ਅਸੀਂ ਕਾਇਲ ਹਾਂ। ਉਨ੍ਹਾਂ ਦੀ ਜਥੇਬੰਦਕ ਕਾਰਜ ਕੁਸ਼ਲਤਾ ਦਾ ਵੀ ਕੋਈ ਮੁਕਾਬਲਾ ਨਹੀਂ ਸੀ। ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਨਵੀਆਂ ਇਕਾਈਆਂ ਖੜ੍ਹੀਆਂ ਕਰਨ, ਸੀਮਤ ਵਸੀਲਿਆਂ ਅਤੇ ਮੁਸ਼ਕਿਲ ਹਾਲਾਤ ਵਿੱਚ ਗੋਸ਼ਟੀਆਂ, ਕਾਨਫਰੰਸਾਂ ਤੇ ਨਾਟਕੀ ਪੇਸ਼ਕਾਰੀਆਂ ਕਰਨ ਕਰਵਾਉਣ ਵਿੱਚ ਉਹ ਲਗਾਤਾਰ ਰੁੱਝੇ ਰਹਿੰਦੇ ਸਨ। ਆਪਣੀ ਜ਼ਿੰਦਗੀ ਦੇ ਅੰਤਲੇ ਵਰ੍ਹਿਆਂ ਤੱਕ ਵੀ ਉਹ ਆਪਣੀਆਂ ਇਹ ਸਰਗਰਮੀਆਂ ਜਾਰੀ ਰੱਖਦੇ ਹੋਏ ਮੀਟਿੰਗਾਂ, ਧਰਨਿਆਂ ਆਦਿ ਵਿੱਚ ਸ਼ਾਮਲ ਹੁੰਦੇ ਰਹੇ। ਉਨ੍ਹਾਂ ਨੂੰ ਪਿਸ਼ਾਬ ਦੀ ਦੀਰਘ ਸਮੱਸਿਆ ਹੋਈ ਤਾਂ ਡਾਕਟਰਾਂ ਨੇ ਉਨ੍ਹਾਂ ਦੇ ਪੇਟ ਤੋਂ ਸਿੱਧੀ ਪਿਸ਼ਾਬ ਦੀ ਨਾਲੀ ਲਾ ਦਿੱਤੀ। ਇੱਕ ਵਾਰ ਉਹ ਇਸ ਨਾਲੀ ਦੇ ਹੁੰਦਿਆਂ ਹੋਇਆਂ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕੀਤੇ ਗਏ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਸਨ।
ਦਾਰ ਜੀ ਦੀ ਜੀਵਨ ਸ਼ੈਲੀ ਬਾਰੇ ਗੱਲ ਕਰਦਿਆਂ ਅਸੀਂ ਕਹਿ ਸਕਦੇ ਹਾਂ ਕਿ ਉਨ੍ਹਾਂ ਬਹੁਤ ਹੀ ਸਹਿਜ ਤੇ ਸੰਤੁਸ਼ਟੀ ਵਾਲੀ ਜ਼ਿੰਦਗੀ ਜੀਵੀ। ਉਹ ਕਿਸੇ ਵੱਡੀ ਤੋਂ ਵੱਡੀ ਗੱਲ ਉੱਤੇ ਵੀ ਬਹੁਤੀ ਚਿੰਤਾ ਨਹੀਂ ਕਰਦੇ ਸਨ। ਆਪਣੇ ਨਿੱਤ ਕਰਮ ਵਿੱਚ ਉਹ ਬਹੁਤ ਪੱਕੇ ਤੇ ਨਿਯਮਬੱਧ ਸਨ। ਇਸੇ ਸਦਕਾ ਹੀ ਉਹ ਸ਼ੂਗਰ ਦੇ ਮਰੀਜ਼ ਹੋਣ ਦੇ ਬਾਵਜੂਦ ਲਗਾਤਾਰ ਪੰਜ ਦਹਾਕਿਆਂ ਤੱਕ ਬਾਕਾਇਦਗੀ ਨਾਲ ਕੰਮ ਕਰਦੇ ਰਹੇ। ਉਹ ਬਹੁਤ ਬਲਵਾਨ ਇੱਛਾ ਸ਼ਕਤੀ ਦੇ ਮਾਲਕ ਸਨ। ਅੱਗੇ ਵਧਣ ਦੀ ਚੂਹਾ ਦੌੜ ਤੋਂ ਉਹ ਹਮੇਸ਼ਾ ਪਾਸੇ ਰਹੇ। ਨਾ ਉਨ੍ਹਾਂ ਪਦਾਰਥਕ ਸਹੂਲਤਾਂ ਹਾਸਲ ਕਰਨ ਦੀ ਕਿਸੇ ਤਰ੍ਹਾਂ ਦੀ ਲਾਲਸਾ ਦਿਖਾਈ ਅਤੇ ਨਾ ਹੀ ਤਾਕਤ ਹਥਿਆਉਣ ਦੀ। ਕਿਸੇ ਸਭਾ ਜਾਂ ਸੰਸਥਾ ਦਾ ਅਹੁਦਾ ਸੰਭਾਲਣ ਲਈ ਕਦੇ ਉਨ੍ਹਾਂ ਉਤਸੁਕਤਾ ਜ਼ਾਹਰ ਨਹੀਂ ਸੀ ਕੀਤੀ, ਪਰ ਮਿਲੀ ਹੋਈ ਜ਼ਿੰਮੇਵਾਰੀ ਨੂੰ ਹਮੇਸ਼ਾ ਪੂਰੀ ਸੰਜੀਦਗੀ ਨਾਲ ਨਿਭਾਇਆ। ਉਹ ਦੂਸਰਿਆਂ, ਖ਼ਾਸਕਰ ਨੌਜਵਾਨਾਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਸੰਭਾਲਣ ਵਾਸਤੇ ਅੱਗੇ ਆਉਣ ਲਈ ਪ੍ਰੇਰਦੇ ਸਨ।
ਆਪਣੇ ਕੰਮ-ਕਾਰ ਦੌਰਾਨ ਜੇ ਉਨ੍ਹਾਂ ਦਾ ਕਿਸੇ ਹੋਰ ਦੇ ਤੌਰ ਤਰੀਕੇ ਨਾਲ ਕੋਈ ਇਖ਼ਤਲਾਫ਼ ਹੁੰਦਾ ਸੀ ਤਾਂ ਉਨ੍ਹਾਂ ਉਸ ਵਿਅਕਤੀ ਨੂੰ ਇਸ ਬਾਰੇ ਕਦੇ ਕੁਝ ਚਿਤਾਰਿਆ ਨਹੀਂ ਸੀ ਅਤੇ ਨਾ ਹੀ ਇਸ ਕਰਕੇ ਕਦੇ ਉਸ ਦਾ ਨਿਰਾਦਰ ਕੀਤਾ ਸੀ। ਇਹ ਸਾਰੀਆਂ ਗੱਲਾਂ ਹੀ ਦਾਰ ਜੀ ਨੂੰ ਇੱਕ ਨਿਵੇਕਲੀ ਸ਼ਖ਼ਸੀਅਤ ਬਣਾਉਂਦੀਆਂ ਸਨ।
ਅਸੀਂ ਬਹੁਤ ਸੁਭਾਗੇ ਹਾਂ ਕਿ ਦਾਰ ਜੀ ਆਪਣੇ ਅੰਤਿਮ ਸਾਹ ਤੱਕ ਸਾਡੇ ਨਾਲ ਰਹੇ। ਸਾਨੂੰ ਤੇ ਸਾਡੇ ਬੱਚਿਆਂ ਨੂੰ ਉਨ੍ਹਾਂ ਦਾ ਆਸ਼ੀਰਵਾਦ ਤਾਂ ਹਮੇਸ਼ਾ ਮਿਲਿਆ ਹੀ, ਸਾਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ ਰਿਹਾ। ਉਹ ਸਾਡੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਮਗਰਲੇ ਸਮੇਂ ਵਿੱਚ ਬਿਮਾਰੀ ਦੀ ਹਾਲਤ ਵਿੱਚ ਅਸੀਂ ਆਪਣੇ ਹੱਥੀਂ ਉਨ੍ਹਾਂ ਨੂੰ ਖਾਣਾ ਖੁਆਉਂਦੇ। ਕਈ ਵਾਰ ਉਨ੍ਹਾਂ ਨੇ ਸਾਨੂੰ ਮਨ੍ਹਾ ਕਰ ਦੇਣਾ, ਪਰ ਜੇ ਬੱਚਿਆਂ ਨੇ ਖੁਆਉਣਾ ਤਾਂ ਉਨ੍ਹਾਂ ਕਦੇ ਨਾਂਹ ਨਾ ਕਰਨੀ, ਭਾਵੇਂ ਥੋੜ੍ਹਾ ਹੀ ਸਹੀ, ਖਾ ਜ਼ਰੂਰ ਲੈਣਾ।
ਆਪਣੇ ਦੇਹਾਂਤ ਤੋਂ ਕੁਝ ਮਹੀਨੇ ਪਹਿਲਾਂ ਉਨ੍ਹਾਂ ਲਈ ਬੰਦਿਆਂ ਨੂੰ ਪਛਾਣਨਾ ਮੁਸ਼ਕਿਲ ਹੋ ਗਿਆ ਸੀ, ਪਰ ਜੇ ਕਿਸੇ ਮਿਲਣ ਆਏ ਦੇ ਸਬੰਧ ਵਿੱਚ ਅਜਿਹਾ ਹੁੰਦਾ ਤਾਂ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਕਿ ਅਗਲੇ ਨੂੰ ਇਹ ਨਾ ਪਤਾ ਲੱਗੇ ਕਿ ਉਸ ਨੂੰ ਉਨ੍ਹਾਂ ਪਛਾਣਿਆ ਨਹੀਂ। ਉਹ ਉਸ ਨਾਲ ਬਹੁਤ ਚੰਗੀ ਤਰ੍ਹਾਂ ਗੱਲਬਾਤ ਕਰਦੇ ਰਹਿੰਦੇ। ਜੇ ਕਿਸੇ ਨੇ ਕਹਿਣਾ ਕਿ ‘ਚੰਨ ਜੀ ਪਛਾਣਿਆ?’ ਤਾਂ ਉਨ੍ਹਾਂ ਪੂਰੀ ਤਸੱਲੀ ਨਾਲ ਜਵਾਬ ਦੇਣਾ, ‘ਕਮਾਲ ਹੈ, ਆਪਣਿਆਂ ਨੂੰ ਕੋਈ ਭੁੱਲਦਾ ਹੈ?’ ਅਤੇ ਫਿਰ ਝੱਟ ਗੱਲ ਦਾ ਰੁਖ਼ ਬਦਲਣ ਲਈ ਕੋਈ ਇਸ ਤਰ੍ਹਾਂ ਦੀ ਗੱਲ ਕਰ ਦੇਣੀ, ‘‘ਤੁਹਾਡੀ ਪੱਗ ਦਾ ਰੰਗ ਬੜਾ ਸੋਹਣਾ ਹੈ...।’’ ਆਪਣਾ ਹਾਲ ਚਾਲ ਪੁੱਛੇ ਜਾਣ ’ਤੇ ਉਨ੍ਹਾਂ ਕਦੇ ਆਪਣੇ ਢਿੱਲੇ ਹੋਣ ਦੀ ਗੱਲ ਨਹੀਂ ਸੀ ਕੀਤੀ ਸਗੋਂ ਚਿਹਰੇ ਉੱਤੇ ਮੁਸਕਰਾਹਟ ਲਿਆ ਕੇ ਕਹਿੰਦੇ ਸਨ, ‘‘ਭਲਾ ਚੰਗਾ ਹਾਂ।’’ ਫਿਰ ਅਗਲੇ ਦੇ ਬੱਚਿਆਂ ਬਾਰੇ ਪੁੱਛਣਾ ਗਿੱਛਣਾ ਸ਼ੁਰੂ ਕਰ ਦਿੰਦੇ ਸਨ। ਉਨ੍ਹਾਂ ਦੀਆਂ ਅਜਿਹੀਆਂ ਯਾਦਾਂ ਦਾ ਭੰਡਾਰ ਸਾਡੇ ਕੋਲ ਹੈ ਜਿਸ ਨਾਲ ਅਸੀਂ ਭਰੇ-ਭਕੁੰਨੇ ਮਹਿਸੂਸ ਕਰਦੇ ਹਾਂ।
ਦਾਰ ਜੀ ਨੂੰ ਆਪਣੀ 1968 ਵਿੱਚ ਲਿਖੀ ਕਵਿਤਾ ‘ਨਵੀਂ ਸੋਚ’ ਬਹੁਤ ਪਸੰਦ ਸੀ। ਇਹ ਕਵਿਤਾ ਉਹ ਸਮੇਂ ਸਮੇਂ ਸਾਨੂੰ ਸੁਣਾਉਂਦੇ ਰਹਿੰਦੇ ਸਨ। ਇਸ ਕਵਿਤਾ ਦੀਆਂ ਕੁਝ ਪੰਕਤੀਆਂ, ਜੋ ਆਪਣੇ ਸਦੀਵੀ ਵਿਛੋੜੇ ਤੋਂ ਦੋ ਹਫ਼ਤੇ ਪਹਿਲਾਂ ਉਨ੍ਹਾਂ ਸਾਨੂੰ ਸੁਣਾਈਆਂ, ਏਥੇ ਦੇ ਕੇ ਮੈਂ ਆਪਣੀ ਗੱਲ ਖ਼ਤਮ ਕਰਨਾ ਚਾਹਾਂਗੀ:
ਮੇਰੇ ਖਿਆਲਾਂ ਦੀ ਰਾਤ ਅੰਦਰ
ਇਹ ਕੌਣ ਆਇਆ ਹੈ ਅੱਜ ਸਵੇਰੇ।
ਕਿ ਜਿਸ ਨੂੰ ਵਿੰਹਦੇ ਹੀ ਦੜ ਗਏ ਨੇ
ਮਹੀਨ ਵਿੱਥਾਂ ’ਚ ਘੁੱਪ ਹਨੇਰੇ।
ਸੰਭਲ ਸੰਭਲ ਕੇ ਉਹ ਪੱਬ ਟਿਕਾਂਦੀ
ਨਜ਼ਰ ਬਚਾ ਕੇ ਪਿਛਾਂਹ ਨੂੰ ਵਿੰਹਦੀ
ਕਦਮ ਕਦਮ ’ਤੇ ਜ਼ਿਮੀਂ ਦੇ ਬੁਲ੍ਹਾਂ ’ਚ
ਛਾਪ ਜਿਸਦੀ ਨੇ ਗੀਤ ਕੇਰੇ...

ਸੰਪਰਕ: 98728-61144

Advertisement
Author Image

Advertisement