ਸੂਹੇ ਮਾਰਗਾਂ ਦਾ ਕਵੀ ਸੁਰਜੀਤ ਅਰਮਾਨੀ
ਅਜਾਇਬ ਸਿੰਘ ਟਿਵਾਣਾ
ਹਰਮਨ ਪਿਆਰੇ ਇਨਕਲਾਬੀ ਗੀਤਕਾਰ ਅਤੇ ਕਵੀ ਸੁਰਜੀਤ ਅਰਮਾਨੀ 21 ਜਨਵਰੀ 2024 ਨੂੰ ਸਵੇਰ ਸਮੇਂ ਸਭ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰ ਨੇ ਮ੍ਰਿਤਕ ਦੇਹ ਖੋਜ ਕਾਰਜਾਂ ਲਈ ਆਦੇਸ਼ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ। ਉਨ੍ਹਾਂ ਦਾ ਜਨਮ ਕਮਿਊਨਿਸਟਾਂ ਦੇ ਲਾਲ ਏਰੀਏ ਦੇ ਤੌਰ ’ਤੇ ਜਾਣੇ ਜਾਂਦੇ ਮਾਨਸਾ ਜਿ਼ਲ੍ਹੇ ਦੇ ਪਿੰਡ ਬੁਰਜ ਢਿਲਵਾਂ ਵਿਚ 4 ਫਰਵਰੀ 1946 ਨੂੰ ਹੋਇਆ। 78 ਸਾਲ ਦੀ ਉਮਰ ਦੌਰਾਨ ਉਨ੍ਹਾਂ ਦੇ ਜੀਵਨ ਵਿਚ ਅਨੇਕ ਉਤਰਾਅ ਚੜ੍ਹਾਅ ਆਏ। ਦਲਿਤ ਪਰਿਵਾਰ ’ਚ ਜਨਮੇ ਅਰਮਾਨੀ ਦੇ ਆਪਣੇ ਸ਼ਬਦਾਂ ’ਚ ਉਸ ਦੀ ਮੁਢਲੀ ਸਿੱਖਿਆ ਬੱਕਰੀਆਂ ਚਾਰਦਿਆਂ ਪੂਰੀ ਹੋਈ। ਉਹ 9ਵੀਂ ਜਮਾਤ ਦਾ ਵਿਦਿਆਰਥੀ ਸੀ ਜਦ ਉਸ ਨੂੰ ਕਮਿਊਨਿਸਟ ਆਗੂ ਜੰਗੀਰ ਸਿੰਘ ਜੋਗਾ ਨੂੰ ਪੇਂਡੂ ਕਾਨਫਰੰਸਾਂ ’ਚ ਸੁਣਨ ਦਾ ਮੌਕਾ ਮਿਲਿਆ। ਇੱਥੋਂ ਹੀ ਉਸ ਨੂੰ ਖੱਬੇ ਪੱਖੀ ਵਿਚਾਰਾਂ ਦੀ ਚਿਣਗ ਲੱਗ ਗਈ।
1960ਵਿਆਂ ਦੇ ਅਖੀਰ ’ਚ ਪੰਜਾਬ ਵਿਚ ਨਕਸਲੀ ਲਹਿਰ ਦੇ ਆਗਮਨ ਨਾਲ ਉਹ ਹਮੇਸ਼ਾ ਲਈ ‘ਲਾਲਾਂ’ ਦੇ ਕਾਫਲੇ ਦਾ ਹਿੱਸਾ ਬਣ ਗਿਆ ਜਿਸ ਵਿਚ ਬਾਰੂ ਸਤਵਰਗ, ਮੇਘਰਾਜ ਰਾਮਪੁਰਾ, ਕਰਮਜੀਤ ਜੋਗਾ, ਮੱਘਰ ਸਿੰਘ ਕੁੱਲਰੀਆਂ ਅਤੇ ਬੁੱਗਰ ਪ੍ਰਧਾਨ (ਜੋਗਾ) ਵਰਗੇ ਅਨੇਕ ਇਨਕਲਾਬੀ ਕਾਰਕੁਨ ਸ਼ਾਮਲ ਸਨ। ਉਸ ਨੇ ਰਾਮਪੁਰੇ ਦੀ ਸਾਹਿਤ ਸਭਾ ਦੀਆਂ ਸਰਗਰਮੀਆਂ ’ਚ ਲਗਾਤਾਰ ਸ਼ਮੂਲੀਅਤ ਕੀਤੀ। ‘ਕਿਰਤੀ ਕਿੱਸਾ’ ਪਰਚੇ ਦੇ ਸੰਪਾਦਕੀ ਮੰਡਲ ’ਚ ਖਜ਼ਾਨਚੀ ਦੀ ਜਿ਼ੰਮੇਵਾਰੀ ਨਿਭਾਈ। ਇਹ ਪਰਚਾ ਬੰਦ ਹੋਣ ਪਿੱਛੋਂ ‘ਕਿਰਤੀ ਯੁੱਗ’ ਵਿਚ ਵੀ ਆਪਣਾ ਯੋਗਦਾਨ ਪਾਉਂਦਾ ਰਿਹਾ। ਉਸ ਨੇ ਬੋਘੜ ਸਿੰਘ ਨਾਲ ਕਵੀਸ਼ਰੀ ਜਥਾ ਬਣਾਇਆ, ਅਨੇਕ ਇਨਕਲਾਬੀ ਗੀਤ ਲਿਖੇ, ਮੰਚਾਂ ’ਤੇ ਗਾਏ ਅਤੇ ਪਿੰਡ ਪਿੰਡ ਜਾ ਕੇ ਇਨਕਲਾਬੀ ਸਭਿਆਚਾਰ ਦਾ ਪ੍ਰਚਾਰ ਪ੍ਰਸਾਰ ਕੀਤਾ। ਉਸ ਦਾ ਜੇਲ੍ਹ ’ਚ ਲਿਖਿਆ ਗੀਤ ‘ਕੰਬਲ ਪਿਆਰੇ ਜੇਲ੍ਹ ਦੇ ਮਾਫ਼ੀ ਮੰਗ ਕੇ ਗੱਦਾਰ ਨਹੀਂ ਕਹਾਉਣਾ’ ਬੇਹੱਦ ਮਕਬੂਲ ਹੋਇਆ। ਉਹ ਲੋਕ ਲਿਖਾਰੀ ਕੇਂਦਰ ਬਠਿੰਡਾ ਨਾਲ ਵੀ ਜੁੜਿਆ ਰਿਹਾ। ਕੇਂਦਰ ਵੱਲੋਂ ਪ੍ਰਕਾਸ਼ਿਤ ਫਰਵਰੀ 1978 ਦੇ ‘ਅਗਨਬਾਣ’ ਪਰਚੇ ਵਿਚ ਛਪੇ ਉਸ ਦੇ ਦੋ ਗੀਤ ‘ਰਾਹ ਫੜੋ ਸ਼ਹੀਦਾਂ ਦਾ ਜਿਹੜੇ ਸੁੱਤੇ ਲੋਕ ਜਗਾ ਗਏ’ ਅਤੇ ‘ਵਈ ਜਾਗਦੇ ਰਹਿਣਾ’ ਦਹਾਕਾ ਭਰ ਇਨਕਲਾਬੀ ਕਾਰਕੁਨਾਂ ਦੀ ਜ਼ਬਾਨ ’ਤੇ ਰਹੇ। 1970 ’ਚ ਅਧਿਆਪਨ ਕਿੱਤੇ ਵਿਚ ਆ ਜਾਣ ਦੇ ਬਾਵਜੂਦ ਉਸ ਨੇ ਇਨਕਲਾਬੀ ਸਰਗਰਮੀਆਂ ਤੋਂ ਮੂੰਹ ਨਹੀਂ ਮੋੜਿਆ। ਇਸ ਦੀ ਉਸ ਨੂੰ ਭਾਰੀ ਕੀਮਤ ਵੀ ਚੁਕਾਉਣੀ ਪਈ। ਪੁਲੀਸ ਨੇ ਵਾਰ ਵਾਰ ਝੂਠੇ ਕੇਸਾਂ ਤਹਿਤ ਗ੍ਰਿਫ਼ਤਾਰ ਕਰ ਕੇ ਅੰਨ੍ਹਾ ਤਸ਼ੱਦਦ ਕੀਤਾ। ਉਸ ਦੇ ਪਿਤਾ ਕਾਕਾ ਸਿੰਘ ਨੂੰ ਥਾਣਿਆਂ ਵਿਚ ਖੱਜਲ-ਖੁਆਰ ਕੀਤਾ ਜਾਂਦਾ ਰਿਹਾ। 28 ਫਰਵਰੀ 1975 ਨੂੰ ਰੱਲਾ ਪਿੰਡ ਦੇ ਪੁਲੀਸ ਨਾਲ ਹੋਏ ਟਕਰਾਓ ਬਾਅਦ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ। 1975-76 ਦੇ ਐਮਰਜੈਂਸੀ ਦੇ ਸਮੇਂ ਦੌਰਾਨ ਉਸ ਨੂੰ ਦੋ ਵਾਰ ਗ੍ਰਿਫਤਾਰ ਕੀਤਾ ਗਿਆ ਅਤੇ ਸੀਆਈਏ ਬਠਿੰਡਾ ’ਚ ਤਸ਼ੱਦਦ ਬਾਅਦ ਮਾਨਸਾ ਜੇਲ੍ਹ ਵਿਚ 6 ਮਹੀਨਿਆਂ ਤੋਂ ਵੱਧ ਸਮਾਂ ਰੱਖਿਆ। ਸਰਕਾਰ ਨੇ ਉਸ ਨੂੰ ਨੌਕਰੀ ਤੋਂ 6 ਮਹੀਨੇ ਮੁਅੱਤਲ ਰੱਖਿਆ।
ਪੰਜਾਬ ਦੇ ਕ੍ਰਾਂਤੀਕਾਰੀ ਸਾਹਿਤਕਾਰਾਂ ਗੁਰਸ਼ਰਨ ਸਿੰਘ, ਬਾਬਾ ਦੇਵਾ ਸਿੰਘ ਮਾਹਲਾ, ਸੰਤੋਖ ਸਿੰਘ ਬਾਜਵਾ, ਡਾ. ਸਾਧੂ ਸਿੰਘ ਆਦਿ ਨੇ ਮਿਲ ਕੇ 22 ਅਪਰੈਲ 1981 ਨੂੰ ਝੁਨੀਰ ਵਿਚ ਸਾਹਿਤਕਾਰਾਂ ਦੀ ਕਨਵੈਨਸ਼ਨ ਕਰ ਕੇ ਕ੍ਰਾਂਤੀਕਾਰੀ ਸਾਹਿਤ ਸਭਾ, ਪੰਜਾਬ ਦੀ ਸਥਾਪਨਾ ਕੀਤੀ। ਸੁਰਜੀਤ ਅਰਮਾਨੀ ਨੂੰ ਮਾਨਸਾ ਜਿ਼ਲ੍ਹੇ ਦੇ ਪ੍ਰਧਾਨ ਦੀ ਜਿ਼ੰਮੇਵਾਰੀ ਸੌਂਪੀ ਗਈ ਸੀ।
ਸੁਰਜੀਤ ਅਰਮਾਨੀ ਨੇ ਜਿਨ੍ਹਾਂ ਵਿਚਾਰਾਂ ਦਾ ਪ੍ਰਚਾਰ ਕੀਤਾ, ਉਨ੍ਹਾਂ ਨੂੰ ਆਪਣੀ ਨਿੱਜੀ ਜਿ਼ੰਦਗੀ ਵਿਚ ਅਮਲ ’ਚ ਲਾਗੂ ਕੀਤਾ। ਇਸ ਦੀ ਉਘੜਵੀਂ ਮਿਸਾਲ ਹੈ ਕਿ ਉਸ ਨੇ ਆਪਣੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਦੀ ਸ਼ਾਦੀ ਬਿਨਾਂ ਦਾਜ ਕੀਤੀ। ਆਪਣੇ ਘਰ ਅੰਦਰ ਕੋਈ ਧਾਰਮਿਕ ਰਸਮ ਨਹੀਂ ਕੀਤੀ।... ਉਸ ਨੇ ਆਪਣੇ ਵਿਗਿਆਨਕ ਵਿਚਾਰਾਂ ’ਤੇ ਦ੍ਰਿੜ ਰਹਿੰਦਿਆਂ ਅੱਗੇ ਕਿਹਾ ਕਿ ਮਰਨ ਉਪਰੰਤ ਕੋਈ ਸਵਰਗ ਨਰਕ ਨਹੀਂ, ਇਸ ਲਈ ਉਨ੍ਹਾਂ ਵਾਸਤੇ ਕੋਈ ਧਾਰਮਿਕ ਰਸਮ ਨਾ ਕੀਤੀ ਜਾਵੇ, ਕਿਸੇ ਦਿਨ 2 ਘੰਟੇ ਬੈਠ ਕੇ ਵਿਚਾਰ ਚਰਚਾ ਕੀਤੀ ਜਾਵੇ। ਉਨ੍ਹਾਂ ਦੀਆਂ ਇਨਕਲਾਬੀ ਭਾਵਨਾਵਾਂ ਦੀ ਕਦਰ ਕਰਦਿਆਂ ਸੁਰਜੀਤ ਅਰਮਾਨੀ ਨੂੰ ਸ਼ਰਧਾਂਜਲੀ ਦੇਣ ਲਈ 25 ਜਨਵਰੀ 2024 ਨੂੰ ਕਰੀਬ 12 ਵਜੇ ਪੰਜਾਬ ਭਰ ’ਚੋਂ ਇਨਕਲਾਬੀ ਲੇਖਕ, ਵੱਖ ਵੱਖ ਸਾਹਿਤਕ, ਸਿਆਸੀ ਅਤੇ ਜਨਤਕ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਕਾਫਲਿਆਂ ਦੇ ਰੂਪ ’ਚ ਬੁਰਜ ਢਿੱਲਵਾਂ ਦੀ ਧਰਤੀ ’ਤੇ ਪਹੁੰਚ ਰਹੇ ਹਨ।
ਸੰਪਰਕ: 78887-38476