For the best experience, open
https://m.punjabitribuneonline.com
on your mobile browser.
Advertisement

ਜਿਉਣਾ ਮੌੜ ਨੂੰ ਅਮਰ ਕਰਨ ਵਾਲਾ ਗਾਇਕ ਸੁਰਿੰਦਰ ਛਿੰਦਾ

10:06 AM Aug 05, 2023 IST
ਜਿਉਣਾ ਮੌੜ ਨੂੰ ਅਮਰ ਕਰਨ ਵਾਲਾ ਗਾਇਕ ਸੁਰਿੰਦਰ ਛਿੰਦਾ
Advertisement

ਨਵਦੀਪ ਸਿੰਘ ਗਿੱਲ
ਜਿਵੇਂ ਵਾਰਿਸ਼ ਸ਼ਾਹ ਤੇ ਹੀਰ ਨੂੰ ਨਿਖੇੜ ਕੇ ਨਹੀਂ ਵੇਖਿਆ ਜਾ ਸਕਦਾ, ਉਵੇਂ ਹੀ ਸੁਰਿੰਦਰ ਛਿੰਦਾ ਤੇ ਜਿਉਣਾ ਮੌੜ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਜੇ ਵਾਰਿਸ਼ ਸ਼ਾਹ ਹੀਰ ਨਾ ਲਿਖਦਾ ਤਾਂ ਹੀਰ ਕਿਵੇਂ ਮਕਬੂਲ ਹੁੰਦੀ। ਉਵੇਂ ਹੀ ਜੇ ਸੁਰਿੰਦਰ ਛਿੰਦਾ ਆਪਣੀ ਬੁਲੰਦ ਆਵਾਜ਼ ਵਿੱਚ ਜਿਉਣਾ ਮੌੜ ਨਾ ਗਾਉਂਦਾ ਤਾਂ ਅੱਜ ਦੀ ਬਹੁਗਿਣਤੀ ਪੀੜ੍ਹੀ ਇਸ ਲੋਕ ਗਾਇਕ ਦੀ ਗਾਥਾ ਤੋਂ ਅਣਜਾਣ ਹੀ ਰਹਿੰਦੀ। ਜਿਉਣਾ ਮੌੜ ਨੂੰ ਅਮਰ ਕਰਨ ਵਾਲਾ ਪੰਜਾਬੀ ਲੋਕ ਗਾਇਕੀ, ਦੋਗਾਣਾ ਗਾਇਕੀ ਤੇ ਲੋਕ ਗਾਥਾਵਾਂ ਦੀ ਗਾਇਕੀ ਦਾ ਥੰਮ੍ਹ ਸੁਰਿੰਦਰ ਛਿੰਦਾ 26 ਜੁਲਾਈ 2023 ਨੂੰ ਸਦੀਵੀ ਵਿਛੋੜਾ ਦੇ ਗਿਆ। ਸੁਰਿੰਦਰ ਛਿੰਦਾ ਹਰਫ਼ਨਮੌਲਾ ਕਲਾਕਾਰ ਸੀ ਜਿਹੜਾ ਗਾਇਕੀ ਦੀ ਹਰ ਵਿਧਾ ਵਿੱਚ ਸਰੋਤਿਆਂ ਵਿੱਚ ਪ੍ਰਵਾਨ ਹੋਇਆ। ਅਖਾੜਿਆਂ ਦਾ ਬਾਦਸ਼ਾਹ ਹੋਣ ਦੇ ਨਾਲ ਪੰਜਾਬੀ ਫਿਲਮਾਂ ਦਾ ਵੀ ਉਹ ਵੱਡਾ ਨਾਮ ਸੀ। ਉਹ ਸਟੇਜ ਉੱਪਰ ਆਪਣੇ ਭਰਵੇਂ ਜੁੱਸੇ ਤੇ ਪੰਜਾਬੀ ਪਹਿਰਾਵੇ ਵਿੱਚ ਭਲਵਾਨਾਂ ਵਰਗੀ ਦਿੱਖ ਵਾਲਾ ਦਰਸ਼ਨੀ ਗਾਇਕ ਸੀ। ਉਹ ਸਟੇਜ ਦੇ ਨਾਲ ਆਮ ਜ਼ਿੰਦਗੀ ਵਿੱਚ ਬਹੁਤ ਫੱਬਦਾ ਤੇ ਜਚਦਾ ਸੀ ਅਤੇ ਉਸ ਦੀ ਆਵਾਜ਼ ਦੀ ਮੜ੍ਹਕ ਨਾਲ ਗਾਇਕੀ ਵਿੱਚ ਪੂਰੀ ਚੜ੍ਹਤ ਸੀ। ਉਸ ਨੂੰ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਸ਼੍ਰੋਮਣੀ ਗਾਇਕ ਅਤੇ ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਿਆ।
ਲੁਧਿਆਣਾ ਦੀ ਬੁੱਕਲ ਵਿੱਚ ਵਸੇ ਪਿੰਡ ਇਆਲੀ ਖੁਰਦ ਵਿਖੇ ਬਚਨ ਰਾਮ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ 20 ਮਈ 1953 ਨੂੰ ਜਨਮੇ ਸਰਿੰਦਰ ਛਿੰਦੇ ਦਾ ਅਸਲ ਨਾਮ ਸੁਰਿੰਦਰ ਪਾਲ ਸਿੰਘ ਧਾਮੀ ਸੀ, ਪਰ ਗਾਇਕੀ ਦੇ ਖੇਤਰ ਵਿੱਚ ਉਹ ਸੁਰਿੰਦਰ ਛਿੰਦਾ ਵਜੋਂ ਜਾਣਿਆ ਗਿਆ। ਉਸ ਦੀ ਮਕਬੂਲੀਅਤ ਦੀਆਂ ਹੱਦਾਂ ਅਜਿਹੀਆਂ ਟੱਪੀਆਂ ਕਿ ਪੰਜਾਬੀ ਗਾਇਕੀ ਵਿੱਚ ਦਰਜਨ ਦੇ ਕਰੀਬ ਹੋਰ ਗਾਇਕਾਂ ਨੇ ਆਪਣੇ ਨਾਮ ਨਾਲ ਛੋਟਾ ਨਾਂ ‘ਛਿੰਦਾ’ ਲਗਾਇਆ। ਉਸ ਨੂੰ ਗਾਇਕੀ ਵਿਰਾਸਤ ਵਿੱਚੋਂ ਮਿਲੀ। ਉਸ ਦੇ ਪਿਤਾ ਮਿਸਤਰੀ ਭਜਨ ਸਿੰਘ ਪੰਡਤ ਗੋਵਰਧਨ ਦਾਸ ਅੱਪਰਾ ਵਾਲੇ ਕੋਲੋਂ ਸਿਖਲਾਈ ਹਾਸਲ ਕਰਦੇ ਸਨ। ਛਿੰਦੇ ਦੇ ਵੀ ਪਹਿਲੇ ਉਸਤਾਦ ਗੋਵਰਧਨ ਦਾਸ ਸਨ ਜਿਨ੍ਹਾਂ ਕੋਲੋਂ ਉਸ ਨੇ ਹਾਰਮੋਨੀਅਮ ਉਤੇ ਭੈਰਵ ਰਾਗ ਗਾਇਆ। ਉਸ ਦਾ ਨਾਨਾ ਦੋਤਾਰੇ ਉੱਤੇ ਗਾਉਂਦਾ ਰਿਹਾ। ਸੁਰਿੰਦਰ ਛਿੰਦੇ ਨੇ ਬਾਲੜੀ ਉਮਰੇ ਰਾਮਲੀਲਾ ਦੀ ਸਟੇਜ ਉਤੇ ਪਹਿਲੀ ਵਾਰੀ ਗਾਇਕ ਚਾਂਦੀ ਰਾਮ ਨੂੰ ਗਾਉਂਦੇ ਸੁਣਿਆ ਸੀ ਅਤੇ ਉਸ ਤੋਂ ਬਾਅਦ ਉਸ ਅੰਦਰ ਵੀ ਗਾਇਕ ਬਣਨ ਦੀ ਇੱਛਾ ਪੈਦਾ ਹੋਈ। ਉਸ ਨੇ ਸਕੂਲ ਸਿੱਖਿਆ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਲੱਕੜ ਬਜ਼ਾਰ ਤੋਂ ਹਾਸਲ ਕੀਤੀ ਜਿੱਥੇ ਉਸ ਨੂੰ ਪੀ.ਟੀ. ਮਾਸਟਰ ਹਰਦੇਵ ਸਿੰਘ ਨੇ ਬਾਲ ਸਭਾਵਾਂ ਵਿੱਚ ਗਾਉਣ ਦਾ ਮੌਕਾ ਦਿੱਤਾ।
ਸੁਰਿੰਦਰ ਛਿੰਦੇ ਦੇ ਪਿਤਾ ਉਸਤਾਦ ਜਸਵੰਤ ਭੰਵਰਾ ਦੇ ਘਰ ਕੰਮ ਕਰਦੇ ਸਨ ਜਿੱਥੇ ਛਿੰਦਾ ਵੀ ਕਦੇ-ਕਦਾਈਂ ਰੋਟੀ ਲੈ ਕੇ ਜਾਂਦਾ। ਉੱਥੇ ਹੀ ਉਸ ਦੇ ਪਿਤਾ ਨੇ ਜਸਵੰਤ ਭੰਵਰਾ ਕੋਲ ਛਿੰਦੇ ਨੂੰ ਸ਼ਾਗਿਰਦ ਬਣਾਉਣ ਦੀ ਇੱਛਾ ਪ੍ਰਗਟਾਈ। ਉਸ ਨੇ ਆਪਣੇ ਗੁਰੂ ਨੂੰ ਪਹਿਲੀ ਵਾਰ ਰਾਗ ਭੈਰਵ ਗਾ ਕੇ ਸੁਣਾਇਆ। ਉਸਤਾਦ ਜਸਵੰਤ ਭੰਵਰਾ ਤੋਂ ਗਾਇਕੀ ਦੀਆਂ ਬਾਰੀਕੀਆਂ ਸਿੱਖਣ ਤੋਂ ਬਾਅਦ ਉਸ ਨੇ 22 ਵਰ੍ਹਿਆਂ ਦੀ ਉਮਰੇ 1975 ਵਿੱਚ ਆਪਣਾ ਪਹਿਲਾ ਗੀਤ ਰਿਕਾਰਡ ਕਰਵਾਇਆ। ਪਹਿਲੀ ਵਾਰ ਦਿੱਲੀ ਰਿਕਾਰਡਿੰਗ ’ਤੇ ਜਾਣ ਲਈ ਛਿੰਦੇ ਨੇ ਕੋਲਿਆਂ ਦਾ ਡਿਪੂ ਵਾਲੇ ਕੋਲੋਂ ਮੁੰਦੀ ਤੇ ਘੜੀ ਗਹਿਣੇ ਰੱਖ ਕੇ 200 ਰੁਪਏ ਉਧਾਰੇ ਲਏ ਸਨ। ਰੀਗਲ ਹੋਟਲ ਵਿਖੇ ਰਾਤ ਗੁਜ਼ਾਰੀ। ਛਿੰਦਾ ਜਦੋਂ ਦਰਿਆਗੰਜ ਸਥਿਤ ਐੱਚ.ਐੱਮ.ਵੀ. ਦੀਆਂ ਪੌੜੀਆਂ ਪਹਿਲੀ ਵਾਰ ਚੜ੍ਹਿਆ ਤਾਂ ਉਸ ਕੋਲੋਂ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ। ਦੂਹਰਾ ਐਡੀਸ਼ਨ ਹੋਇਆ ਜੋ ਪਾਸ ਤਾਂ ਕਰ ਲਿਆ, ਪਰ ਰਿਕਾਰਡਿੰਗ ਲਈ ਤਰੀਕ ਨਾ ਮਿਲੇ। ਦੂਜੀ ਵਾਰ ਛਿੰਦੇ ਨੇ ਪੈਸੇ ਦੀ ਕਿੱਲਤ ਕਾਰਨ ਆਪਣੇ ਮਾਮੇ ਨਾਲ ਟਰੱਕ ਵਾਲੇ ਤੋਂ ਲਿਫਟ ਲੈ ਕੇ ਦਿੱਲੀ ਗੇੜਾ ਲਾਇਆ। ਰਾਸਤੇ ਵਿੱਚ ਟਰੱਕ ਡਰਾਈਵਰ ਛਿੰਦੇ ਕੋਲੋਂ ਗੀਤ ਸੁਣਦਾ ਰਿਹਾ। ਛਿੰਦੇ ਨੇ ਡੈਸ਼ ਬੋਰਡ ਨੂੰ ਢੋਲਕ ਬਣਾ ਲਿਆ। ਐਡੀਸ਼ਨ ਮੌਕੇ ਛਿੰਦੇ ਕੋਲੋਂ ਆਵਾਜ਼ ਨਾ ਨਿਕਲੇ। ਜਸਵੰਤ ਭੰਵਰਾ ਉਸ ਦੀ ਮਜਬੂਰੀ ਸਮਝ ਗਏ ਅਤੇ ਦੂਜੇ ਦਿਨ ਦੁਬਾਰਾ ਮੌਕਾ ਦਿੱਤਾ। ਫੇਰ ਕੀ ਸੀ ਛਿੰਦਾ ਪਾਸ ਹੋ ਗਿਆ ਅਤੇ ਪਹਿਲੇ ਰਿਕਾਰਡ ਹੋਏ ਦੋਗਾਣੇ ਨੂੰ ਸੰਗੀਤ ਵੀ ਜਸਵੰਤ ਭੰਵਰਾ ਨੇ ਹੀ ਦਿੱਤਾ।
ਦੋ ਸਾਲਾਂ ਬਾਅਦ ਦੇਵ ਥਰੀਕਿਆਂ ਦੀਆਂ ਲਿਖੀਆਂ ਲੋਕ ਗਾਥਾਵਾਂ ਦੀ ਕੈਸੇਟ ‘ਉੱਚਾ ਬੁਰਜ ਲਾਹੌਰ ਦਾ’ ਨਾਲ ਉਹ ਗਾਇਕੀ ਵਿੱਚ ਪੱਕੇ ਪੈਰੀਂ ਹੋ ਗਿਆ। ‘ਨੈਣਾਂ ਦੇ ਵਣਜਾਰੇ’ ਨਾਲ ਉਸ ਨੇ ਇੱਕ ਹੋਰ ਪੁਲਾਂਘ ਪੁੱਟੀ। ਉਸ ਨੇ ਗਾਇਕੀ ਦੇ ਛੇਵੇਂ ਸਾਲ ਹੀ 1981 ਵਿੱਚ ਉਹ ਸਿਖਰ ਛੂਹ ਲਿਆ ਜਿਸ ਨੂੰ ਛੂਹਣ ਲਈ ਵੱਡੇ ਕਲਾਕਾਰਾਂ ਦੀ ਸਾਰੀ ਉਮਰ ਲੱਗ ਜਾਂਦੀ ਹੈ। ਦੇਵ ਥਰੀਕਿਆਂ ਵੱਲੋਂ ‘ਜਿਉਣਾ ਮੌੜ’ ਓਪੇਰਾ ਲਿਖਿਆ ਗਿਆ ਜਿਸ ਬਾਰੇ ਕਈ ਦੰਦ ਕਥਾਵਾਂ ਪ੍ਰਚੱਲਿਤ ਹਨ ਕਿ ਇਹ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਲਈ ਲਿਖਿਆ ਗਿਆ ਸੀ ਜਾਂ ਫੇਰ ਸੁਰਿੰਦਰ ਛਿੰਦਾ ਲਈ। ਕਿਹਾ ਜਾਂਦਾ ਹੈ ਕਿ ਕੁਲਦੀਪ ਮਾਣਕ ਉਸ ਸਮੇਂ ਦੌਰਾਨ ਵਿਦੇਸ਼ ਟੂਰ ਉਤੇ ਗਿਆ ਸੀ ਅਤੇ ਸੁਰਿੰਦਰ ਛਿੰਦਾ ਇਸ ਓਪੇਰੇ ਨੂੰ ਗਾਉਣਾ ਚਾਹੁੰਦਾ ਸੀ। ਦੇਵ ਥਰੀਕਿਆ ਵੱਲੋਂ ਪਹਿਲੀ ਵਾਰ ਨਾਂਹ ਕਰਨ ਉਤੇ ਛਿੰਦਾ ਨੇ ਆਪਣੇ ਦੋਸਤ ਅਤੇ ਗੀਤਕਾਰ ਸ਼ਮਸ਼ੇਰ ਸੰਧੂ ਦੀ ਸਿਫਾਰਸ਼ ਨਾਲ ਦੇਵ ਤੋਂ ਹਾਂ ਕਰਵਾਈ। ਉਸ ਤੋਂ ਬਾਅਦ ਛਿੰਦਾ ਨੇ ਅਜਿਹੀ ਬੁਲੰਦ ਆਵਾਜ਼ ਵਿੱਚ ਜਿਉਣਾ ਮੌੜ ਗਾਇਆ ਕਿ ਤਾਉਮਰ ਉਸ ਦੀ ਪਛਾਣ ਜਿਉਣਾ ਮੌੜ ਵਾਲੇ ਸੁਰਿੰਦਰ ਛਿੰਦੇ ਦੀ ਬਣ ਗਈ। ਦੇਵ ਦਾ ਖੁਦ ਮੰਨਣਾ ਸੀ ਕਿ ਛਿੰਦੇ ਨੇ ਜਿਉਣਾ ਮੌੜ ਦੇ ਕਿਰਦਾਰ ਨਾਲ ਪੂਰਾ ਇਨਸਾਫ਼ ਕੀਤਾ। ਜਿਉਣਾ ਮੌੜ ਓਪੇਰੇ ਦੇ ਗੀਤ ਪਹਿਲਾਂ ਲਿਖੇ ਗਏ ਅਤੇ ਗੀਤਾਂ ਵਿਚਕਾਰਲੇ ਡਾਇਲਾਗ ਬਾਅਦ ਵਿੱਚ। ਦੇਵ ਤੇ ਛਿੰਦਾ ਇੱਕੋ ਪਿੰਡ ਵਿਆਹੇ ਹੋਣ ਕਰਕੇ ਨੇੜਤਾ ਵੀ ਬਹੁਤ ਸੀ ਅਤੇ ਦੇਵ ਨੇ ਮਾਣਕ ਤੋਂ ਬਾਅਦ ਛਿੰਦੇ ਲਈ ਸਭ ਤੋਂ ਅਹਿਮ ਗੀਤ ਲਿਖੇ। ਇਸ ਤੋਂ ਬਾਅਦ ਗੁੱਗੂ ਗਿੱਲ ਦੀ ‘ਜਿਉਣਾ ਮੌੜ’ ਫਿਲਮ ਵਿੱਚ ਵੀ ਛਿੰਦੇ ਨੇ ਕਿਰਦਾਰ ਨਿਭਾਇਆ। ਸੰਗਰੂਰ ਸਥਿਤ ਜਿਉਣਾ ਮੌੜ ਦੇ ਪਿੰਡ ਮੌੜ ਵਿਖੇ ਉਹ ਹਰ ਸਾਲ ਸਿਜਦਾ ਕਰਨ ਜਾਂਦਾ ਸੀ।
ਸੁਰਿੰਦਰ ਛਿੰਦੇ ਦੇ ਜਿਉਣਾ ਮੌੜ ਦਾ ਜਾਦੂ ਹਾਲੇ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਹੀ ਰਿਹਾ ਸੀ ਕਿ ਜਗਜੀਤ ਚੂਹੜਚੱਕ ਦੇ ਨਿਰਦੇਸ਼ਨ ਹੇਠ ਬਣੀ ਪੰਜਾਬੀ ਫਿਲਮ ‘ਪੁੱਤ ਜੱਟਾਂ ਦੇ’ ਦਾ ਟਾਈਟਲ ਗੀਤ ਸੁਰਿੰਦਰ ਛਿੰਦਾ ਨੇ ਗਾਇਆ ਤਾਂ ਉਸ ਦੀਆਂ ਹੋਰ ਧੁੰਮਾਂ ਪੈ ਗਈਆਂ। ਗੜਕਵੀਂ ਤੇ ਟੁਣਕਵੀਂ ਆਵਾਜ਼ ਵਿੱਚ ਗਾਇਆ ‘ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ’ ਗੀਤ ਲੋਕ ਗੀਤ ਹੀ ਬਣ ਗਿਆ ਜਿਸ ਨੂੰ ਬਾਅਦ ਵਿੱਚ ਕਈ ਗਾਇਕਾਂ ਨੇ ਗਾਇਆ, ਪਰ ਇਸ ਗੀਤ ਦਾ ਜ਼ਿਕਰ ਆਉਂਦਿਆਂ ਹੀ ਛਿੰਦੇ ਦਾ ਨਾਮ ਪਹਿਲਾਂ ਚੇਤੇ ਆਉਂਦਾ ਹੈ। ਇਸ ਫਿਲਮ ਰਾਹੀਂ ਉਹ ਗਾਇਕ ਦੇ ਨਾਲ ਅਦਾਕਾਰ ਦੇ ਰੂਪ ਵਿੱਚ ਸਰੋਤਿਆਂ ਦੇ ਸਾਹਮਣੇ ਆਇਆ। ਜਿਉਣਾ ਮੌੜ ਤੇ ਪੁੱਤ ਜੱਟਾਂ ਦੇ ਗੀਤਾਂ ਤੋਂ ਇਲਾਵਾ ਛਿੰਦੇ ਦਾ ਤੀਜਾ ਸਭ ਤੋਂ ਮਕਬੂਲ ਗੀਤ ‘ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ, ਬਾਬਿਆਂ ਦੇ ਚੱਲ ਚੱਲੀਏ’ ਰਿਹਾ। ਇਸ ਤੋਂ ਬਾਅਦ ਤਾਂ ਉਹ ਟਰੱਕਾਂ ਵਾਲਿਆਂ ਦਾ ਹਰਮਨ ਪਿਆਰਾ ਗਾਇਕ ਹੀ ਬਣ ਗਿਆ। ਸ਼ਾਇਦ ਹੀ ਕੋਈ ਅਖਾੜਾ ਹੋਵੇ ਜਿੱਥੇ ਉਸ ਨੂੰ ਇਸ ਗਾਣੇ ਦੀ ਫਰਮਾਇਸ਼ ਨਾ ਹੋਈ ਹੋਵੇ। ਉਂਝ ਵੀ ਛਿੰਦੇ ਨੇ ਡਰਾਈਵਰਾਂ ਦੇ ਕਈ ਗਾਣੇ ਗਏ।
ਸੁਰਿੰਦਰ ਛਿੰਦਾ ਨੇ ‘ਬਦਲਾ ਜੱਟੀ ਦਾ’, ‘ਬਗਾਵਤ’, ‘ਹੰਕਾਰ’, ‘ਤਬਾਹੀ’, ‘ਜੱਟ ਪੰਜਾਬ ਦਾ’, ‘ਚੜ੍ਹਦਾ ਸੂਰਜ’, ‘ਅਣਖੀ ਜੱਟ’, ‘ਕੀ ਬਣੂ ਦੁਨੀਆ ਦਾ’, ‘ਸਿਕੰਦਰਾ’, ‘ਪੰਜਾਬ ਬੋਲਦਾ’, ‘ਪਟੋਲਾ’ ਆਦਿ ਫਿਲਮਾਂ ਵਿੱਚ ਅਦਾਕਾਰੀ ਕੀਤੀ। ਇਸ ਤੋਂ ਬਾਅਦ ਗਾਇਕਾਂ ਦੇ ਫਿਲਮਾਂ ਵਿੱਚ ਅਖਾੜਿਆਂ ਦਾ ਅਜਿਹਾ ਰੁਝਾਨ ਚੱਲਿਆ ਕਿ ਕਰੀਬ ਹਰ ਵੱਡੀ ਪੰਜਾਬੀ ਫਿਲਮ ਵਿੱਚ ਕਿਸੇ ਨਾ ਕਿਸੇ ਮਕਬੂਲ ਗਾਇਕ ਦਾ ਅਖਾੜਾ ਹੁੰਦਾ ਸੀ।
ਦੋਗਾਣਾ ਗਾਇਕੀ ਵਿੱਚ ਮੁਹੰਮਦ ਸਦੀਕ, ਅਮਰ ਸਿੰਘ ਚਮਕੀਲਾ, ਕਲੀਆਂ-ਲੋਕ ਗਾਥਾਵਾਂ ਵਿੱਚ ਕੁਲਦੀਪ ਮਾਣਕ, ਸੋਲੋ ਗਾਇਕੀ ਵਿੱਚ ਗੁਰਦਾਸ ਮਾਨ ਅਤੇ ਫਿਲਮਾਂ ਦੇ ਅਖਾੜਿਆਂ ਵਿੱਚ ਸੁਰਜੀਤ ਬਿੰਦਰਖੀਆ ਦਾ ਵੱਡਾ ਨਾਮ ਹੈ, ਪਰ ਸੁਰਿੰਦਰ ਛਿੰਦਾ ਨੂੰ ਇਹ ਮਾਣ ਹਾਸਲ ਹੈ ਕਿ ਉਹ ਦੋਗਾਣਾ ਗਾਇਕੀ, ਸੋਲੋ ਗਾਇਕੀ, ਕਲੀਆਂ, ਲੋਕ ਗਾਥਾਵਾਂ, ਓਪੇਰੇ, ਫਿਲਮਾਂ ਵਿੱਚ ਪਿੱਠਵਰਤੀ ਗਾਇਕੀ ਤੇ ਅਖਾੜਿਆਂ ਆਦਿ ਸਭ ਦਾ ਚੈਂਪੀਅਨ ਸੀ। ਛਿੰਦੇ ਨੇ ਸੱਭਿਆਚਾਰਕ ਗੀਤਾਂ ਦੇ ਨਾਲ ਚੁਲਬੁਲੇ ਗਾਣੇ ਵੀ ਗਾਏ। ਇੱਥੋਂ ਤੱਕ ਕਿ ਧਾਰਮਿਕ ਗਾਣਿਆਂ, ਮਾਂ ਦੀਆਂ ਭੇਂਟਾਂ ਗਾਉਣ ਵਿੱਚ ਵੀ ਉਸ ਦਾ ਕੋਈ ਸਾਨੀ ਨਹੀਂ ਸੀ। ਕਲਾਸੀਕਲ ਗਾਇਕੀ ਤਾਂ ਉਸ ਨੂੰ ਮਿਲੀ ਹੀ ਵਿਰਸੇ ਤੋਂ ਹੀ ਸੀ। ਉਸ ਦਾ ‘ਸ਼ਹੀਦ ਭਗਤ ਸਿੰਘ’ ਗੀਤ ਰਾਸ਼ਟਰਪਤੀ ਭਵਨ ਵਿੱਚ ਰਿਲੀਜ਼ ਹੋਇਆ ਸੀ। ਦੋਗਾਣਾ ਗਾਇਕੀ ਵਿੱਚ ਪ੍ਰਸਿੱਧ ਗਾਇਕਾਵਾਂ ਨਰਿੰਦਰ ਬੀਬਾ, ਸੁਰਿੰਦਰ ਸੋਨੀਆ, ਗੁਲਸ਼ਨ ਕੋਮਲ, ਪਰਮਿੰਦਰ ਸੰਧੂ, ਸੁਖਵੰਤ ਸੁੱਖੀ, ਕੁਲਦੀਪ ਕੌਰ, ਊਸ਼ਾ ਕਿਰਨ ਉਸ ਦੀਆਂ ਜੋੜੀਦਾਰ ਰਹੀਆਂ। ਗੀਤਕਾਰਾਂ ਦੀ ਗੱਲ ਕਰੀਏ ਤਾਂ ਛਿੰਦੇ ਦੀ ਮਾਣਕ ਵਾਂਗ ਦੇਵ ਥਰੀਕਿਆਂ ਵਾਲੇ ਨਾਲ ਜੋੜੀ ਹਿੱਟ ਰਹੀ। ਇਸ ਤੋਂ ਇਲਾਵਾ ਉਸ ਨੇ ਪਾਲੀ ਦੇਤਵਾਲੀਆ, ਗੁਰਦੇਵ ਸਿੰਘ ਮਾਨ, ਬਾਬੂ ਸਿੰਘ ਮਾਨ, ਸ਼ਮਸ਼ੇਰ ਸੰਧੂ, ਭੱਟੀ ਭੜੀ ਵਾਲਾ, ਅਮਰੀਕ ਤਲਵੰਡੀ, ਗਿੱਲ ਸੁਰਜੀਤ ਆਦਿ ਗੀਤਕਾਰਾਂ ਦੇ ਗੀਤ ਗਾਏ। ਸ਼ਮਸ਼ੇਰ ਸੰਧੂ ਦੀ ਜ਼ਿੰਦਗੀ ਦਾ ਪਹਿਲਾ ਗੀਤ ‘ਜਾਨੀ ਚੋਰ’ ਵੀ ਸੁਰਿੰਦਰ ਛਿੰਦਾ ਨੇ ਹੀ ਗਾਇਆ ਸੀ।
ਲੋਕ ਗਾਥਾਵਾਂ ਦੀ ਗੱਲ ਕਰੀਏ ਤਾਂ ‘ਦੋ ਊਠਾਂ ਵਾਲੇ ਨੀਂ, ਲੁੱਟ ਕੇ ਸੇਜ ਸੱਸੀ ਦੀ ਲੈ ਗਏ’ ਨਾਲ ਛਿੰਦੇ ਨੇ ਕੁਲਦੀਪ ਮਾਣਕ ਨੂੰ ਪੂਰੀ ਟੱਕਰ ਦਿੱਤੀ। ਇਸ ਤੋਂ ਇਲਾਵਾ ਜੱਟ ਮਿਰਜ਼ਾ ਖਰਲਾ ਦਾ, ਦੁੱਲਾ ਭੱਟੀ, ਸੁੱਚਾ ਸੂਰਮਾ, ਹੀਰ ਸਿਆਲਾਂ ਦੀ, ਰੂਪ ਬਸੰਤ ਆਦਿ ਲੋਕ ਗਾਥਾਵਾਂ ਗਾ ਕੇ ਉਸ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਉਸ ਨੇ ਉਮਰ ਦੇ 65ਵੇਂ ਸਾਲ ਜਿਉਣਾ ਮੌੜ ਦੇ ਓਪੇਰੇ ਦੀ ਤਰਜ਼ ਉਤੇ ਕਿਸ਼ਨਾ ਮੌੜ ਓਪੇਰਾ ਗਾਇਆ ਜਿਸ ਦੀ ਵੀਡਿਓ ਰਵਿੰਦਰ ਰੰਗੂਵਾਲ ਨੇ ਬਣਾਈ ਅਤੇ ਅਤੁਲ ਸ਼ਰਮਾ ਨੇ ਸੰਗੀਤ ਦਿੱਤਾ। ਇਸ ਵਿੱਚ ਉਸ ਦੇ ਪੁੱਤਰ ਮਨਿੰਦਰ ਛਿੰਦਾ ਨੇ ਵੀ ਕੁਝ ਗੀਤ ਗਾਏ। ਜਿਉਣਾ ਮੌੜ ਦੇ ਭਰਾ ਕਿਸ਼ਨਾ ਮੌੜ ਨੂੰ ਵੀ ਦੇਵ ਥਰੀਕਿਆ ਵਾਲੇ ਨੇ ਲਿਖਿਆ ਤੇ ਸੁਰਿੰਦਰ ਛਿੰਦੇ ਨੇ ਗਾਇਆ।
ਛਿੰਦਾ ਵੱਲੋਂ ਗਾਏ ਮਕਬੂਲ ਗਾਣਿਆਂ ਵਿੱਚ ਤੀਆਂ ਲੌਗੋਂਵਾਲ ਦੀਆਂ, ਜੰਝ ਚੜ੍ਹੇ ਅਮਲੀ ਦੀ, ਤੇਰੀ ਫੀਅਟ ’ਤੇ ਜੇਠ ਨਜ਼ਾਰੇ ਲੈਂਦਾ, ਦਿੱਲੀ ਸ਼ਹਿਰ ਦੀਆਂ ਕੁੜੀਆਂ, ਜ਼ਰਾ ਬਚ ਕੇ ਮੋੜ ਤੋਂ, ਯੈਂਕੀ ਲਵ ਯੂ ਕਰਦੇ, ਗੱਲਾਂ ਸੋਹਣੇ ਯਾਰ ਦੀਆਂ, ਫੌਜੀ, ਭਾਬੀਏ ਪਾ ਸੁਰਮਾ, ਢੋਲਾ ਵੇ ਢੋਲਾ ਹਾਏ ਢੋਲਾ ਆਦਿ ਪ੍ਰਮੁੱਖ ਹਨ। 40 ਤੋਂ ਵੱਧ ਐੱਲ.ਪੀ. ਰਿਕਾਰਡ/ਕੈਸੇਟਾਂ/ਓਪੇਰੇ/ਐਲਬਮਾਂ/ਸੀ.ਡੀਜ਼ ਕੱਢੀਆਂ ਅਤੇ 165 ਤੋਂ ਵੱਧ ਗਾਣੇ ਰਿਕਾਰਡ ਕੀਤੇ। ਛਿੰਦੇ ਨੂੰ ਕਲਾਸੀਕਲ ਗਾਇਕੀ ਨਾਲ ਵੀ ਇੰਨਾ ਪਿਆਰ ਸੀ ਕਿ ਉਹ ਛੋਟਾ ਹੁੰਦਾ ਜਲੰਧਰ ਵਿਖੇ ਹਰਿਵੱਲਭ ਸੰਗੀਤ ਸੰਮੇਲਨ ਸੁਣਨ ਵੀ ਜਾਂਦਾ ਰਿਹਾ। ਉਸ ਦੇ ਸਰੋਤੇ ਹਰ ਉਮਰ ਵਰਗ ਦੇ ਸਨ ਅਤੇ ਉਸ ਦੇ ਗਾਏ ਬਹੁਤੇ ਗਾਣੇ ਸਦਾਬਹਾਰ ਹਨ। ਸਹੀ ਮਾਅਨਿਆਂ ਵਿੱਚ ਉਹ ਹਰਫਨਮੌਲਾ ਕਲਾਕਾਰ ਸੀ ਜਿਸ ਦਾ ਗਾਇਕੀ ਦੇ ਨਾਲ ਅਖਾੜਿਆਂ, ਅਦਾਕਾਰੀ ਅਤੇ ਆਮ ਮਿਲਣ ਵਿੱਚ ਹਾਜ਼ਰ ਜਵਾਬੀ ਵਿੱਚ ਕੋਈ ਮੁਕਾਬਲਾ ਨਹੀਂ ਸੀ। ਉਸ ਨੂੰ ਗਾਇਕਾਂ ਦਾ ਉਸਤਾਦ ਵੀ ਕਿਹਾ ਜਾਂਦਾ ਹੈ। ਅਮਰ ਸਿੰਘ ਚਮਕੀਲਾ, ਕੁਲਦੀਪ ਪਾਰਸ, ਸੋਹਣ ਸਿਕੰਦਰ ਸਣੇ ਅਨੇਕਾਂ ਗਾਇਕਾਂ ਨੇ ਉਸ ਨੂੰ ਉਸਤਾਦ ਧਾਰ ਕੇ ਗਾਇਕੀ ਦੀਆਂ ਮੰਜ਼ਿਲਾ ਸਰ ਕੀਤੀਆਂ। ਉਸ ਦੇ ਦੋਵੇਂ ਪੁੱਤਰਾਂ ਮਨਿੰਦਰ ਛਿੰਦਾ ਤੇ ਸਿਮਰਨ ਛਿੰਦਾ ਨੇ ਵੀ ਆਪਣੇ ਪਿਤਾ ਤੋਂ ਗਾਇਕੀ ਸਿੱਖ ਕੇ ਇਸ ਖੇਤਰ ਵਿੱਚ ਪਛਾਣ ਬਣਾਈ ਹੈ।
ਪਿੰਡ ਦੇ ਜੰਮਪਲ ਛਿੰਦੇ ਦਾ ਬਚਪਨ ਵੀ ਪੇਂਡੂ ਰਿਸ਼ਤੇਦਾਰੀਆਂ ਵਿੱਚ ਗੁਜ਼ਰਿਆ ਹੋਣ ਕਰਕੇ ਉਸ ਦੀ ਬੋਲੀ, ਪਹਿਰਾਵਾ ਤੇ ਸਲੀਕਾ ਪਿੰਡ ਵਾਲਿਆਂ ਨੂੰ ਬਹੁਤ ਪਸੰਦ ਸੀ ਅਤੇ ਪਿੰਡ ਵਾਲਿਆਂ ਲਈ ਅਖਾੜਿਆਂ ਦਾ ਉਹ ਪਸੰਦੀਦਾ ਗਾਇਕ ਸੀ। ਉਸ ਨੂੰ ਯਾਰਾਂ ਦਾ ਯਾਰ ਆਖਦੇ ਸਨ ਜਿਸ ਦੇ ਦੋਸਤਾਂ ਦਾ ਦਾਇਰਾ ਉਸ ਦੀ ਗਾਇਕੀ ਵਾਂਗ ਬਹੁਤ ਵੱਡਾ ਸੀ। ਉਸ ਦਾ ਇੱਕ ਹੋਰ ਮਕਬੂਲ ਗੀਤ ‘ਲੋਕੀਂ ਨੋਟ ਨੇ ਕਮਾਉਂਦੇ, ਅਸੀਂ ਯਾਰੀਆਂ ਕਮਾਈਆਂ’ ਛਿੰਦੇ ਦੇ ਸੁਭਾਅ ਦੀ ਸਹੀ ਸ਼ਬਦਾਂ ਵਿੱਚ ਤਰਜ਼ਮਾਨੀ ਕਰਦਾ ਹੈ। ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਅਖਾੜੇ ਲਗਾਉਣ ਵਾਲਾ ਛਿੰਦਾ ਵਿਦੇਸ਼ੀ ਟੂਰ ਲਗਾਉਣ ਵਿੱਚ ਵੀ ਮੋਹਰੀ ਸੀ। ਉਹ ਉਮਰ ਦੇ ਸੱਤਰਵੇਂ ਸਾਲ ਵਿੱਚ ਵੀ ਭਰ ਜਵਾਨੀ ਵਾਂਗ ਅਖਾੜੇ ਲਗਾਉਂਦਾ ਸੀ। 30 ਜੂਨ ਨੂੰ ਉਸ ਨੇ ਮੇਲਾ ਬਾਬਾ 9 ਗਜ਼ਾ ਪੀਰ ਉਤੇ ਪੂਰੇ ਜੋਸ਼ ਨਾਲ ਅਖਾੜਾ ਲਾਇਆ।
ਸੰਪਰਕ: 97800-36216

Advertisement

Advertisement
Advertisement
Author Image

Advertisement