ਨੀਟ ਬਾਰੇ ਸੁਪਰੀਮ ਕੋਰਟ ਦਾ ਫੈਸਲਾ ਕਾਂਗਰਸ ਦੀ ਹੋਛੀ ਰਾਜਨੀਤੀ ਦੀ ਹਾਰ: ਪ੍ਰਧਾਨ
ਨਵੀਂ ਦਿੱਲੀ, 25 ਜੁਲਾਈ
ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਅੱਜ ਕਿਹਾ ਕਿ ਕੌਮੀ ਯੋਗਤਾ ਤੇ ਦਾਖਲਾ ਪ੍ਰੀਖਿਆ-ਅੰਡਰ ਗ੍ਰੈਜੂਏਟ (ਨੀਟ-ਯੂਜੀ) ਮਾਮਲੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਵਿਦਿਆਰਥੀਆਂ ਦੀ ਹਾਰ ਨਹੀਂ ਬਲਕਿ ਕਾਂਗਰਸ ਦੇ ‘ਗੈਰਜ਼ਿੰਮੇਵਾਰ ਰਵੱਈਏ’ ਅਤੇ ‘ਹੋਛੀ ਰਾਜਨੀਤੀ’ ਦੀ ਹਾਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪੇਪਰ ਲੀਕ ਕਰਨ ਅਤੇ ਭ੍ਰਿਸ਼ਟਾਚਾਰ ਨੂੰ ਪੈਦਾ ਕਰਨ ਵਾਲੀ ਹੈ। ਪ੍ਰਧਾਨ ਨੇ ‘ਐਕਸ’ ਉੱਤੇ ਲਿਖਿਆ, ‘‘ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਪ੍ਰੀਖਿਆ ਦੀ ਪਵਿੱਤਰਾ ਵਿੱਚ ਕੋਈ ਯੋਜਨਾਬੱਧ ਉਲੰਘਣਾ ਨਹੀਂ ਪਾਈ ਗਈ ਹੈ। ਕਾਂਗਰਸ ਨੂੰ ਭਾਰਤ ਸਰਕਾਰ ’ਤੇ ਤਾਂ ਨਹੀਂ ਪਰ ਕੀ ਮਾਣਯੋਗ ਸੁਪਰੀਮ ਕੋਰਟ ’ਤੇ ਵੀ ਭਰੋਸਾ ਨਹੀਂ ਹੈ। ਨੀਟ ਮਾਮਲੇ ’ਤੇ ਸੁਪਰੀਮ ਕੋਰਟ ਦਾ ਫੈਸਲਾ ਵਿਦਿਆਰਥੀਆਂ ਦੀ ਨਹੀਂ ਕਾਂਗਰਸ ਦੇ ਗੈਰਜ਼ਿੰਮੇਵਾਰ ਰਵੱਈਏ, ਭੁਲੇਖੇ ਅਤੇ ਹੋਛੀ ਰਾਜਨੀਤੀ ਦੀ ਹਾਰ ਹੈ।’’ ਸਿੱਖਿਆ ਮੰਤਰੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਰਾਜਸਥਾਨ ਵਿੱਚ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਸਮੇਂ ਹੋਏ ਪੇਪਰ ਲੀਕ ਬਾਰੇ ਸਵਾਲ ਕੀਤਾ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ, ‘‘ਰਾਜਸਥਾਨ ਵਿੱਚ ਭਾਜਪਾ ਸਰਕਾਰ ਆਉਣ ਤੋਂ ਪਹਿਲਾਂ ਹੋਏ ਪੇਪਰ ਲੀਕ ਕੀ ਖੜਗੇ ਜੀ ਦੇ ਧਿਆਨ ਵਿੱਚ ਨਹੀਂ ਹਨ? ਆਪਣੀ ਸਰਕਾਰ ਵਿੱਚ ਹੋਏ ਪੇਪਰ ਲੀਕ ’ਤੇ ਖੜਗੇ ਜੀ ਨੇ ਚੁੱਪ ਕਿਉਂ ਧਾਰੀ ਹੋਈ ਸੀ। ਕਾਂਗਰਸ ਪੇਪਰ ਲੀਕ ਤੇ ਭ੍ਰਿਸ਼ਟਾਚਾਰ ਨੂੰ ਪੈਦਾ ਕਰਨ ਵਾਲੀ ਪਾਰਟੀ ਹੈ।’’ -ਪੀਟੀਆਈ