ਸੁਪਰੀਮ ਕੋਰਟ ਵੱਲੋਂ ਸੁਸ਼ਾਂਤ ਰਾਜਪੂਤ ਦੀ ਮੌਤ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਹੁਕਮ
ਨਵੀਂ ਦਿੱਲੀ, 19 ਅਗਸਤ
ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਬੌਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਪਟਨਾ ਵਿੱਚ ਦਰਜ ਐੱਫਆਈਆਰ ਦੀ ਪੜਤਾਲ ਸੀਬੀਆਈ ਤੋਂ ਕਰਵਾਉਣ ਦੀ ਬਿਹਾਰ ਸਰਕਾਰ ਦੀ ਸਿਫ਼ਾਰਸ਼ ਨੂੰ ਸਹੀ ਕਰਾਰ ਦਿੱਤਾ ਹੈ। ਅਦਾਲਤ ਨੇ ਮੁੰਬਈ ਪੁਲੀਸ ਨੂੰ ਕਿਹਾ ਹੈ ਕਿ ਉਹ ਹੁਣ ਤੱਕ ਕੀਤੀ ਜਾਂਚ ਦੀਆਂ ਸਾਰੀਆਂ ਫਾਈਲਾਂ ਸੀਬੀਆਈ ਦੇ ਸਪੁਰਦ ਕਰ ਦੇਵੇ। ਇਹ ਐੱਫਆਈਆਰ ਰਾਜਪੂਤ ਦੇ ਪਿਤਾ ਕ੍ਰਿਸ਼ਨ ਕਿਸ਼ੋਰ ਸਿੰਘ ਨੇ ਦਾਇਰ ਕੀਤੀ ਸੀ। ਜਸਟਿਸ ਹਰਿਸ਼ੀਕੇਸ਼ ਰਾਏ ਦੇ ਸਿੰਗਲ ਬੈਂਚ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਬਿਹਾਰ ਸਰਕਾਰ ਇਸ ਕੇਸ ਦੀ ਜਾਂਚ ਲਈ ਸੀਬੀਆਈ ਨੂੰ ਤਬਦੀਲ ਕਰ ਸਕੀ। ਉਨ੍ਹਾਂ ਕਿਹਾ ਕਿ ਬਿਹਾਰ ਪੁਲੀਸ ਨੇ ਰਾਜਪੂਤ ਦੇ ਪਿਤਾ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਸੀ ਅਤੇ ਇਸ ਨੂੰ ਸੀਬੀਆਈ ਦੇ ਹਵਾਲੇ ਕਰਨਾ ਕਾਨੂੰਨੀ ਹੈ। ਸੁਪਰੀਮ ਕੋਰਟ ਨੇ ਇਹ ਫੈਸਲਾ ਅਭਿਨੇਤਰੀ ਰੀਆ ਚੱਕਰਬਰਤੀ ਦੀ ਪਟੀਸ਼ਨ ‘ਤੇ ਫੈਸਲਾ ਸੁਣਾਇਆ। ਰੀਆ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ ਪਟਨਾ ਵਿੱਚ ਦਾਇਰ ਕੇਸ ਨੂੰ ਮੁੰਬਈ ਤਬਦੀਲ ਕੀਤਾ ਜਾਵੇ।