ਸੁਪਰੀਮ ਕੋਰਟ ਦੇ ਜੱਜ ਵਿਸ਼ਾਖਾਪਟਨਮ ਦੀ ਅਰਾਕੂ ਵੈਲੀ ਦਾ ‘ਪਰਿਵਾਰ’ ਨਾਲ ਲੈਣਗੇ ਆਨੰਦ
ਨਵੀਂ ਦਿੱਲੀ, 8 ਜਨਵਰੀ
ਭਾਰਤ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਨਿਵੇਕਲੀ ਤੇ ਆਪਣੀ ਤਰ੍ਹਾਂ ਦੀ ਪਹਿਲੀ ਪੇਸ਼ਕਦਮੀ ਤਹਿਤ ਸੁਪਰੀਮ ਕੋਰਟ ਦੇ 25 ਜੱਜਾਂ ਤੇ ਉਨ੍ਹਾਂ ਦੀਆਂ ਪਤਨੀਆਂ ਲਈ ਵਿਸ਼ਾਖਾਪਟਨਮ ਦੇ ਦੋ ਰੋਜ਼ਾ ਟੂਰ ਦਾ ਪ੍ਰਬੰਧ ਕੀਤਾ ਹੈ। ਇਸ ਫੇਰੀ ਤਹਿਤ ਸਿਖਰਲੀ ਕੋਰਟ ਦੇ ਇਹ ਜੱਜ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਂਦਿਆਂ ਵਿਸ਼ਾਖਾਪਟਨਮ ਤੇ ਨੇੜਲੀ ਅਰਾਕੂ ਵਾਦੀ ਦਾ ਆਨੰਦ ਲੈਣਗੇ। 11 ਤੇ 12 ਜਨਵਰੀ ਲਈ ਤਜਵੀਜ਼ਤ ਇਸ ਟੂਰ ਦਾ ਮੁੱਖ ਮਕਸਦ ਜੱਜਾਂ ਨੂੰ ਅਦਾਲਤੀ ਕੰਮਕਾਜ ਤੋਂ ਥੋੜ੍ਹੀ ਬ੍ਰੇਕ ਦਿਵਾਉਣਾ ਹੈ। ਸੀਜੇਆਈ ਦਫ਼ਤਰ ਨੇੜਲੇ ਸੂਤਰਾਂ ਨੇ ਕਿਹਾ ਕਿ ਇਹ ਫੇਰੀ ਪੂਰੀ ਤਰ੍ਹਾਂ ਨਿੱਜੀ ਹੈ।
ਕੋਰਟ ਦੇ ਅਧਿਕਾਰੀ ਨੇ ਕਿਹਾ, ‘‘ਇਸ ਟੂਰ ਦਾ ਇਕੋ ਇਕ ਮਕਸਦ ਜੱਜਾਂ ਨੂੰ ਆਪਣੇ ਪਰਿਵਾਰ ਨਾਲ ਵਧੀਆ ਸਮਾਂ ਬਿਤਾਉਣ ਦਾ ਮੌਕਾ ਦੇਣਾ ਹੈ। ਜੱਜਾਂ ਨਾਲ ਸਿਰਫ਼ ਉਨ੍ਹਾਂ ਦੀਆਂ ਪਤਨੀਆਂ ਹੀ ਜਾਣਗੀਆਂ। ਬੱਚਿਆਂ ਨੂੰ ਇਸ ਟੂਰ ਦਾ ਹਿੱਸਾ ਨਹੀਂ ਬਣਾਇਆ ਗਿਆ।’’ ਸੂਤਰਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਸਿਖਰਲੇ ਪੰਜ ਜੱਜਾਂ ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ, ਜਸਟਿਸ ਸੂਰਿਆ ਕਾਂਤ, ਜਸਟਿਸ ਰਿਸ਼ੀਕੇਸ਼ ਰੌਏ ਤੇ ਜਸਟਿਸ ਅਭੈ ਐੱਸ.ਓਕਾ ’ਚੋਂ ਸਿਰਫ਼ ਜਸਟਿਸ ਓਕਾ ਹੀ ਪਹਿਲਾਂ ਨਿਰਧਾਰਿਤ ਰੁਝੇਵਿਆਂ ਕਰਕੇ ਇਸ ਫੇਰੀ ’ਤੇ ਨਹੀਂ ਜਾਣਗੇ। ਸੂਤਰਾਂ ਨੇ ਕਿਹਾ ਕਿ ਜੱਜ ਤੇ ਉਨ੍ਹਾਂ ਦੀਆਂ ਪਤਨੀਆਂ ਆਪਣੀ ਇਸ ਯਾਤਰਾ ਲਈ ਐੱਲਟੀਸੀ ਵਰਤਣਗੇ ਜਾਂ ਫਿਰ ਆਪਣਾ ਖੁ਼ਦ ਦਾ ਖਰਚਾ ਕਰਨਗੇ। ਸੂਤਰਾਂ ਨੇ ਕਿਹਾ ਕਿ ਚੀਫ ਜਸਟਿਸ ਖੰਨਾ ਦੀ ਇਸ ਪੇਸ਼ਕਦਮੀ ਦਾ ਮੁੱਖ ਮਕਸਦ ਜੱਜਾਂ ਨੂੰ ਦਿੱਲੀ ਦੇ ਤਣਾਅ ਤੋਂ ਬ੍ਰੇਕ ਦਿਵਾਉਣਾ ਹੈ। ਉਨ੍ਹਾਂ ਇਸ ਬਾਰੇ ਹੋਰਨਾਂ ਸੀਨੀਅਰ ਜੱਜਾਂ ਨਾਲ ਸਲਾਹ ਮਸ਼ਵਰਾ ਕੀਤਾ, ਜਿਨ੍ਹਾਂ ਇਸ ਯੋਜਨਾ ਦੀ ਹਮਾਇਤ ਕੀਤੀ। ਇਸ ਦੌਰਾਨ ਇਹ ਫੈਸਲਾ ਵੀ ਹੋਇਆ ਕਿ ਇਸ ਟ੍ਰਿਪ ’ਤੇ ਆਉਣ ਵਾਲਾ ਸਾਰਾ ਖਰਚਾ ਜੱਜ ਖ਼ੁਦ ਕਰਨਗੇ। -ਪੀਟੀਆਈ