Stock Market: ਭਾਰਤ ਵਿੱਚ ਡੀਮੈਟ ਖਾਤਿਆਂ ਦੀ ਗਿਣਤੀ 18.5 ਕਰੋੜ ਤੋਂ ਪਾਰ
ਨਵੀਂ ਦਿੱਲੀ, 9 ਜਨਵਰੀ
ਭਾਰਤੀ ਇਕੁਇਟੀ ਬੈਂਚਮਾਰਕ ਲਗਾਤਾਰ ਗਲੋਬਲ ਪੀਅਰਸ ਨੂੰ ਪਛਾੜਦੇ ਰਹਿੰਦੇ ਹਨ। ਇਸੇ ਸਬੰਧਤ ਸਾਲ 2024 ’ਚ ਕੁੱਲ ਡੀਮੈਟ ਖਾਤਿਆਂ ਦੀ ਗਿਣਤੀ ਵਧ ਕੇ18.5 ਕਰੋੜ ਤੋਂ ਟੱਪ ਗਈ ਹੈ। ਪਿਛਲੇ ਇਕ ਸਾਲ ਦੇ ਮੁਕਾਬਲੇ ਡੀਮੈਟ ਖਾਤਿਆਂ ਦੀ ਗਿਣਤੀ ’ਚ ਲਗਭਗ 4.60 ਕਰੋੜ ਦਾ ਵਾਧਾ ਦਰਜ ਹੋਇਆ ਹੈ, ਜੋ ਕਿ ਪ੍ਰਤੀ ਮਹੀਨਾ 38 ਲੱਖ ਖਾਤਿਆਂ ਦਾ ਔਸਤ ਵਾਧਾ ਦਰਸਾਉਂਦਾ ਹੈ।
NSDL ਅਤੇ CDSL ਦੇ ਅੰਕੜਿਆਂ ਦੇ ਅਨੁਸਾਰ 2024 ਵਿੱਚ 2023 ਦੇ ਮੁਕਾਬਲੇ ਨਵੇਂ ਡੀਮੈਟ ਖਾਤਿਆਂ ਵਿੱਚ 33 ਫੀਸਦੀ ਵਾਧਾ ਹੋਇਆ ਹੈ, ਜਿਸ ਨਾਲ ਡੀਮੈਟ ਖਾਤਿਆਂ ਦੀ ਕੁੱਲ ਗਿਣਤੀ 185.3 ਮਿਲੀਅਨ ਜਾਂ 18.53 ਕਰੋੜ ਹੋ ਗਈ ਹੈ। ਕੋਵਿਡ-19 ਤੋਂ ਬਾਅਦ ਭਾਰਤ ਵਿੱਚ ਡੀਮੈਟ ਖਾਤਿਆਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ।
ਡੀਮੈਟ ਖਾਤਿਆਂ ਦੀ ਗਿਣਤੀ ਵਿੱਚ ਉਛਾਲ ਦਾ ਕਾਰਨ ਖਾਤਾ ਖੋਲ੍ਹਣ ਦੀ ਆਸਾਨ ਪ੍ਰਕਿਰਿਆ, ਸਮਾਰਟਫ਼ੋਨ ਦੀ ਵਧਦੀ ਵਰਤੋਂ ਅਤੇ ਅਨੁਕੂਲ ਮਾਰਕੀਟ ਰਿਟਰਨ ਵਰਗੇ ਕਾਰਕਾਂ ਨੂੰ ਮੰਨਿਆ ਜਾਂਦਾ ਹੈ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਡੀਮੈਟ ਖਾਤਿਆਂ ਦੀ ਗਿਣਤੀ 2019 ਵਿੱਚ 3.93 ਕਰੋੜ ਤੋਂ ਚਾਰ ਗੁਣਾ ਵਧ ਗਈ ਹੈ। ਐਸਬੀਆਈ ਰਿਸਰਚ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਵਿੱਚ 2021 ਤੋਂ ਹਰ ਸਾਲ ਘੱਟੋ-ਘੱਟ 3 ਕਰੋੜ ਨਵੇਂ ਡੀਮੈਟ ਖਾਤੇ ਖੋਲ੍ਹੇ ਜਾ ਰਹੇ ਹਨ ਅਤੇ ਲਗਭਗ ਹਰ ਚਾਰ ਵਿੱਚ ਹੁਣ ਇੱਕ (25 ਫ਼ੀਸਦੀ) ਮਹਿਲਾ ਨਿਵੇਸ਼ਕ ਹੈ।
ਪਿਛਲੇ 10 ਸਾਲਾਂ ਵਿੱਚ ਪੂੰਜੀ ਬਾਜ਼ਾਰਾਂ ਤੋਂ ਭਾਰਤੀ ਕੰਪਨੀਆਂ ਵੱਲੋਂ ਜੁਟਾਏ ਗਏ ਫੰਡਾਂ ਵਿੱਚ 10 ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ, ਜੋ ਕਿ ਵਿੱਤੀ ਸਾਲ 2014 ਵਿੱਚ 12,068 ਕਰੋੜ ਰੁਪਏ ਤੋਂ ਵਧ ਕੇ ਕੈਲੰਡਰ ਸਾਲ 2024 ਵਿੱਚ 1.67 ਲੱਖ ਕਰੋੜ ਰੁਪਏ ਹੋ ਗਿਆ ਹੈ। NSE ਮਾਰਕੀਟ ਪੂੰਜੀਕਰਨ ਵਿੱਚ 6 ਗੁਣਾ ਤੋਂ ਵੱਧ ਦਾ ਵਾਧਾ ਹੋਇਆ ਹੈ। -ਆਈਏਐੱਨਐੱਸ