ਸੁਪਰੀਮ ਕੋਰਟ ਵੱਲੋਂ ਵਿਭਵ ਕੁਮਾਰ ਤੇ ਵਿਜੈ ਨਾਇਰ ਨੂੰ ਜ਼ਮਾਨਤ
ਨਵੀਂ ਦਿੱਲੀ, 2 ਸਤੰਬਰ
ਸੁਪਰੀਮ ਕੋਰਟ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਦੋ ਆਗੂਆਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਵਿਭਵ ਕੁਮਾਰ ਅਤੇ ‘ਆਪ’ ਦੇ ਸਾਬਕਾ ਸੰਚਾਰ ਇੰਚਾਰਜ ਵਿਜੈ ਨਾਇਰ ਨੂੰ ਜ਼ਮਾਨਤ ਦੇ ਦਿੱਤੀ ਹੈ। ਵਿਭਵ ਕੁਮਾਰ ਨੂੰ ‘ਆਪ’ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ਦੇ ਮਾਮਲੇ ’ਚ ਜਦਕਿ ਵਿਜੈ ਨਾਇਰ ਨੂੰ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਰਾਹਤ ਮਿਲੀ ਹੈ।
ਜਸਟਿਸ ਸੂਰਿਆ ਕਾਂਤ ਅਤੇ ਉੱਜਲ ਭੂਯਾਨ ਦੇ ਬੈਂਚ ਨੇ ਵਿਭਵ ਕੁਮਾਰ ਨੂੰ ਕੇਜਰੀਵਾਲ ਦੇ ਨਿੱਜੀ ਸਹਾਇਕ ਵਜੋਂ ਬਹਾਲ ਨਾ ਕਰਨ ਅਤੇ ਨਾ ਹੀ ਮੁੱਖ ਮੰਤਰੀ ਦਫ਼ਤਰ ਵਿੱਚ ਕੋਈ ਅਧਿਕਾਰਤ ਕੰਮ ਦੇਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਸਾਰੇ ਗਵਾਹਾਂ ਤੋਂ ਪੁੱਛ-ਪੜਤਾਲ ਹੋਣ ਤੱਕ ਕੁਮਾਰ ਦੇ ਮੁੱਖ ਮੰਤਰੀ ਰਿਹਾਇਸ਼ ’ਚ ਦਾਖ਼ਲ ਹੋਣ ’ਤੇ ਵੀ ਰੋਕ ਲਗਾ ਦਿੱਤੀ ਹੈ। ਕੁਮਾਰ ਨੇ 13 ਮਈ ਨੂੰ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਮਾਲੀਵਾਲ ’ਤੇ ਕਥਿਤ ਹਮਲਾ ਕੀਤਾ ਸੀ।
ਉਧਰ ਵਿਜੈ ਨਾਇਰ ਦੇ ਮਾਮਲੇ ਵਿੱਚ ਜਸਟਿਸ ਰਿਸ਼ੀਕੇਸ਼ ਰਾਏ ਅਤੇ ਐੱਸਵੀਐੱਨ ਭੱਟੀ ਦੇ ਬੈਂਚ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ, ‘‘ਬਿਨਾ ਮੁਕੱਦਮੇ ਦੇ ਸਜ਼ਾ ਨਹੀਂ ਦਿੱਤੀ ਜਾ ਸਕਦੀ।’’ ਬੈਂਚ ਨੇ 12 ਅਗਸਤ ਨੂੰ ਨਾਇਰ ਦੀ ਜ਼ਮਾਨਤ ਪਟੀਸ਼ਨ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਵਾਬ ਮੰਗਿਆ ਸੀ। ਏਜੰਸੀ ਨੇ ਨਾਇਰ ਨੂੰ 13 ਨਵੰਬਰ 2022 ਨੂੰ ਗ੍ਰਿਫਤਾਰ ਕੀਤਾ ਸੀ। -ਪੀਟੀਆਈ
ਜਲਦੀ ਹੀ ਕੇਜਰੀਵਾਲ ਵੀ ਬਾਹਰ ਹੋਣਗੇ: ‘ਆਪ’
ਨਵੀਂ ਦਿੱਲੀ (ਪੱਤਰ ਪ੍ਰੇਰਕ):
ਆਮ ਆਦਮੀ ਪਾਰਟੀ ਨੇ ਵਿਜੈ ਨਾਇਰ ਦੀ ਜ਼ਮਾਨਤ ਨੂੰ ਸੱਚਾਈ ਦੀ ਜਿੱਤ ਦੱਸਿਆ ਹੈ। ਇਸ ਬਾਰੇ ਸਿਸੋਦੀਆ ਨੇ ਕਿਹਾ ਕਿ ਭਾਜਪਾ ਦੀ ਮਨਘੜਤ ਸ਼ਰਾਬ ਘੁਟਾਲੇ ਦੀ ਕਹਾਣੀ ਦਾ ਇਕ ਹੋਰ ਬੁਲਬੁਲਾ ਅੱਜ ਫਟ ਗਿਆ ਹੈ। ਉਨ੍ਹਾਂ ਨੂੰ 23 ਮਹੀਨਿਆਂ ਤੱਕ ਬਿਨਾ ਕਿਸੇ ਸਬੂਤ ਦੇ ਜੇਲ੍ਹ ਵਿੱਚ ਰੱਖਿਆ ਗਿਆ। ਅੰਤ ਵਿੱਚ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਜਲਦੀ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਬਾਹਰ ਹੋਣਗੇ।