ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਦਿੱਲੀ ਹਾਈ ਕੋਰਟ ਦੇ ਤਿੰਨ ਵਧੀਕ ਜੱਜਾਂ ਦੀ ਸਥਾਈ ਜੱਜ ਵਜੋਂ ਨਿਯੁਕਤੀ ਦੀ ਸਿਫ਼ਾਰਸ਼
ਨਵੀਂ ਦਿੱਲੀ:
ਭਾਰਤ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਪ੍ਰਧਾਨਗੀ ਵਾਲੇ ਸੁਪਰੀਮ ਕੋਰਟ ਦੇ ਕੌਲਿਜੀਅਮ ਵੱਲੋਂ ਕੇਂਦਰ ਨੂੰ ਦਿੱਲੀ ਹਾਈ ਕੋਰਟ ਦੇ ਤਿੰਨ ਵਧੀਕ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਸਥਾਈ ਜੱਜ ਵਜੋਂ ਨਿਯੁਕਤੀ ਵਾਸਤੇ ਕੀਤੀ ਗਈ ਹੈ। ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਬੀਆਰ ਗਵਈ ਦੀ ਸ਼ਮੂਲੀਅਤ ਵਾਲੇ ਇਸ ਕੌਲਿਜੀਅਮ ਨੇ ਸਿਫਾਰਸ਼ ਕੀਤੀ ਹੈ ਕਿ ਬੰਬੇ ਹਾਈ ਕੋਰਟ ਦੇ ਸੱਤ ਵਧੀਕ ਜੱਜਾਂ ਦੀ ਨਿਯੁਕਤੀ ਸਥਾਈ ਜੱਜਾਂ ਵਜੋਂ ਕੀਤੀ ਜਾਵੇ। ਕੌਲਿਜੀਅਮ ਨੇ ਜਸਟਿਸ ਸੰਜੇ ਆਨੰਦਰਾਓ ਦੇਸ਼ਮੁਖ ਅਤੇ ਵਰੂਸ਼ਾਲੀ ਵਿਜੇ ਜੋਸ਼ੀ ਨੂੰ 7 ਅਕਤੂਬਰ 2024 ਤੋਂ ਇਕ ਸਾਲ ਦੇ ਨਵੇਂ ਕਾਰਜਕਾਲ ਵਾਸਤੇ ਬੰਬੇ ਹਾਈ ਕੋਰਟ ਦੇ ਵਧੀਕ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਵੀ ਕੀਤੀ ਹੈ। 9 ਜੁਲਾਈ ਨੂੰ ਸਿਖਰਲੀ ਅਦਾਲਤ ਦੀ ਵੈੱਬਸਾਈਟ ’ਤੇ ਅਪਲੋਡ ਹੋਏ ਕੌਲਿਜੀਅਮ ਦੇ ਮਤਿਆਂ ’ਚੋਂ ਇਕ ’ਚ ਕਿਹਾ ਗਿਆ ਹੈ, ‘‘ਉਪਰੋਕਤ ਦੇ ਮੱਦੇਨਜ਼ਰ, ਕੌਲਿਜੀਅਮ ਨੇ ਵਧੀਕ ਜੱਜਾਂ ਜਸਟਿਸ ਗਿਰੀਸ਼ ਕਠਪਾਲੀਆ, ਜਸਟਿਸ ਮਨੋਜ ਜੈਨ ਅਤੇ ਜਸਟਿਸ ਧਰਮੇਸ਼ ਸ਼ਰਮਾ ਨੂੰ ਖਾਲੀ ਪਈਆਂ ਆਸਾਮੀਆਂ ’ਤੇ ਦਿੱਲੀ ਹਾਈ ਕੋਰਟ ਦੇ ਸਥਾਈ ਜੱਜ ਨਿਯੁਕਤ ਕਰਨ ਦੀ ਸਿਫ਼ਾਰਸ਼ ਕਰਨ ਦਾ ਫੈਸਲਾ ਲਿਆ ਹੈ।’’ -ਪੀਟੀਆਈ