For the best experience, open
https://m.punjabitribuneonline.com
on your mobile browser.
Advertisement

ਨਰਮੇ ਵਿੱਚ ਖ਼ੁਰਾਕੀ ਤੱਤਾਂ ਦੀ ਪੂਰਤੀ

11:42 AM Aug 26, 2023 IST
ਨਰਮੇ ਵਿੱਚ ਖ਼ੁਰਾਕੀ ਤੱਤਾਂ ਦੀ ਪੂਰਤੀ
Advertisement

ਕੁਲਵੀਰ ਸਿੰਘ*, ਹਰਜੀਤ ਸਿੰਘ ਬਰਾੜ**

Advertisement

ਨਰਮੇ ਦੇ ਚੰਗੇ ਵਾਧੇ ਅਤੇ ਝਾੜ ਲਈ ਖ਼ੁਰਾਕੀ ਤੱਤਾਂ ਦੀ ਸੰਤੁਲਿਤ ਪੂਰਤੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਦੀ ਕਪਾਹ ਪੱਟੀ ਵਿੱਚ ਤੱਤਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਇੱਥੇ ਦੀ ਮਿੱਟੀ ਰੇਤਲੀ ਤੋਂ ਚੀਕਣੀ ਮੈਰਾ ਹੈ ਅਤੇ ਜੈਵਿਕ ਮਾਦਾ ਵੀ ਘੱਟ ਹੈ। ਇਸ ਤੋਂ ਇਲਾਵਾ ਪਿਛਲੇ ਦੋ ਦਹਾਕਿਆਂ ਦੌਰਾਨ ਵੱਧ ਉਪਜ ਦੇਣ ਵਾਲੇ ਬੀਟੀ ਹਾਈਬ੍ਰਿਡਾਂ ਦੀ ਕਾਸ਼ਤ ਕਾਰਨ ਤੱਤਾਂ ਦੀ ਘਾਟ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਕਿ ਪੱਤਿਆਂ ਦੀ ਲਾਲੀ, ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨਾ ਆਦਿ ਪਹਿਲਾਂ ਨਾਲੋਂ ਵੱਧ ਉਜਾਗਰ ਹੋਈਆਂ ਹਨ। ਇਸ ਲਈ ਫ਼ਸਲ ਦੀ ਲੋੜ ਅਤੇ ਮਿੱਟੀ ਦੀ ਕਿਸਮ ਅਨੁਸਾਰ ਤੱਤਾਂ ਦਾ ਸੁਚੱਜਾ ਅਤੇ ਸੰਤੁਲਿਤ ਵਰਤੋਂ ਕਰਨਾ ਮਹੱਤਵਪੂਰਨ ਬਣ ਜਾਂਦਾ ਹੈ।
ਨਰਮੇ ਵਿੱਚ ਹਰੇ ਪੱਤਿਆਂ ਦਾ ਵਾਧਾ ਅਤੇ ਫੁੱਲ-ਡੋਡੀ ਤੇ ਟੀਂਡੇ ਪੈਣਾ ਨਾਲੋ-ਨਾਲ ਚੱਲਦਾ ਹੈ। ਇਸ ਕਾਰਨ ਨਰਮੇ ਵਿੱਚ ਖ਼ੁਰਾਕੀ ਤੱਤਾਂ ਦਾ ਪ੍ਰਬੰਧ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਫ਼ਸਲ ਵਿੱਚ ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਫੁੱਲ-ਡੋਡੀ ਅਤੇ ਟੀਂਡਿਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਝਾੜ ਘਟਦਾ ਹੈ। ਇਸ ਲਈ ਕਿਸਾਨਾਂ ਨੂੰ ਕਪਾਹ ਦੀ ਉਤਪਾਦਤਾ ਨੂੰ ਕਾਇਮ ਰੱਖਣ ਲਈ ਸਿਫ਼ਾਰਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਹੇਠਲੇ ਨੁਕਤਿਆਂ ਵੱਲ ਧਿਆਨ ਦੇ ਕੇ ਕਿਸਾਨ ਆਪਣੇ ਨਰਮੇ ਦੇ ਝਾੜ ਵਿੱਚ ਚੋਖਾ ਵਾਧਾ ਕਰ ਸਕਦੇ ਹਨ।
ਫੁੱਲ-ਡੋਡੀ ਝੜਨ ਦੀ ਰੋਕਥਾਮ: ਨਰਮੇ ਦੀ ਫ਼ਸਲ ਭਾਵੇਂ 150 ਦਿਨਾਂ ਤੋਂ ਵੱਧ ਸਮਾਂ ਲੈਂਦੀ ਹੈ ਪਰ ਜ਼ਿਆਦਾ ਮਾਤਰਾ ਵਿੱਚ ਤੱਤਾਂ ਦੀ ਲੋੜ ਕੇਵਲ ਮੁੱਢਲੇ ਦੋ ਮਹੀਨਿਆਂ ਤੱਕ ਹੀ ਸੀਮਤ ਹੁੰਦੀ ਹੈ। ਪਰ ਕੁੱਝ ਤੱਤਾਂ ਦੀ ਲੋੜ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਦੌਰਾਨ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਿੱਟੀ ਵਿੱਚ ਪਾਏ ਤੱਤ ਖ਼ਾਸ ਤੌਰ ’ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਮਰਥ ਹੁੰਦੇ ਹਨ। ਮੰਗ ਦੀ ਪੂਰਤੀ ਨਾ ਹੋਣ ਕਰਨ ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨ ਲੱਗਦੇ ਹਨ, ਇਸ ਕਾਰਨ ਫ਼ਸਲ ਦਾ ਝਾੜ ਘਟ ਜਾਂਦਾ ਹੈ। ਇਸ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਇਸ ਮੰਗ ਨੂੰ ਪੂਰਾ ਕਰਨ ਵਿੱਚ ਲਾਭਦਾਇਕ ਹੁੰਦਾ ਹੈ। ਇਹ ਫੁੱਲ ਡੋਡੀ ਅਤੇ ਕੱਚੇ ਟੀਂਡਿਆਂ ਨੂੰ ਝੜਣ ਤੋਂ ਰੋਕਦੀ ਹੈ। ਇਸ ਤਰ੍ਹਾਂ ਪੈਦਾਵਾਰ ਦੇ ਨਾਲ ਨਾਲ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਨਰਮੇ ਵਿੱਚ ਫੁੱਲ ਪੈਣ ਦੀ ਸ਼ੁਰੂਆਤ ਤੋਂ ਲੈ ਕੇ 2% ਪੋਟਾਸ਼ੀਅਮ ਨਾਈਟ੍ਰੇਟ ਦੇ ਚਾਰ ਛਿੜਕਾਅ ਹਫ਼ਤੇ ਦੇ ਵਕਫ਼ੇ ’ਤੇ ਕਰੋ 2% ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲਿਟਰ ਪਾਣੀ ਵਿਚ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ ਘੋਲ ਲਓ। ਖ਼ਿਆਲ ਰਹੇ ਕਿ ਬਾਜ਼ਾਰ ਵਿੱਚ ਇਸ ਨਾਲ ਰਲਦੇ-ਮਿਲਦੇ ਹੋਰ ਉਤਪਾਦ ਵੀ ਉਪਲਭਧ ਹਨ ਪਰ ਉਨ੍ਹਾਂ ਦੀ ਵਰਤੋਂ ਨਾਲ ਝਾੜ ਵਿੱਚ ਇਜਾਫ਼ਾ ਨਹੀਂ ਹੁੰਦਾ।
ਪੱਤਿਆਂ ਦੀ ਲਾਲੀ ਦੀ ਰੋਕਥਾਮ: ਹਲਕੀਆਂ ਜ਼ਮੀਨਾਂ ਵਿੱਚ ਬੀਟੀ ਨਰਮੇ ਦੇ ਟੀਂਡਿਆਂ ਦੇ ਵਾਧੇ ਵਾਲੇ ਸਮੇਂ ਦੌਰਾਨ ਪੱਤੇ ਲਾਲ ਹੋ ਜਾਂਦੇ ਹਨ। ਆਮ ਤੌਰ ਉੱਤੇ ਪੱਤਿਆਂ ’ਤੇ ਲਾਲੀ ਪੌਦਿਆਂ ਵਿੱਚ ਮੈਗਨੀਸ਼ੀਅਮ ਤੱਤ ਦੀ ਘਾਟ ਕਾਰਨ ਆਉਂਦੀ ਹੈ ਜਦੋਂਕਿ ਜ਼ਮੀਨ ਵਿੱਚ ਮੈਗਨੀਸ਼ੀਅਮ ਦੀ ਉਪਲਬਧਤਾ ਕਾਫ਼ੀ ਹੁੰਦੀ ਹੈ। ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ 1% ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਲਓ) ਦੇ ਦੋ ਛਿੜਕਾਅ ਫੁੱਲ ਡੋਡੀ ਅਤੇ ਟੀਂਡੇ ਬਣਨ ਦੌਰਾਨ 15 ਦਿਨਾਂ ਦੇ ਵਕਫ਼ੇ ’ਤੇ ਕਰੋ। ਜਿਸ ਖੇਤ ਵਿੱਚ ਪਿੱਛਲੇ ਸਾਲ ਨਰਮੇ ’ਤੇ ਪੱਤਿਆਂ ਦੀ ਲਾਲੀ ਆਈ ਹੋਵੇ, ਉਸ ਖੇਤ ਵਿੱਚ ਪੱਤਿਆਂ ’ਤੇ ਲਾਲੀ ਆਉਣ ਤੋਂ ਪਹਿਲਾਂ ਪਹਿਲਾਂ 1% ਮੈਗਨੀਸ਼ੀਅਮ ਸਲਫੇਟ ਦੇ ਦੋ ਛਿੜਕਾਅ ਲਾਜ਼ਮੀ ਕਰਨੇ ਚਾਹੀਦੇ ਹਨ।
ਨਰਮੇ ਨੂੰ ਔੜ ਤੋਂ ਬਚਾਉਣਾ: ਕਈ ਵਾਰ ਬਰਸਾਤਾਂ ਦੇ ਸਮੇਂ ਸਿਰ ਨਾ ਪੈਣ ਕਾਰਨ ਜਾਂ ਨਹਿਰ ਦੀ ਬੰਦੀ ਕਾਰਨ ਨਰਮੇ ਨੂੰ ਔੜ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਦੇ ਹਾਲਾਤ ਵਿੱਚ ਔਸਮੋਪਰੋਟੇਂਕਟ ਦੀ ਵਰਤੋਂ ਨਾਲ ਝਾੜ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ। ਪਾਣੀ ਦੀ ਔੜ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ 12.5 ਗ੍ਰਾਮ ਸੈਲੀਸਿਲਿਕ ਐਸਿਡ ਨੂੰ 375 ਮਿਲੀਲਿਟਰ ਈਥਾਈਲ ਅਲਕੋਹਲ ਵਿੱਚ ਘੋਲ ਲਓ ਅਤੇ ਫਿਰ ਇਸ ਨੂੰ 125 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
ਪੈਰਾਵਿਲਟ ਦੀ ਰੋਕਥਾਮ: ਪੈਰਾਵਿਲਟ ਨਾਲ ਪ੍ਰਭਾਵਿਤ ਨਰਮੇ ਵਿੱਚ ਟਾਵੇਂ-ਟਾਵੇਂ ਬੂਟੇ ਇੱਕਦਮ ਕੁਮਲਾ ਜਾਂਦੇ ਹਨ। ਇਹ ਇਕ ਅੰਦਰੂਨੀ ਵਿਕਾਰ ਹੈ ਅਤੇ ਕਿਸੇ ਵੀ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ, ਇਸ ਦਾ ਕਾਰਨ ਲੰਬੇ ਸਮੇਂ ਦੀ ਔੜ, ਤੇਜ਼ ਧੁੱਪ, ਜ਼ਿਆਦਾ ਤਾਪਮਾਨ ਤੋਂ ਬਾਅਦ ਭਾਰੀ ਸਿੰਜਾਈ ਜਾਂ ਮੀਂਹ ਆਦਿ ਪੈਰਾਵਿਲਟ ਲਈ ਅਨਕੂਲ ਹਾਲਾਤ ਤਿਆਰ ਕਰਦੇ ਹਨ। ਇਸ ਦੇ ਨਤੀਜੇ ਵਜੋਂ ਖੇਤ ਵਿੱਚ ਪਾਣੀ ਖੜ੍ਹਨ ਨਾਲ ਨਰਮੇ ਦੀਆਂ ਜੜ੍ਹਾਂ ਨੂੰ ਲੋੜੀਂਦੀ ਹਵਾ ਨਹੀਂ ਮਿਲਦੀ ਜਿਸ ਕਾਰਨ ਬੂਟਿਆਂ ਵਿੱਚ ਇਥਲੀਨ ਜ਼ਿਆਦਾ ਮਾਤਰਾ ਵਿੱਚ ਪੈਦਾ ਹੁੰਦੀ ਹੈ ਅਤੇ ਬੂਟੇ ਇਕਦਮ ਕੁਮਲਾ ਜਾਂਦੇ ਹਨ ਪਰ ਬੂਟਿਆਂ ਦੀਆਂ ਜੜ੍ਹਾਂ ਉੱਤੇ ਕੋਈ ਮਾੜਾ ਅਸਰ ਦਿਖਾਈ ਨਹੀਂ ਦਿੰਦਾ। ਬੂਟੇ ਨੂੰ ਆਸਾਨੀ ਨਾਲ ਪੁੱਟਿਆ ਨਹੀਂ ਜਾ ਸਕਦਾ।
ਪੈਰਾਵਿਲਟ ਦੀਆਂ ਮੁੱਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਪ੍ਰਭਾਵਿਤ ਬੂਟਿਆਂ ਉੱਪਰ ਕੋਬਾਲਟ ਕਲੋਰਾਈਡ ਦਾ 10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਕੋਬਾਲਟ ਕਲੋਰਾਈਡ ਦਾ ਅਸਰ ਸਿਰਫ਼ ਉਨ੍ਹਾਂ ਬੂਟਿਆਂ ’ਤੇ ਹੀ ਹੁੰਦਾ ਹੈ ਜੋ ਪੂਰੀ ਤਰ੍ਹਾਂ ਮੁਰਝਾਏ ਨਹੀਂ ਹੁੰਦੇ। ਸਾਰੇ ਖੇਤ ’ਤੇ ਇਸ ਦਵਾਈ ਨਾਲ ਛਿੜਕਾਅ ਤੋਂ ਗੁਰੇਜ਼ ਕਰੋ।
ਸਾਵਧਾਨੀਆਂ
* ਉੱਪਰ ਦੱਸੇ ਗਏ ਰਸਾਇਣਾਂ ਨੂੰ ਹੋਰ ਜ਼ਹਿਰਾਂ ਜਾਂ ਤੱਤਾਂ ਆਦਿ ਨਾਲ ਰਲਾ ਕੇ ਛਿੜਕਾਅ ਨਾ ਕਰੋ।
* ਸਿਰਫ਼ ਚੰਗੀ ਗੁਣਵੱਤਾ ਦਾ ਪਾਣੀ (ਨਹਿਰੀ ਜਾਂ ਵਾਟਰ ਵਰਕਸ) ਹੀ ਛਿੜਕਾਅ ਲਈ ਵਰਤੋ। ਟਿਊਬਵੈਲ ਦੇ ਮਾੜੇ ਪਾਣੀ ਦੀ ਵਰਤੋਂ ਤੋਂ ਗੁਰੇਜ਼ ਕਰੋ।
*ਪੀਏਯੂ, ਖੇਤਰੀ ਖੋਜ ਕੇਂਦਰ, ਫ਼ਰੀਦਕੋਟ, **ਪੀਏਯੂ, ਖੇਤਰੀ ਖੋਜ ਕੇਂਦਰ, ਬਠਿੰਡਾ।

Advertisement

Advertisement
Author Image

sukhwinder singh

View all posts

Advertisement