ਸਨੀ ਦਿਓਲ ਨੇ ਗੁਰਦਾਸਪੁਰ ਹਲਕੇ ਨੂੰ ਵਿਸਾਰਿਆ
ਟ੍ਰਿਬਿਊਨ ਿਨਊਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
ਆਪਣੀ ਫਿਲਮ ‘ਗਦਰ 2’ ਦਾ ਪ੍ਰਚਾਰ ਕਰਨ ਲਈ ਅਦਾਕਾਰ ਅਤੇ ਸੰਸਦ ਮੈਂਬਰ ਸਨੀ ਦਿਓਲ ਅੱਜ ਅੰਮ੍ਰਿਤਸਰ ਜ਼ਰੂਰ ਪੁੱਜੇ ਪਰ ਉਨ੍ਹਾਂ ਆਪਣੇ ਹਲਕੇ ਗੁਰਦਾਸਪੁਰ ਨੂੰ ਬਿਲਕੁਲ ਹੀ ਵਿਸਾਰ ਦਿੱਤਾ। ਉਹ 2019 ਵਿੱਚ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਗਏ ਸਨ, ਜੋ ਇੱਥੋਂ ਮਸਾਂ 35 ਕਿਲੋਮੀਟਰ ਦੂਰ ਪੈਂਦਾ ਹੈ। ਉਨ੍ਹਾਂ ਆਖਰੀ ਵਾਰ ਤਿੰਨ ਸਾਲ ਪਹਿਲਾਂ ਆਪਣੇ ਸੰਸਦੀ ਹਲਕੇ ਦਾ ਦੌਰਾ ਕੀਤਾ ਸੀ। ਅੰਮ੍ਰਿਤਸਰ ਦੌਰੇ ਦੌਰਾਨ ਸਨੀ ਦਿਓਲ ਨੇ ਕਿਸੇ ਵੀ ਸਿਆਸੀ ਸਵਾਲ ਦਾ ਜਵਾਬ ਦੇਣ ਤੋਂ ਪੱਲਾ ਝਾੜ ਲਿਆ। ਉਸ ਦੇ ਸਾਥੀਆਂ ਨੇ ਕਿਹਾ ਕਿ ਸਨੀ ਦਿਓਲ ਇੱਥੇ ਸਿਰਫ ਆਪਣੀ ਨਵੀਂ ਫਿਲਮ ਦੇ ਪ੍ਰਚਾਰ ਲਈ ਆਏ ਹਨ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸਨੀ ਦਿਓਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬੀਆਂ ਦੇ ਸ਼ਾਂਤ ਸੁਭਾਅ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਬਾਊਂਸਰਾਂ ਨੇ ਘੇਰਾ ਪਾਇਆ ਹੋਇਆ ਸੀ। ਉਨ੍ਹਾਂ ਨਾਲ ਇੱਕ ਪ੍ਰਾਈਵੇਟ ਕੈਮਰਾਮੈਨ ਵੀ ਸੀ, ਜਿਸ ਦੀ ਕੌਮਾਂਤਰੀ ਨਿਊਜ਼ ਏਜੰਸੀ ਦੇ ਫੋਟੋਗ੍ਰਾਫਰ ਨਾਲ ਤਕਰਾਰ ਹੋ ਗਈ। ਬਾਅਦ ਵਿੱਚ ਉਨ੍ਹਾਂ ਅਮੀਸ਼ਾ ਪਟੇਲ ਅਤੇ ਗਾਇਕ ਉਦਿਤ ਨਾਰਾਇਣ ਸਮੇਤ ਫਿਲਮ ਦੇ ਹੋਰ ਕਲਾਕਾਰਾਂ ਨਾਲ ਅਟਾਰੀ-ਵਾਹਗਾ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖੀ ਅਤੇ ਫਿਲਮ ਦਾ ਪ੍ਰਚਾਰ ਕੀਤਾ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵੋਟਰ ਅਤੇ ਭਾਜਪਾ ਹਮਾਇਤੀ ਸਨੀ ਦਿਓਲ ਦੀ ਲੰਮੀ ਗੈਰਹਾਜ਼ਰੀ ਤੋਂ ਨਿਰਾਸ਼ ਹਨ।
ਸਨੀ ਦਿਓਲ ਦਰਬਾਰ ਸਾਹਿਬ ਨਤਮਸਤਕ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਅਗਸਤ
ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹਿਣ ਦੀ ਅਰਦਾਸ ਕੀਤੀ। ਸਨੀ ਦਿਓਲ ਆਪਣੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਵਾਸਤੇ ਇੱਥੇ ਪਹੁੰਚਿਆ ਹੈ। ਅਦਾਕਾਰ ਨੇ ਫ਼ਿਲਮ ਗਦਰ ਵਿਚਲੇ ਆਪਣੇ ਕਿਰਦਾਰ ‘ਤਾਰਾ ਸਿੰਘ’ ਦਾ ਪਹਿਰਾਵੇ ਅਨੁਸਾਰ ਕੁੜਤਾ-ਪਜਾਮਾ ਤੇ ਖੁੱਲ੍ਹੇ ਲੜ ਵਾਲੀ ਪੱਗ ਬੰਨ੍ਹੀ ਹੋਈ ਸੀ। ਗੁਰੂ ਘਰ ਦੀ ਪਰਿਕਰਮਾ ਕਰਦਿਆਂ ਅਦਾਕਾਰ ਨੇ ਪ੍ਰਸ਼ੰਸਕਾਂ ਦਾ ਪਿਆਰ ਤੇ ਅਸ਼ੀਰਵਾਦ ਕਬੂਲਿਆ।
ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸਨੀ ਦਿਓਲ ਨੇ ਕਿਹਾ ਕਿ ਉਹ ਆਪਣੀ ਫਿਲਮ ‘ਗਦਰ-2’ ਦੀ ਸਫ਼ਲਤਾ ਵਾਸਤੇ ਅਰਦਾਸ ਕਰਨ ਆਇਆ ਸੀ। ਅਦਾਕਾਰ ਨੇ ਕਿਹਾ ਕਿ ਉਸ ਨੂੰ ਗੁਰੂ ਘਰ ਨਤਮਸਤਕ ਹੋਣਾ ਬਹੁਤ ਚੰਗਾ ਲੱਗਦਾ ਹੈ ਤੇ ਇੱਥੇ ਆ ਕੇ ਉਹ ਖ਼ੁਦ ਨੂੰ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਇਸ ਮਗਰੋਂ ਸ਼ਾਮਲ ਵੇਲੇ ਅਟਾਰੀ ਸਰਹੱਦ ’ਤੇ ਵੀ ਫਿਲਮ ਦੀ ਪ੍ਰਮੋਸ਼ਨ ਲਈ ਪ੍ਰੋਗਰਾਮ ਕੀਤਾ ਗਿਆ।