ਗੁਰੂ ਨਾਨਕ ਦੇਵ ’ਵਰਸਿਟੀ ਵਿੱਚ ਵੀਸੀ ਦਫ਼ਤਰ ਅੱਗੇ ਧਰਨਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 5 ਜੁਲਾਈ
ਐਸੋਸੀਏਸ਼ਨ ਆਫ਼ ਯੂਨਾਈਟਿਡ ਕਾਲਜ ਟੀਚਰਜ਼ ਪੰਜਾਬ ਅਤੇ ਚੰਡੀਗੜ੍ਹ ਦੇ ਮੈਂਬਰਾਂ ਵੱਲੋਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਵਾਈਸ ਚਾਂਸਲਰ ਖ਼ਿਲਾਫ਼ 24 ਘੰਟੇ ਵਾਸਤੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਗਿਆ। ਇਸ ਧਰਨੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਅਧਿਆਪਕ ਸ਼ਾਮਲ ਹੋਏ। ਜਥੇਬੰਦੀ ਦੇ ਪ੍ਰਧਾਨ ਡਾ. ਪਰਮਿੰਦਰ ਕੌਰ ਅਤੇ ਜਨਰਲ ਸਕੱਤਰ ਪ੍ਰੋ. ਜਸਪਾਲ ਸਿੰਘ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਵਾਈਸ ਅਤੇ ਡੀ ਸੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵਿੱਚ ਅਸਫ਼ਲ ਰਹੇ ਹਨ ਜਿਸ ਦੇ ਨਤੀਜੇ ਵੱਜੋਂ ਬਹੁਤ ਸਾਰੇ ਕਾਲਜਾਂ ਦੇ ਅਧਿਆਪਕਾਂ ਨੂੰ ਅੱਜ ਤੱਕ 6ਵੇਂ ਤਨਖਾਹ ਸਕੇਲ ਦੇ ਮੁਤਾਬਿਕ ਪੂਰੀ ਤਨਖਾਹ ਨਹੀਂ ਮਿਲੀ ਜਦਕਿ 7ਵੇਂ ਤਨਖਾਹ ਸਕੇਲ ਨੂੰ ਲਾਗੂ ਹੋਏ ਵੀ 1 ਸਾਲ 9 ਮਹੀਨੇ ਹੋ ਚੁੱਕੇ ਹਨ। ਜਥੇਬੰਦੀ ਦੇ ਬੁਲਾਰੇ ਪ੍ਰੋ. ਤਰੁਣ ਘਈ ਨੇ ਕਿਹਾ ਕਿ ਜਥੇਬੰਦੀ ਨੇ ਵਾਈਸ ਚਾਂਸਲਰ ਨਾਲ ਕਈ ਵਾਰ ਮੀਟਿੰਗ ਕੀਤੀ ਪਰ ਅਧਿਆਪਕਾਂ ਦਾ ਕਾਲਜ ਮੈਨੇਜਮੈਂਟਾਂ ਵੱਲੋਂ ਹੋ ਰਹੇ ਸ਼ੋਸ਼ਣ ਨੂੰ ਰੋਕਣ ਵਿੱਚ ਅਸਫਲ ਹੋਏ ਹਨ। ਇਸੇ ਲਈ ਅਧਿਆਪਕ ਤਿੰਨ ਮੱਹਤਵਪੂਰਨ ਮੁੱਦਿਆਂ ਨੂੰ ਲੈ ਕੇ ਵਾਈਸ ਚਾਂਸਲਰ ਦੇ ਦਫ਼ਤਰ ਅੱਗੇ ਦਿਨ ਰਾਤ ਦੇ ਧਰਨੇ ’ਤੇ ਬੈਠਣ ਨੂੰ ਮਜਬੂਰ ਹੋਏ ਹਨ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੀ ਮੰਗ ਹੈ ਕਿ ਯੂਨੀਵਰਸਿਟੀ ਨਾਲ ਜੁੜੇ ਕਾਲਜਾਂ ਦੇ ਅਧਿਆਪਕਾਂ ਨੂੰ 7ਵੇਂ ਪੇਅ ਸਕੇਲ ਦੇ ਅਨੁਸਾਰ ਜਲਦ ਤਨਖਾਹਾਂ ਦੁਆਈਆਂ ਜਾਣ, ਸੇਵਾਮੁਕਤ ਅਧਿਆਪਕਾਂ ਨੂੰ 20 ਲੱਖ ਗਰੈਚੁਟੀ ਅਤੇ ਲੀਵ ਇਨਕੈਸ਼ਮੈਂਟ ਦੇ ਪੈਸੇ ਦੁਆਏ ਜਾਣ, ਅਧਿਆਪਕਾਂ ਦਾ ਪੀਐੱਫ (ਬੇਸਿਕ+ ਡੀ ਏ ਦਾ 10 ਫ਼ੀਸਦ) ਯੂਨੀਵਰਸਿਟੀਆਂ ਦੇ ਕੈਲੰਡਰ ਦੇ ਅਨੁਸਾਰ ਦਿੱਤਾ ਜਾਵੇ।