ਸੂਰਜਮੁਖੀ ਦੀ ਫਸਲ ਕਿਤੇ ਵੀ ਐੱਮਐੱਸਪੀ ’ਤੇ ਨਹੀਂ ਖ਼ਰੀਦੀ ਜਾ ਰਹੀ: ਗੁੱਜਰ
ਰਤਨ ਸਿੰਘ ਢਿੱਲੋਂ
ਅੰਬਾਲਾ, 8 ਜੂਨ
ਹਰਿਆਣਾ ਦੇ ਸਿੱਖਿਆ, ਵਣ ਅਤੇ ਵਾਤਾਵਰਨ ਮੰਤਰੀ ਕੰਵਰ ਪਾਲ ਗੁੱਜਰ ਭਾਜਪਾ ਦੀ ਕੇਂਦਰ ਸਰਕਾਰ ਦੀਆਂ ਪਿਛਲੇ ਨੌਂ ਸਾਲਾਂ ਦੀਆਂ ਉਪਲਬਧੀਆਂ ਗਿਣਾਉਣ ਲਈ ਪਾਰਟੀ ਦੇ ਅੰਬਾਲਾ ਸ਼ਹਿਰ ਸਥਿਤ ਦਫ਼ਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਰਜਮੁਖੀ ਦੀ ਫਸਲ ਕਿਤੇ ਵੀ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) ‘ਤੇ ਨਹੀਂ ਖਰੀਦੀ ਜਾ ਰਹੀ ਹੈ। ਸਿਰਫ਼ ਹਰਿਆਣਾ ਵਿੱਚ ਹੀ ਸਰਕਾਰ 4800 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸੂਰਜਮੁਖੀ ਖਰੀਦ ਰਹੀ ਹੈ ਅਤੇ ਨਾਲ ਹੀ ਭਾਵਅੰਤਰ ਯੋਜਨਾ ਤਹਿਤ ਇਕ ਹਜ਼ਾਰ ਰੁਪਏ ਵਾਧੂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਲੋਕ ਹਮੇਸ਼ਾ ਪ੍ਰੇਸ਼ਾਨ ਰਹਿੰਦੇ ਹਨ।
ਸ਼ਾਹਬਾਦ ਵਿਚ ਕਿਸਾਨਾਂ ਵੱਲੋਂ ਹਾਈਵੇਅ ਜਾਮ ਕਰਨ ਸਬੰਧੀ ਟਿੱਪਣੀ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਇਹ ਸਹੀ ਨਹੀਂ ਸੀ। ਆਪਣੀਆਂ ਮੰਗਾਂ ਲਈ ਸਰਕਾਰ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਜਾਇਜ਼ ਹੈ ਪਰ ਜਾਮ ਲਾ ਕੇ ਲੋਕਾਂ ਨੂੰ ਪ੍ਰੇਸ਼ਾਨੀ ਵਿੱਚ ਪਾਉਣਾ ਠੀਕ ਨਹੀਂ ਸੀ। ਕਿਸਾਨ ਜੋ ਵੀ ਕਦਮ ਉਠਾਉਣਗੇ, ਇਹ ਉਨ੍ਹਾਂ ਦਾ ਫੈਸਲਾ ਹੋਵੇਗਾ। ਭਾਜਪਾ ਦੇ ਜਜਪਾ ਨਾਲ ਗੱਠਜੋੜ ਬਾਰੇ ਪੁੱਛਣ ‘ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਚੋਣ ਇਕੱਠਿਆਂ ਲੜਨ ਜਾਂ ਨਾ ਲੜਨ ਬਾਰੇ ਫੈਸਲਾ ਲੈਣ ਦਾ ਅਧਿਕਾਰ ਉਨ੍ਹਾਂ ਕੋਲ ਨਹੀਂ ਹੈ। ਬਹੁਮਤ ਤਾਂ ਦੋਹਾਂ ਵਿੱਚੋਂ ਕਿਸੇ ਕੋਲ ਵੀ ਨਹੀਂ ਸੀ। ਹੁਣ ਤੱਕ ਉਨ੍ਹਾਂ ਦਾ ਜਜਪਾ ਨਾਲ ਸਮਝੌਤਾ ਸਰਕਾਰ ਚਲਾਉਣ ਦਾ ਹੈ, ਇਕੱਠਿਆਂ ਚੋਣਾਂ ਲੜਨ ਦਾ ਨਹੀਂ। ਚੋਣ ਇਕੱਠਿਆਂ ਲੜਨੀ ਹੈ ਜਾਂ ਨਹੀਂ, ਇਸ ਦਾ ਫੈਸਲਾ ਦੋਹਾਂ ਪਾਰਟੀਆਂ ਦੀ ਹਾਈਕਮਾਂਡ ਕਰੇਗੀ।
ਸਰਕਾਰੀ ਸਕੂਲਾਂ ਦੇ ਮਾੜੇ ਨਤੀਜਿਆਂ ਬਾਰੇ ਪੁੱਛਣ ‘ਤੇ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਵਾਰ ਬੋਰਡ ਦੇ ਇਮਤਿਹਾਨਾਂ ਵਿੱਚ ਨਕਲ ‘ਤੇ ਨਕੇਲ ਕੱਸੀ ਗਈ ਹੈ। ਕਿਊਆਰ ਕੋਡ ਲਾ ਕੇ ਪ੍ਰੀਖਿਆਵਾਂ ਕਰਵਾਈਆਂ ਗਈਆਂ ਹਨ। ਨਕਲ ਰਹਿਤ ਪ੍ਰੀਖਿਆਵਾਂ ਹੋਣ ਕਰ ਕੇ ਬੋਰਡ ਦਾ ਨਤੀਜਾ ਡਿੱਗਿਆ ਹੈ, ਇਸ ਬਾਰੇ ਸਰਕਾਰ ਡੂੰਘਾ ਵਿਚਾਰ ਕਰ ਰਹੀ ਹੈ।