For the best experience, open
https://m.punjabitribuneonline.com
on your mobile browser.
Advertisement

ਡਾਕ ਐਤਵਾਰ ਦੀ

07:16 AM Jan 05, 2025 IST
ਡਾਕ ਐਤਵਾਰ ਦੀ
Advertisement

ਸ਼ਹਾਦਤ ਨੂੰ ਸਿਜਦਾ

ਐਤਵਾਰ, 22 ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ‘ਦਸਤਕ’ ਦੇ ਦੋਵੇਂ ਪੰਨਿਆਂ ’ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਇਤਿਹਾਸਕ ਸ਼ਹਾਦਤ ਬਾਰੇ ਸੁਰਿੰਦਰ ਸਿੰਘ ਤੇਜ ਦੇ ਲੇਖ ਵਿੱਚ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਇਹ ਸ਼ਹੀਦੀਆਂ ਪੋਹ ਦੀਆਂ ਠੰਢੀਆਂ ਰਾਤਾਂ ਦਾ ਅਹਿਮ ਕਾਂਡ ਹਨ। ਮਾਤਾ ਗੁਜਰੀ ਜੀ ਦਾ ਠੰਢੇ ਬੁਰਜ ਵਿੱਚ ਸ਼ਹੀਦੀ ਪਾਉਣਾ ਵੀ ਅਜਿਹਾ ਬਿਰਤਾਂਤ ਹੈ ਜਿਸ ਕਾਰਨ ਅੱਜ ਸਦੀਆਂ ਪਿੱਛੋਂ ਵੀ ਕੌਮ ਵੱਲੋਂ ਫਤਿਹਗੜ੍ਹ ਦੀ ਧਰਤੀ ਨੂੰ ਸਿਜਦਾ ਕੀਤਾ ਜਾ ਰਿਹਾ ਹੈ। ਇਹ ਨਿੱਕੀਆਂ ਜਿੰਦਾਂ ਦੇ ਵੱਡੇ ਸਾਕੇ ਸਿੱਖ ਕੌਮ ਦੇ ਇਤਿਹਾਸ ਦਾ ਅਹਿਮ ਹਿੱਸਾ ਹਨ। ਇਨ੍ਹਾਂ ਸ਼ਹੀਦੀਆਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਦੀ ਨੀਂਹ ਰੱਖੀ। ਸਿੱਟੇ ਵਜੋਂ ਸਮਾਂ ਪਾ ਕੇ ਪੰਜਾਬ ’ਚ ਖਾਲਸਾ ਰਾਜ ਕਾਇਮ ਹੋਇਆ। ਇਸ ਅੰਕ ਵਿੱਚ ਪ੍ਰੋ. ਅਵਤਾਰ ਸਿੰਘ ਨੇ ਨਿੱਕੀਆਂ ਜਿੰਦਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ। ਇਤਿਹਾਸ ਵਿੱਚ ਟੋਡਰ ਮੱਲ ਬਾਰੇ ਖੋਜਮਈ ਬਿਰਤਾਂਤ ਇੰਦਰਜੀਤ ਸਿੰਘ ਦੀ ਕਲਮ ਤੋਂ ਪੜ੍ਹਿਆ। ਇਤਿਹਾਸ ਵਿੱਚ ਤਾਂ ਇੱਕੋ ਟੋਡਰ ਮੱਲ ਦੀ ਚਰਚਾ ਹੁੰਦੀ ਆਈ। ਦੂਸਰੇ ਟੋਡਰ ਮੱਲ (ਦੱਖਣੀ) ਬਾਰੇ ਘੱਟ ਹੀ ਸੁਣਿਆ ਗਿਆ ਹੈ। ਸੰਭਵ ਹੈ ਕਿ ਉਹ ਟੋਡਰ ਮੱਲ ਆਪਣੇ ਇਲਾਕੇ ਵਿੱਚ ਜਾਣਿਆ ਜਾਂਦਾ ਹੋਵੇ। ਜਗਤਾਰਜੀਤ ਸਿੰਘ ਨੇ ਜਿਸ ਤਸਵੀਰ ਦਾ ਵਿਸ਼ਲੇਸ਼ਣ ਕੀਤਾ ਹੈ, ਇਸ ਵਿੱਚ ਚਿੱਤਰਕਾਰ ਵੱਲੋਂ ਰੰਗਾਂ ਦਾ ਕਮਾਲ ਹੈ। ਬਹੁਤ ਬਾਰੀਕੀ ਨਾਲ ਸਾਹਿਬਜ਼ਾਦਿਆਂ ਬਾਰੇ ਰੰਗ ਵਿਖਾਏ ਗਏ ਹਨ। ਵੇਖਣ ’ਤੇ ਪਤਾ ਨਹੀਂ ਲੱਗਦਾ, ਪਰ ਲੇਖ ਪੜ੍ਹ ਕੇ ਸਾਰਾ ਚਿੱਤਰ ਸਪਸ਼ਟ ਹੋ ਜਾਂਦਾ ਹੈ। ਚਿੱਤਰਕਾਰ ਅਵਤਾਰ ਸਿੰਘ ਦੇ ਬੁਰਸ਼ ਨੂੰ ਮੇਰਾ ਸਲਾਮ। ‘ਦਸਤਕ’ ਦੇ ਬਾਕੀ ਦੋ ਪੰਨੇ ਵੀ ਪੂਰੇ ਕਰੋ। ਸਾਲ ਵਿੱਚ ਹੋੋਈਆਂ ਘਟਨਾਵਾਂ ਦੇ ਪੰਨੇ ਹੋ ਸਕੇ ਤਾਂਂ ਵੱਖਰੇ ਦੇ ਦਿਉ।
ਗੁਰਮੀਤ ਸਿੰਘ ਫ਼ਾਜ਼ਿਲਕਾ

Advertisement

ਯੂਨੀਵਰਸਿਟੀਆਂ ਦੀ ਅਹਿਮੀਅਤ

ਉੱਘੇ ਦਾਨਿਸ਼ਵਰ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਵਲਾਇਤ ਵਿੱਚ ਰਹਿੰਦਿਆਂ ਪ੍ਰਤੱਖ ਵੇਖ ਲਿਆ ਸੀ ਕਿ ਉੱਥੋਂ ਦੇ ਸਮਾਜ ਦੀ ਤਰੱਕੀ ਪਿੱਛੇ ਅਸਲ ਹੱਥ ਉੱਥੋਂ ਦੀਆਂ ਯੂਨੀਵਰਸਿਟੀਆਂ ਦਾ ਹੈ। ਉਨ੍ਹਾਂ ਨੇ ਤਹੱਈਆ ਕਰ ਲਿਆ ਸੀ ਕਿ ਉਹ ਪੰਜਾਬ ਵਿੱਚ ਇਸ ਦਿਸ਼ਾ ’ਚ ਹਰ ਸੰਭਵ ਕਾਰਜ ਕਰਨਗੇ। ‘ਦਿ ਟ੍ਰਿਬਿਊਨ’ ਕੱਢਣ ਦਾ ਵੀ ਵੱਡਾ ਮਕਸਦ ਇਹੋ ਸੀ ਕਿ ਤਜਵੀਜ਼ ਅਧੀਨ ਪੰਜਾਬ ਯੂਨੀਵਰਸਿਟੀ ਕਿਤੇ ਓਰੀਐਂਟਲ ਤਰਜ਼ ’ਤੇ ਚੱਲਣ ਵਾਲੀ ਨਾ ਬਣ ਜਾਵੇ ਸਗੋਂ ਕਲਕੱਤਾ ਯੂਨੀਵਰਸਿਟੀ ਵਾਂਗ, ਲੰਡਨ ਯੂਨੀਵਰਸਿਟੀ ਦੀਆਂ ਲੀਹਾਂ ’ਤੇ ਚੱਲੇ ਅਤੇ ਸਿੱਖਿਆ ਦਾ ਮਾਧਿਅਮ ਅੰਗਰੇਜ਼ੀ ਹੀ ਹੋਵੇ, ਨਾ ਕਿ ਫ਼ਾਰਸੀ ਜਿਸ ਪਾਸੇ ਯਤਨ ਹੋ ਰਹੇ ਸਨ। ਇਸ ਦਿ਼ਸ਼ਾ ਵਿੱਚ ਅਖ਼ਬਾਰ ਦੀਆਂ ਸੰਪਾਦਕੀਆਂ ਅਤੇ ਦਿਆਲ ਸਿੰਘ ਮਜੀਠੀਆ ਦੇ ਆਪਣੇ ਲਿਖੇ ਹੋਏ ਲੇਖ ਕਾਫ਼ੀ ਕਾਰਗਰ ਸਾਬਿਤ ਹੋਏ ਅਤੇ ਨਿੱਗਰ ਨੀਹਾਂ ’ਤੇ ਪੰਜਾਬ ਯੂਨੀਵਰਸਿਟੀ ਲਾਹੌਰ ਵਿੱਚ ਸਥਾਪਤ ਹੋਈ।
ਚੰਡੀਗੜ੍ਹ ਸਥਿਤ ਅਜੋਕੀ ਪੰਜਾਬ ਯੂਨੀਵਰਸਿਟੀ ਦੇ ਪ੍ਰਬੰਧਾਂ ਨੂੰ ਲੈ ਕੇ ਸਾਬਕਾ ਸੈਨੇਟਰ ਚਮਨ ਲਾਲ (15 ਦਸੰਬਰ 2024 ਦੇ ਅੰਕ ਵਿੱਚ) ਹੋਰਾਂ ਦੇ ਸੁਝਾਅ ਬੜੇ ਨਿੱਗਰ ਅਤੇ ਲੋੜੀਂਦੇ ਹਨ, ਖ਼ਾਸਕਰ ਇਹ ਕਿ ਗ੍ਰੈਜੂਏਟ ਹਲਕੇ ਨੂੰ ਵਧੇਰੇ ਬਾ-ਮਾਅਨੀ ਬਣਾਉਣ ਲਈ ਇਸ ਦਾ ਯੋਗਤਾ ਪੱਧਰ ਵਧਾਉਣਾ ਚਾਹੀਦਾ ਹੈ। ਅੱਜ ਦਾ ਗ੍ਰੈਜੂਏਟ ਯੂਨੀਵਰਸਿਟੀ ਦੇ ਪ੍ਰਸ਼ਾਸਕੀ ਅਤੇ ਅਕਾਦਮਿਕ ਢਾਂਚੇ ਨੂੰ ਨਾ ਤਾਂ ਸਮਝਦਾ ਹੈ ਅਤੇ ਨਾ ਹੀ ਇਸ ਨਾਲ ਕੋਈ ਵਾਸਤਾ ਰੱਖਦਾ ਹੈ।
ਮੋਹਣ ਸਿੰਘ, ਅੰਮ੍ਰਿਤਸਰ

Advertisement

ਦੇਸ਼ ਦੀ ਵੰਡ ਤੇ ਦਿਲਾਂ ਦੀ ਸਾਂਝ

ਐਤਵਾਰ, 8 ਦਸੰਬਰ ਦੇ ‘ਸੋਚ ਸੰਗਤ’ ਪੰਨੇ ’ਤੇ ਛਪਿਆ ਸਵਰਨ ਸਿੰਘ ਭੰਗੂ ਦਾ ਲੇਖ ‘ਇਸ ਰਿਸ਼ਤੇ ਦਾ ਕੀ ਰੱਖੀਏ ਨਾਂ?’ ਪੜ੍ਹ ਕੇ 1947 ਦੀ ਵੰਡ ਦਾ ਮੰਜ਼ਰ ਅੱਖਾਂ ਦੇ ਸਾਹਮਣੇ ਘੁੰਮ ਜਾਂਦਾ ਹੈ, ਜਦੋਂ ਜਿਨ੍ਹਾਂ ਨੂੰ ਅਸੀਂ ਆਪਣੇ ਕਹਿੰਦੇ ਸਾਂ ਪਰਾਏ ਜਾਪਦੇ ਸਨ। ਭੰਗੂ ਹੋਰਾਂ ਦਾ ਲੇਖ ਪੜ੍ਹ ਕੇ ਪਤਾ ਲੱਗਦਾ ਹੈ ਕਿ ਲੋਕਾਂ ਵਿੱਚ ਅਜੇ ਵੀ ਇੱਕ-ਦੂਜੇ ਲਈ ਖਿੱਚ ਹੈ, ਇੱਕ-ਦੂਜੇ ਦੇ ਪਹਿਰਾਵੇ ਨਾਲ ਪਿਆਰ ਹੈ, ਰਸਮਾਂ-ਰਿਵਾਜਾਂ ਨਾਲ ਪਿਆਰ ਹੈ, ਇੱਕ-ਦੂਜੇ ਨਾਲ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਨ ਦੀ ਚਾਹਤ ਹੈ। ਦਰਅਸਲ, ਉਸ ਵੇਲੇ ਦੋਵੇਂ ਪਾਸਿਆਂ ਦੇ ਨੇਤਾਵਾਂ ਦਾ ਸੱਤਾ ਪ੍ਰਾਪਤੀ ਦਾ ਸੁਆਰਥ ਅਤੇ ਅੰਗਰੇਜ਼ ਹਾਕਮ ਦੀ ਨਵੇਂ ਜਨਮੇਂ ਦੇਸ਼ਾਂ ਨੂੰ ਕਮਜ਼ੋਰ ਕਰਨ ਦੀ ਚਾਲਾਕੀ ਨੇ ਆਪਣਿਆਂ ਨੂੰ ਆਪਣਿਆਂ ਨਾਲੋਂ ਵੱਖ ਕਰ ਦਿੱਤਾ। ਸਿਆਸੀ ਤੌਰ ’ਤੇ ਅੱਜ ਦੀ ਤਰੀਕ ਵਿੱਚ ਦੋਵੇਂ ਦੇਸ਼ ਇੱਕ ਦੂਜੇ ਦੇ ਕੱਟੜ ਵਿਰੋਧੀ ਹਨ।
ਫਕੀਰ ਸਿੰਘ ਦਸੂਹਾ, ਹੁਸ਼ਿਆਰਪੁਰ

ਉਹਨੂੰ ਜ਼ਹਿਰ ਦਾ ਕੀ ਪਤਾ

ਐਤਵਾਰ, 8 ਦਸੰਬਰ ਦੇ ‘ਪੰਜਾਬੀ ਟ੍ਰਿਬਿਊਨ’ ਦੇ ਸੋਚ ਸੰਗਤ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਉਹ ਤਾਂ ਦਰਿਆ ਸੀ ਉਹਨੂੰ ਜ਼ਹਿਰ ਦਾ ਕੀ ਪਤਾ’ ਪੜ੍ਹਿਆ। ਇਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਅਸੀਂ ਗੰਦੇ ਪਾਣੀਆਂ ਨੂੰ ਸੋਧ ਕੇ ਮੁੜ ਵਰਤਣ ਦੇ ਮਾਮਲੇ ਵਿੱਚ ਕਿੰਨੇ ਨਖਿੱਧ ਹਾਂ। ਕੋਈ ਵਧੀਆ ਹੱਲ ਲੱਭਣ ਦੀ ਬਜਾਏ ਜਿਵੇਂ ਡਾਇੰਗ ਐਸੋਸੀਏਸ਼ਨ ਵੱਲੋਂ ਪਰਵਾਸੀ ਮਜ਼ਦੂਰਾਂ ਦਾ ਉੱਥੇ ਇਕੱਠ ਕੀਤਾ ਗਿਆ, ਨਿੰਦਣਯੋਗ ਹੈ। ਇਸ ਲੇਖ ਵਿੱਚ ਆਜ਼ਾਦੀ ਸੰਗਰਾਮੀਆਂ ਨਾਲ ਜੁੜੇ ਅੰਡੇਮਾਨ ਕਾਲੇਪਾਣੀ ਨੂੰ ਬੁੱਢੇ ਨਾਲੇ ਦੇ ਕਾਲੇਪਾਣੀ ਨਾਲ ਜੋੜ ਕੇ ਲੇਖਿਕਾ ਨੇ ਇਸ ਮਸਲੇ ਦੇ ਹਰ ਪਹਿਲੂ ਨੂੰ ਬਾਖ਼ੂਬੀ ਉਭਾਰਿਆ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਲਗਪਗ ਦੋ ਦਹਾਕਿਆਂ ਤੋਂ ਕਾਲ਼ਾ ਸੰਘਿਆਂ ਡਰੇਨ ਵਿੱਚ ਪੈਂਦੇ ਗੰਦੇ ਪਾਣੀਆਂ ਦੇ ਮਸਲੇ ਦੇ ਹੱਲ ਲਈ ਯਤਨਸ਼ੀਲ ਹਨ ਜਦੋਂਕਿ ਅਫ਼ਸਰਸ਼ਾਹੀ ਨਾਂਹਪੱਖੀ ਰਵੱਈਆ ਅਪਣਾਉਂਦਿਆਂ ਗੰਦੇ ਪਾਣੀਆਂ ਦੇ ਮਾਮਲੇ ਦੇ ਹੱਲ ਵਿੱਚ ਅੜਿੱਕੇ ਡਾਹੁਣੋਂ ਨਹੀਂ ਹਟੀ। ਇਹੀ ਹਾਲ ਬੁੱਢੇ ਨਾਲੇ ਦਾ ਹੈ। ਪੰਜਾਬ ਦੇ ਭਵਿੱਖ ਦੀ ਚਿੰਤਾ ਕਰਦੇ ਲੋਕਾਂ ਦੇ ਸੰਘਰਸ਼ ਮੌਕੇ ਪੰਜਾਬੀ ਦੀ ਸਿਰਮੌਰ ਅਖ਼ਬਾਰ ਦੇ ਸੰਪਾਦਕ ਦਾ ਲੋਕਾਂ ਦੇ ਪੱਖ ਵਿੱਚ ਸਟੈਂਡ ਲੈਣਾ ਸ਼ਲਾਘਾਯੋਗ ਹੈ। ਸਾਰੀਆਂ ਧਿਰਾਂ ਨੂੰ ਮਿਲਜੁਲ ਕੇ ਗੰਦੇ ਪਾਣੀਆਂ ਸਮੇਤ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਲਈ ਯਤਨ ਕਰਨੇ ਚਾਹੀਦੇ ਹਨ।
ਸੀਤਾ ਰਾਮ ਬਾਂਸਲ, ਮਾਧੋਪੁਰ (ਜਲੰਧਰ)

ਭਾਵਪੂਰਤ ਬਿਆਨ

ਸਵਰਨ ਸਿੰਘ ਟਹਿਣਾ ਨੇ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਮੇਲ ਲਈ ਰੱਖੀ ਕਾਨਫਰੰਸ ਨੂੰ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਬਿਆਨ ਕੀਤਾ ਹੈ। ਦੋਵੇਂ ਪੰਜਾਬਾਂ ਦੇ ਲੋਕ ਕਿਵੇਂ ਆਪਣੇ ਜੱਦੀ ਪੁਸ਼ਤੀ ਘਰਾਂ ਨੂੰ ਤਰਸਦੇ ਹਨ, ਇਸ ਦੀ ਸ਼ਾਹਦੀ ਇਸ ਗੱਲ ਤੋਂ ਮਿਲਦੀ ਹੈ ਜਦੋਂ ਇੱਕ ਬਜ਼ੁਰਗ ਕਹਿੰਦਾ ਹੈ ਕਿ ‘ਮੇਰੇ ਪੈਰ ਤੇ ਮੰਜੇ ਦੀ ਪੈਂਦ ਕਦੇ ਅਬੋਹਰ ਵੱਲ ਨਾ ਕਰਿਓ ਉਧਰ ਆਪਣਾ ਪਿੰਡ ਏ’। ਗੁਰਦੇਵ ਸਿੰਘ ਸਿੱਧੂ ਦਾ ਲੇਖ ‘ਮਹਾਰਾਜੇ ਦੀ ਸਮਾਧ ਦੇ ਪ੍ਰਬੰਧਾਂ ਦੀ ਉਲਝੀ ਤਾਣੀ’ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਫੈਲੀ ਅਰਾਜਕਤਾ ਅਤੇ ਅੰਗਰੇਜ਼ਾਂ ਦੇ ਵਧਦੇ ਪ੍ਰਭਾਵ ਦੀ ਗੱਲ ਕਰਦਾ ਹੈ। ਇਸ ਦੇ ਨਾਲ ਹੀ ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਦੀਆਂ ਸਮਾਧਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਲੇਖ ਨਾਲ ਮੇਰੇ ਬਰਜਿੰਦਰਾ ਕਾਲਜ, ਫ਼ਰੀਦਕੋਟ ਦੇ ਪ੍ਰੋਫੈਸਰ ਸੁਭਾਸ਼ ਪਰਿਹਾਰ ਦੀਆਂ ਤਸਵੀਰਾਂ ਲੇਖ ਨੂੰ ਹੋਰ ਬਿਹਤਰੀਨ ਬਣਾ ਗਈਆਂ। ਐਤਵਾਰ ਦਾ ਅੰਕ ਸੱਚਮੁੱਚ ਸਲਾਹੁਣਯੋਗ ਹੈ।
ਚਮਕੌਰ ਸਿੰਘ ਬਾਘੇਵਾਲੀਆ

ਵਿਰਾਸਤ ਦੀ ਸਾਂਭ ਸੰਭਾਲ ਜ਼ਰੂਰੀ

ਐਤਵਾਰ, 17 ਨਵੰਬਰ ਦੇ ‘ਦਸਤਕ’ ਅੰਕ ਵਿੱਚ ਸੇਵਾਮੁਕਤ ਪ੍ਰੋਫੈਸਰ ਸੁਖਦੇਵ ਸਿੰਘ ਦਾ ਛਪਿਆ ਲੇਖ ‘ਵਿਰਾਸਤ ਦੀ ਸਾਂਭ ਸੰਭਾਲ’ ਪੜ੍ਹ ਕੇ ਵਿਰਾਸਤ ਦੀ ਸਾਂਭ ਸੰਭਾਲ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਅਤੇ ਇਨਟੈਕ ਦੁਆਰਾ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਬਾਰੇ ਵੀ ਪਤਾ ਲੱਗਦਾ ਹੈ। ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਕਿਸੇ ਵੀ ਕੌਮ, ਦੇਸ਼, ਖਿੱਤੇ ਅਤੇ ਸੱਭਿਆਚਾਰ ਦੀ ਧਰੋਹਰ ਹੁੰਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਇਤਿਹਾਸ ਨੂੰ ਵਾਚਿਆ ਜਾ ਸਕਦਾ ਹੈ। ਵਿਰਾਸਤ ਦੀ ਸਾਂਭ ਸੰਭਾਲ ਦਾ ਵਿਸ਼ਾ ਖੋਜਾਰਥੀਆਂ ਦੇ ਨਾਲ ਨਾਲ ਸੈਲਾਨੀਆਂ ਦੀ ਜਗਿਆਸਾ ਨੂੰ ਵੀ ਸ਼ਾਂਤ ਕਰਨ ਵਾਲਾ ਹੈ। ਪੰਜਾਬ ਦਾ ਦੇਸ਼ ਦੇ ਨਕਸ਼ੇ ’ਤੇ ਇੱਕ ਖ਼ਾਸ ਸਥਾਨ ਹੈ ਜਿਸ ਨੂੰ ਸੈਲਾਨੀਆਂ ਲਈ ਹੱਬ ਵਜੋਂ ਵਿਕਸਿਤ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਸਿਫ਼ਤੀ ਦਾ ਘਰ, ਵਿਰਾਸਤ ਏ ਖ਼ਾਲਸਾ ਆਨੰਦਪੁਰ ਸਾਹਿਬ, ਚੱਪੜਚਿੜੀ ਅਤੇ ਸੁਲਤਾਨਪੁਰ ਲੋਧੀ ਜਿਹੇ ਅਨੇਕ ਹੋਰ ਸ਼ਹਿਰ ਅਤੇ ਕਸਬੇ ਹਨ ਜਿਹੜੇ ਇਤਿਹਾਸ ਅਤੇ ਵਿਰਾਸਤੀ ਅਮੀਰੀ ਪੱਖੋਂ ਦੇਸ਼ ਵਿੱਚ ਨਹੀਂ ਸਗੋਂ ਦੁਨੀਆ ਦੇ ਵਿਰਾਸਤੀ ਸ਼ਹਿਰਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਿਲ ਹਨ। ਸੈਲਾਨੀਆਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਪ੍ਰਤੀ ਜਾਗਰੂਕ ਕਰਨ ਲਈ ਲੋੜੀਂਦੀ ਸੈਰ ਸਪਾਟਾ ਨੀਤੀ ਮੁੜ ਉਲੀਕ ਕੇ ਅਮਲ ਵਿੱਚ ਲਿਆਉਣੀ ਚਾਹੀਦੀ ਹੈ।
ਰਜਵਿੰਦਰ ਪਾਲ ਸ਼ਰਮਾ, ਕਾਲਝਰਾਣੀ (ਬਠਿੰਡਾ)

ਮੱਲ੍ਹਮ ਜਿਹਾ ਅਸਰ

ਐਤਵਾਰ, 20 ਅਕਤੂਬਰ ਦੇ ‘ਸੋਚ ਸੰਗਤ’ ਪੰਨੇ ’ਤੇ ਛਪੇ ਅਰਵਿੰਦਰ ਜੌਹਲ ਦੇ ਲੇਖ ‘ਸਾਂਝ ਦਾ ਸੁਨੇਹਾ ਪਿੰਡ ਪਿੰਡ ਪੁੱਜੇ’ ਨੇ ਪੰਚਾਇਤ ਚੋਣਾਂ ਦੌਰਾਨ ਧੜੇਬੰਦੀਆਂ ਅਤੇ ਭਾਈਚਾਰਕ ਸਬੰਧਾਂ ਵਿੱਚ ਤਣਾਅ ਨਾਲ ਵਲੂੰਧਰੇ ਪੰਜਾਬ ’ਤੇ ਮੱਲ੍ਹਮ ਲਾਉਣ ਵਰਗਾ ਅਸਰ ਕੀਤਾ ਹੈ। ਸਾਈਕਲ ’ਤੇ ਦੇਸ਼ ਦੇਸ਼ਾਂਤਰਾਂ ਦੇ ਰਾਹ ਗਾਉਣ ਵਾਲੇ ਅੰਮ੍ਰਿਤਪਾਲ ਸਿੰਘ ਘੁੱਦਾ ਦੇ ਜੋੜੀਦਾਰ ਬਲਦੇਵ ਸਿੰਘ ਕੁਰਾਈਵਾਲਾ ਦੇ ਪਿੰਡ ਤੋਂ ਚੋਣਾਂ ਦੇ ਨਤੀਜੇ ਤੋਂ ਬਾਅਦ ਦਿਖਾਈ ਗਈ ਭਾਈਚਾਰਕ ਸਾਂਝ ਵਾਕਈ ਕਾਬਿਲੇ-ਤਾਰੀਫ਼ ਹੈ। ਪੰਜਾਬ ਦੇ ਹੋਰ ਪਿੰਡਾਂ ਤੋਂ ਵੀ ਕੁਰਾਈਵਾਲਾ ਦੀ ਤਰਜ਼ ’ਤੇ ਆਪਸੀ ਪਿਆਰ ਅਤੇ ਸਾਂਝੇ ਜਸ਼ਨ ਮਨਾਉਣ ਦੇ ਮਾਮਲੇ ਸਾਹਮਣੇ ਆਏ। ਪਿੰਡਾਂ ਦਾ ਸਰਬਪੱਖੀ ਵਿਕਾਸ ਆਪਸੀ ਵਿਸ਼ਵਾਸ ਅਤੇ ਮਿਲਵਰਤਣ ਨਾਲ ਹੀ ਸੰਭਵ ਹੈ।
ਅਵਤਾਰ ਸਿੰਘ ਭੁੱਲਰ, ਕਪੂਰਥਲਾ

ਗਿਆਨੀ ਸੋਹਣ ਸਿੰਘ ਸੀਤਲ ਦੀ ਯਾਦ

ਐਤਵਾਰ, 22 ਸਤੰਬਰ ਦੇ ‘ਦਸਤਕ’ ਅੰਕ ਵਿੱਚ ਗਿਆਨੀ ਸੋਹਣ ਸਿੰਘ ਸੀਤਲ ਦਾ ਜੀਵਨ ਬਿਆਨ ਪੜ੍ਹਿਆ, ਬਹੁਤ ਵਧੀਆ ਲੱਗਾ। ਸੀਤਲ ਹੋਰਾਂ ਨੂੰ ਅਸੀਂ ਬਹੁਤ ਹੀ ਨੇੜੇ ਤੋਂ ਤੱਕਿਆ ਹੈ ਕਿਉਂਕਿ ਉਨ੍ਹਾਂ ਦੇ ਚਾਚੇ ਤਾਏ ਤੇ ਹੋਰ ਪਰਿਵਾਰ ਸਾਡੇ ਪਿੰਡ ਝੂਰੜ ਖੇੜਾ (ਅਬੋਹਰ) ਵਿਖੇ ਹੀ ਰਹਿੰਦੇ ਹਨ। ਗਿਆਨੀ ਜੀ ਦਾ ਜਨਮ ਸਥਾਨ ਕਾਦੀਵਿੰਡ ਪਿੰਡ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦਾ ਮੁਕਾਬਲਾ ਕਰਨਾ ਬਹੁਤ ਹੀ ਮੁਸ਼ਕਲ ਹੈ। ਜਿਸ ਗਿਆਨ ਤੇ ਇਤਿਹਾਸ ਤੋਂ ਉਹ ਜਾਣੂੰ ਸਨ, ਇਸ ਨਾਲ ਪੜ੍ਹਾਈ ਦਾ ਕੋਈ ਸਬੰਧ ਨਹੀਂ। ਗਿਆਨੀ ਜੀ ਉੱਘੇ ਢਾਡੀ ਤੇ ਕਵੀਸ਼ਰ ਸਨ। ਉਨ੍ਹਾਂ ਨੇ ਕਵੀਸ਼ਰੀ ਜਥਾ ਕਾਦੀਵਿੰਡ ਵਿਖੇ ਹੀ ਬਣਾ ਲਿਆ ਸੀ ਜੋ ਬਹੁਤ ਹੀ ਪ੍ਰਸਿੱਧ ਹੋਇਆ। ਸੀਤਲ ਹੋਰਾਂ ਨੇ ਇਤਿਹਾਸ ਦੇ ਪੰਨੇ ਬਹੁਤ ਹੀ ਬਾਰੀਕੀ ਨਾਲ ਵਿਚਾਰੇ ਤੇ ਅਧਿਐਨ ਵੀ ਕੀਤਾ। ਉਨ੍ਹਾਂ ਦਾ ਨਾਵਲ ‘ਤੂਤਾਂ ਵਾਲਾ ਖੂਹ’ ਸਕੂਲ ਸਿਲੇਬਸ ਵਿੱਚ ਹਰ ਇੱਕ ਨੇ ਜ਼ਰੂਰ ਪੜ੍ਹਿਆ ਹੋਵੇਗਾ। ਸਿੱਖ ਇਤਿਹਾਸ ’ਤੇ ਉਨ੍ਹਾਂ ਵੱਡੀ ਖੋਜ ਕੀਤੀ। ਸੀਤਲ ਪੰਜਾਬੀ ਜਗਤ ਦੇ ਬਹੁਤ ਉੱਚਕੋਟੀ ਦੇ ਸਿੱਖ ਵਿਦਵਾਨ ਹੋਏ ਹਨ। ਸੀਤਲ ਲਹਿਰਾਂ, ਸੀਤਲ ਹੁਲਾਰੇ, ਸੀਤਲ ਵਾਰਾਂ ਤੇ ਅਨੇਕਾਂ ਹੋਰ ਪੁਸਤਕਾਂ ਉਹ ਪੰਜਾਬੀ ਭਾਸ਼ਾ ਦੀ ਝੋਲੀ ਪਾ ਗਏ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਉਨ੍ਹਾਂ ਦਾ ਵਡਮੁੱਲਾ ਯੋਗਦਾਨ ਕਦੇ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
‘ਦਸਤਕ’ ਅੰਕ ਵਿੱਚ ਸਰਦਾਰ ਭਗਤ ਸਿੰਘ ਦੇ ਪਿਸਤੌਲ ਦਾ ਜ਼ਿਕਰ ਵੀ ਬਾਖ਼ੂਬੀ ਕੀਤਾ ਗਿਆ ਹੈ ਜੋ ਦੇਸ਼ਭਗਤਾਂ ਪ੍ਰਤੀ ਸੂਝ ਬੂਝ ਤੇ ਅਕੀਦਤ ਦਾ ਪ੍ਰਮਾਣ ਹੈ।
ਬਲਦੇਵ ਸਿੰਘ ਵਿਰਕ, ਝੂਰੜ ਖੇੜਾ (ਅਬੋਹਰ)

Advertisement
Author Image

sukhwinder singh

View all posts

Advertisement