ਪਾਠਕਾਂ ਦੇ ਖ਼ਤ
ਨੇਤਾ ਸਵੈ-ਪੜਚੋਲ ਕਰਨ
19 ਦਸੰਬਰ ਦਾ ਸੰਪਾਦਕੀ ‘ਸ਼ਾਹ ਵੱਲੋਂ ਅੰਬੇਡਕਰ ਦਾ ਜ਼ਿਕਰ’ ਪੜ੍ਹ ਕੇ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇੱਕ ਤਾਂ ਪਾਰਲੀਮੈਂਟ ਵਿੱਚ ਜਿਸ ਮਰਜ਼ੀ ਮੁੱਦੇ ’ਤੇ ਬਹਿਸ ਚੱਲ ਰਹੀ ਹੋਵੇ, ਸੱਤਾਧਾਰੀ ਪਾਰਟੀ ਨੇ ਕਾਂਗਰਸ ਅਤੇ ਰਾਹੁਲ ਗਾਂਧੀ ਤੇ ਉਸ ਦੇ ਵੱਡੇ ਵਡੇਰਿਆਂ ਦੇ ਪੋਤੜੇ ਫੋਲਣੇ ਹੀ ਹੁੰਦੇ ਹਨ ਤੇ ਜੋਸ਼ ਵਿੱਚ ਆ ਕੇ ਜਾਣੇ-ਅਣਜਾਣੇ ਮਰਿਆਦਾ ਵੀ ਭੁੱਲ ਜਾਂਦੀ ਹੈ। ਫਿਰ ਇਹੋ ਜਿਹੀ ਗ਼ਲਤੀ ਲਈ ਮੁਆਫ਼ੀ ਮੰਗਣ ਦੀ ਬਜਾਇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਦੂਜੇ ਪਾਸੇ, ਰਾਹੁਲ ਗਾਂਧੀ ਤੇ ਉਨ੍ਹਾਂ ਦੀ ਪਾਰਟੀ ਵੀ ਕਿਸੇ ਤੋਂ ਘੱਟ ਨਹੀਂ। ਉਨ੍ਹਾਂ ਨੇ ਵੀ ਹਰ ਬਹਿਸ ਵਿੱਚ ਅੱਡੀ ਚੋਟੀ ਦਾ ਜ਼ੋਰ ਲਾ ਕੇ ਭਾਜਪਾ, ਮੋਦੀ, ਸ਼ਾਹ, ਅਡਾਨੀ, ਅੰਬਾਨੀ ਆਦਿ ’ਤੇ ਗੁੱਸਾ ਕੱਢਣਾ ਹੁੰਦਾ ਹੈ। ਜਾਪਦਾ ਹੈ, ਬਹਿਸ ਸੰਸਦ ਵਿੱਚ ਨਹੀਂ ਬਲਕਿ ਕਿਸੇ ਗਲੀ-ਮੁਹੱਲੇ ਵਿੱਚ ਹੋ ਰਹੀ ਹੈ। ਨੇਤਾਵਾਂ ਦੇ ਅਜਿਹੇ ਕਿਰਦਾਰ ਦੇਖ ਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਵੈ-ਪੜਚੋਲ ਕਰਨ ਅਤੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕਿ ਲੋਕਾਂ ਨੇ ਉਨ੍ਹਾਂ ਨੂੰ ਇਸ ਲਈ ਚੁਣ ਕੇ ਭੇਜਿਆ ਹੈ ਤਾਂ ਕਿ ਉਹ ਸੰਸਦ ਵਿੱਚ ਉਸਾਰੂ ਬਹਿਸ ਕਰ ਕੇ ਉਨ੍ਹਾਂ ਦੇ ਮਸਲੇ ਹੱਲ ਕਰਵਾਉਣ ਨਾ ਕਿ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਭੱਦੀ ਤੋਂ ਭੱਦੀ ਭਾਸ਼ਾ ਦਾ ਪ੍ਰਯੋਗ ਕਰਨ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਬਾਲ ਮਜ਼ਦੂਰੀ
ਪਹਿਲੀ ਜਨਵਰੀ ਨੂੰ ਸੰਪਾਦਕੀ ‘ਬੱਚਿਆਂ ਦੀ ਹਿਫ਼ਾਜ਼ਤ’ ਪੜ੍ਹਿਆ ਜਿਸ ਵਿੱਚ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਆਲੂ ਫਾਰਮ ’ਤੇ 11 ਬੱਚਿਆਂ ਨੂੰ ਬੰਦੀ ਬਣਾ ਕੇ ਰੱਖਣ ਬਾਰੇ ਚਰਚਾ ਹੈ। ਸੰਵਿਧਾਨ ਮੁਤਾਬਿਕ ਭਾਵੇਂ 14 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਮਜ਼ਦੂਰੀ ਨਹੀਂ ਕਰਵਾਈ ਜਾ ਸਕਦੀ, ਫਿਰ ਵੀ ਬਾਲ ਮਜ਼ਦੂਰੀ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਛੋਟੇ ਬੱਚੇ ਢਾਬਿਆਂ, ਘਰਾਂ ਜਾਂ ਵਾਹਨਾਂ ਦੀ ਮੁਰੰਮਤ ਵਾਲੀਆਂ ਦੁਕਾਨਾਂ ਵਿੱਚ ਕੰਮ ਕਰਦੇ ਆਮ ਦੇਖੇ ਜਾ ਸਕਦੇ ਹਨ। ਫੈਕਟਰੀ ਮਾਲਕ ਬੱਚਿਆਂ ਦੀ ਮਜਬੂਰੀ ਦਾ ਫ਼ਾਇਦਾ ਉਠਾਉਂਦੇ ਹੋਏ ਉਨ੍ਹਾਂ ਨੂੰ ਪੈਸੇ ਵੀ ਬਹੁਤ ਘੱਟ ਦਿੰਦੇ ਹਨ। ਅਸਲੀਅਤ ਇਹ ਹੈ ਕਿ ਸਕੂਲੀ ਉਮਰ ਦੇ ਬਹੁਤ ਸਾਰੇ ਬੱਚੇ ਜੋਖ਼ਿਮ ਭਰਿਆ ਕੰਮ ਕਰ ਰਹੇ ਹਨ। ਸਰਕਾਰ ਨੂੰ ਇਸ ਮਸਲੇ ’ਚ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ, ਮੁਹਾਲੀ
ਸਲੀਕੇ ਦੇ ਬਹਾਨੇ
31 ਦਸੰਬਰ ਦੇ ਅੰਕ ਵਿੱਚ ਨਜ਼ਰੀਆ ਪੰਨੇ ਉੱਤੇ ਟੀ ਐੱਨ ਨੈਨਾਨ ਆਪਣੇ ਲੇਖ ‘ਆਲੋਚਨਾ ਝੱਲਣ ਦਾ ਮਨਮੋਹਣਾ ਸਲੀਕਾ’ ਵਿੱਚ ਡਾ. ਮਨਮੋਹਨ ਸਿੰਘ ਦੇ ਸਲੀਕੇ ਦੀ ਗੱਲ ਕਰਨ ਦੇ ਬਹਾਨੇ ਉਨ੍ਹਾਂ ਦੀ ਆਲੋਚਨਾ/ਨੁਕਤਾਚੀਨੀ ਦਾ ਕੋਈ ਪੱਖ ਛੱਡਣਾ ਨਹੀਂ ਚਾਹੁੰਦੇ। ਲੇਖਕ ਉਨ੍ਹਾਂ ਦੀ ਮਹਾਨਤਾ ਨੂੰ ਸਮਝਣ ਦੀ ਥਾਂ ਉਨ੍ਹਾਂ ਦੀ ਟੁੱਟੀ ਜੁੱਤੀ ’ਤੇ ਸਵਾਲ ਕਰਦਾ ਹੈ। ਜੇਕਰ ਲੇਖਕ ਬਤੌਰ ਆਰਥਿਕ ਮਾਮਲਿਆਂ ਦੇ ਮਾਹਿਰ, ਡਾ. ਮਨਮੋਹਨ ਸਿੰਘ ਦੀਆਂ ਆਰਥਿਕ ਨੀਤੀਆਂ ਦੀ ਪੜਚੋਲ ਸਮਾਜ ਉੱਪਰ ਪੈਣ ਵਾਲੇ ਪ੍ਰਭਾਵਾਂ ਵਜੋਂ ਕਰਦਾ ਤਾਂ ਚੰਗਾ ਸੀ। ਅਸਹਿਮਤੀਆਂ ਭਰੇ ਸਮੇਂ ਵਿੱਚ ਸਹਿਮਤੀ ਬਣਾ ਕੇ ਰਾਜ ਪ੍ਰਬੰਧ ਚਲਾਉਣ ਦੀ ਜੋ ਮਿਸਾਲ ਡਾ. ਮਨਮੋਹਨ ਸਿੰਘ ਨੇ ਪੈਦਾ ਕੀਤੀ, ਉਹ ਹੋਰ ਸਿਆਸਤਦਾਨਾਂ ਲਈ ਚੁਣੌਤੀ ਵੀ ਬਣੀ ਰਹੇਗੀ।
ਕੁਲਵਿੰਦਰ ਸਿੰਘ, ਮਲੋਟ (ਸ੍ਰੀ ਮੁਕਤਸਰ ਸਾਹਿਬ)
ਸ਼ਹਾਦਤ ਨੂੰ ਯਾਦ ਕਰਦਿਆਂ
27 ਦਸੰਬਰ ਨੂੰ ਹਰਜਿੰਦਰ ਸਿੰਘ ਧਾਮੀ ਦੀ ਰਚਨਾ ‘ਸਾਕਾ ਸਰਹਿੰਦ: ਦੁਨੀਆ ਦੇ ਇਤਿਹਾਸ ਦਾ ਲਾਸਾਨੀ ਪੰਨਾ’ ਪੜ੍ਹੀ। ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਮਿਸਾਲ ਦੁਨੀਆ ਵਿੱਚ ਕਿਤੇ ਨਹੀਂ ਮਿਲਦੀ। ਪੋਹ ਦੀਆਂ ਕਾਲੀਆਂ ਠੰਢੀਆਂ ਰਾਤਾਂ ਵਿੱਚ ਛੋਟੇ ਸਾਹਿਬਜ਼ਾਦੇ ਭੁੱਖੇ ਪਿਆਸੇ ਵੀ ਚੜ੍ਹਦੀ ਕਲਾ ਵਿੱਚ ਰਹੇ ਤੇ ਸ਼ਹੀਦੀ ਜਾਮ ਪੀ ਗਏ। ਉਨ੍ਹਾਂ ਧਰਮ ਨਹੀਂ ਹਾਰਿਆ।
ਗੁਰਮੀਤ ਸਿੰਘ, ਵੇਰਕਾ (ਅੰਮ੍ਰਿਤਸਰ)
ਭਾਰਤੀ ਸਰਹੱਦ ਅਤੇ ਚੀਨ
27 ਦਸੰਬਰ ਨੂੰ ਸਫ਼ਾ 10 ਉੱਤੇ ਖ਼ਬਰ ਪੜ੍ਹੀ: ‘ਚੀਨ ਵੱਲੋਂ ਭਾਰਤੀ ਸਰਹੱਦ ਨੇੜੇ ਬ੍ਰਹਮਪੁੱਤਰ ਉੱਤੇ ਡੈਮ ਬਣਾਉਣ ਨੂੰ ਮਨਜ਼ੂਰੀ’। ਜੇ ਅਜਿਹਾ ਹੋਇਆ ਤਾਂ ਭਾਰਤ ਨੂੰ ਬਹੁਤ ਸੁਚੇਤ ਅਤੇ ਸਾਵਧਾਨ ਰਹਿਣਾ ਪਵੇਗਾ। ਇਸ ਦੇ ਨਾਲ ਹੀ ਬਚਪਨ ਦੀ ਉਹ ਗੱਲ ਯਾਦ ਆ ਗਈ ਜਦੋਂ ਦਸਵੀਂ ਕਲਾਸ ਵਿੱਚ ਅਸੀਂ ‘ਹਿੰਦੀ ਚੀਨੀ ਭਾਈ ਭਾਈ’ ਦੇ ਨਾਅਰੇ ਲਗਾਉਂਦੇ ਥੱਕਦੇ ਨਹੀਂ ਸੀ ਅਤੇ ਜਨਾਬ ਨੇ ਸਾਡੇ ’ਤੇ ਹੱਲਾ ਬੋਲ ਦਿੱਤਾ ਸੀ।
ਡਾ. ਤਰਲੋਚਨ ਕੌਰ, ਪਟਿਆਲਾ
ਨਿਆਂ ਦੀ ਲੰਮੇਰੀ ਉਡੀਕ
20 ਦਸੰਬਰ ਨੂੰ ਸੰਪਾਦਕੀ ‘ਨਿਆਂ ਦੀ ਲੰਮੇਰੀ ਉਡੀਕ’ ਪੜ੍ਹ ਕੇ 1978 ਤੋਂ ਸ਼ੁਰੂ ਹੋਏ ਪੰਜਾਬ ਦੇ ਕਾਲੇ ਦੌਰ ਨੂੰ ਯਾਦ ਕਰ ਕੇ ਰੂਹ ਧੁਰ ਅੰਦਰ ਤੱਕ ਕੰਬ ਗਈ। ਗੁਰਦਾਸਪੁਰ ਦੇ ਇੱਕ ਪਿੰਡ ਵਿੱਚ ਬੰਦੂਕਾਂ ਦੇ ਸਾਏ ਹੇਠ ਚੋਣ ਡਿਊਟੀ ਯਾਦ ਆਉਂਦੀ ਹੈ। ਉਦੋਂ ਡਰ ਕਾਰਨ ਕਿਸੇ ਨੇ ਪੀਣ ਲਈ ਪਾਣੀ ਵੀ ਨਹੀਂ ਦਿੱਤਾ, ਸਕੂਲ ਦੇ ਨਲਕੇ ਵਿੱਚ ਬਜਰੀ ਭਰ ਕੇ, ਡੰਡੀਆਂ ਲਾਹ ਲਈਆਂ ਸਨ। ਉਸ ਦੌਰ ਤੋਂ ਹੁਣ ਤੱਕ ਇਨਸਾਫ਼ ਲਈ ਤਰਸਦੇ ਲੋਕਾਂ ਵਿੱਚ ਗ਼ਦਰੀ ਸੋਹਣ ਸਿੰਘ ਭਕਨਾ ਦੀ ਗਰਾਈਂ ਸੁਖਵੰਤ ਕੌਰ ਵਰਗੇ ਅਨੇਕ ਲੋਕ ਹੋਰ ਵੀ ਹਨ ਜਿਨ੍ਹਾਂ ਨੇ ਲੰਮਾ ਸਮਾਂ ਨਿਆਂ ਦੀ ਉਡੀਕ ਵਿੱਚ ਅਦਾਲਤਾਂ ਵਿੱਚ ਖੱਜਲ-ਖੁਆਰ ਹੋ ਕੇ ਆਪਣੇ ਆਪ ਨੂੰ ਸੁਕਾ ਲਿਆ। 32 ਸਾਲਾਂ ਬਾਅਦ ਆਏ ਫ਼ੈਸਲੇ ਨੂੰ ਕਿਸੇ ਵੀ ਸੂਰਤ ਵਿੱਚ ਨਿਆਂ ਨਹੀਂ ਕਿਹਾ ਜਾ ਸਕਦਾ। ਧੰਨ ਜਿਗਰਾ ਇਸ ਬੀਬੀ ਵਰਗੇ ਹੋਰ ਲੋਕਾਂ ਦਾ ਜਿਨ੍ਹਾਂ ਨੇ ਇੰਨਾ ਸਮਾਂ ਨਿਆਂ ਦੀ ਉਡੀਕ ਕਰਦਿਆਂ ਗੁਜ਼ਾਰਿਆ ਅਤੇ ਸਾਰਾ ਪਰਿਵਾਰ ਗੁਆ ਕੇ ਵੀ ਅਡੋਲ ਰਹੇ। ਦੂਜਾ ਸੰਪਾਦਕੀ ‘ਭਾਰਤ-ਚੀਨ ਵਾਰਤਾ’ ਪੜ੍ਹਿਆ। ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਕਾਰ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਬੈਠਕ ਸ਼ਲਾਘਾਯੋਗ ਹੈ। ਅਜਿਹੇ ਹੋਰ ਵੀ ਕਦਮ ਇਮਾਨਦਾਰੀ ਅਤੇ ਭਰੋਸੇ ਨਾਲ ਉਠਾਉਂਦੇ ਰਹਿਣ ਦੀ ਜ਼ਰੂਰਤ ਹੈ ਤਾਂ ਕਿ ਦੋਵਾਂ ਦੇਸ਼ਾਂ ਦੇ ਹਰ ਤਰ੍ਹਾਂ ਦੇ ਸਬੰਧ ਸੁਖਾਵੇਂ ਹੋ ਸਕਣ। ਦੋਹਾਂ ਦੇਸ਼ਾਂ ਦਾ ਭਲਾ ਅਮਨ-ਸ਼ਾਂਤੀ ਨਾਲ ਹੀ ਹੈ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)
ਸੰਵਿਧਾਨਸਾਜ਼ੀ ਅਤੇ ਸੱਤਾਧਾਰੀ
20 ਦਸੰਬਰ ਦੇ ਅੰਕ ਵਿੱਚ ਜ਼ੋਇਆ ਹਸਨ ਦਾ ਲੇਖ ‘ਸੰਵਿਧਾਨਸਾਜ਼ੀ ਦਾ ਅਜੋਕਾ ਬਿਰਤਾਂਤ’ ਪੜ੍ਹਿਆ। ਜਾਪਦਾ ਹੈ ਲੇਖ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਲੋਕ ਸਭਾ ਵਿੱਚ ਸੰਵਿਧਾਨ ਬਾਰੇ ਕਹੇ ਸ਼ਬਦਾਂ ‘ਅੱਜ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਸਾਡਾ ਸੰਵਿਧਾਨ ਕਿਸੇ ਇੱਕ ਪਾਰਟੀ ਦਾ ਤੋਹਫ਼ਾ ਨਹੀਂ ਸੀ’ ਨੂੰ ਕੇਂਦਰ ਬਿੰਦੂ ਬਣਾ ਕੇ ਲਿਖਿਆ ਗਿਆ ਹੈ ਕਿਉਂਕਿ ਸੱਤਾਧਾਰੀ ਪਾਰਟੀ ਦਾ ਇਹ ਲੀਡਰ ਸੁਤੰਤਰਤਾ ਸੰਗਰਾਮ ਅਤੇ ਸੰਵਿਧਾਨ ਘੜਨੀ ਅਸੈਂਬਲੀ ਵਿੱਚੋਂ ਉਨ੍ਹਾਂ ਦੀ ਪਾਰਟੀ ਦੀ ਗ਼ੈਰ-ਹਾਜ਼ਰੀ ਨੂੰ ਹਾਜ਼ਰੀ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਦਿਖਾਈ ਦਿੰਦਾ ਹੈ। ਲੇਖਕ ਇਹ ਤੱਥ ਸਾਹਮਣੇ ਲਿਆਉਂਦੀ ਹੈ ਕਿ ਸੰਵਿਧਾਨ ਘੜਨੀ ਅਸੈਂਬਲੀ ਵਿੱਚ ਹਾਜ਼ਰ ਸਭ ਵਿਚਾਰਧਾਰਾਵਾਂ ਨੂੰ ਵਿਚਾਰ ਕੇ ਹੀ ਸੰਵਿਧਾਨ ਅਪਣਾਇਆ ਗਿਆ। ਲਿਖਿਆ ਹੈ- ‘ਲੋਕਤੰਤਰ, ਧਰਮ ਨਿਰਪੱਖਤਾ ਅਤੇ ਸੰਘਵਾਦ ਦੇ ਸਾਡੇ ਆਪਣ ਰੂਪ ਸਨ ਜੋ ਇਸ ਵਿੱਚ ਰੇਖਾਂਕਿਤ ਕੀਤੇ ਗਏ ਸਮਾਨਤਾ, ਨਿਆਂ ਅਤੇ ਭਾਈਚਾਰੇ ਦੇ ਸਿਧਾਂਤਾਂ ਦੁਆਰਾ ਸੰਚਾਲਿਤ ਹੁੰਦੇ ਹਨ।’ ਸੰਵਿਧਾਨ ਵਿੱਚ ਲੋਕਤੰਤਰ, ਧਰਮ ਨਿਰਪੱਖਤਾ ਅਤੇ ਸੰਘਵਾਦ ਦੇ ‘ਆਪਣੇ ਰੂਪ’ ਦਾ ਅਰਥ ਸ਼ਾਇਦ ਇਨ੍ਹਾਂ ਦਾ ਭਾਰਤੀ ਪ੍ਰੰਪਰਾਵਾਂ ’ਤੇ ਆਧਾਰਿਤ ਹੋਣ ਤੋਂ ਲਿਆ ਗਿਆ ਹੈ ਪਰ ਉਨ੍ਹਾਂ ਨੂੰ ਸੰਚਾਲਿਤ ਕਰਨ ਦਾ ਪ੍ਰਣ ਪੱਛਮੀ ਵਿਚਾਰਧਾਰਾ ਦੁਆਰਾ ਪਰਿਭਾਸ਼ਤ ਸਮਾਨਤਾ, ਨਿਆਂ ਅਤੇ ਭਾਈਚਾਰੇ ਦੇ ਸਿਧਾਂਤਾਂ ’ਤੇ ਕਰਨ ਦਾ ਅਹਿਦ ਮਹਿਸੂਸ ਹੁੰਦਾ ਹੈ। ਸਾਡੇ ਸਮਾਜ ਵਿੱਚ ਭਾਈਚਾਰੇ ਦਾ ਅਰਥ ਬਹੁਗਿਣਤੀ ਧਾਰਮਿਕ ਭਾਈਚਾਰੇ ਦੀ ਮਰਜ਼ੀ ਮੁਤਾਬਿਕ ਜੀਵਨ ਬਸਰ ਕਰਨ ਦੇ ਭਾਵ ਵਿੱਚ ਹੀ ਸਮਝਿਆ ਜਾ ਸਕਦਾ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਸੰਵਿਧਾਨਸਾਜ਼ੀ ਦਾ ਨਵਾਂ ਬਿਰਤਾਂਤ ਇਸ ਲਈ ਸਾਜਿਆ ਜਾ ਰਿਹਾ ਹੈ ਕਿ ਭਾਈਚਾਰੇ ਦੀ ਪ੍ਰਾਚੀਨ ਪਰਿਭਾਸ਼ਾ ਨੂੰ ਬਦਲਿਆ ਨਾ ਜਾ ਸਕੇ।
ਜਗਰੂਪ ਸਿੰਘ, ਉੱਭਾਵਾਲ
ਖੂਹ ਅਤੇ ਪਿਆਸ
20 ਦਸੰਬਰ ਨੂੰ ਪ੍ਰੋ. ਨਵਸੰਗੀਤ ਦੀ ਨਜ਼ਰੀਆ ਪੰਨੇ ’ਤੇ ਛਪੀ ਰਚਨਾ ‘ਜਦੋਂ ਪਿਆਸੇ ਕੋਲ ਖੂਹ ਚੱਲ ਕੇ ਆਇਆ’ ਅਸਲ ਵਿੱਚ ਆਮ ਆਦਮੀ ਦੀ ਦਫ਼ਤਰਾਂ ਵਿੱਚ ਹੋ ਰਹੀ ਖੱਜਲ-ਖੁਆਰੀ ਦੀ ਦਾਸਤਾਂ ਹੈ। ਕਿਸੇ ਵੀ ਪਿਆਸੇ ਕੋਲ ਖੂਹ ਕਦੀ ਚੱਲ ਕੇ ਨਹੀਂ ਆਉਂਦਾ। ਇਹ ਤਾਂ ਲੇਖਕ ਦੀ ਜਾਣ-ਪਛਾਣ ਸੀ, ਕੰਮ ਬਣ ਗਿਆ। ਸੇਵਾ ਕੇਂਦਰਾਂ ’ਤੇ ਅੱਧ-ਪੜ੍ਹ ਬੱਚੇ ਲਾਏ ਹੋਏ ਹਨ। ਉਨ੍ਹਾਂ ਨੂੰ ਵਿਧੀ ਕਾਨੂੰਨ ਦਾ ਪੂਰਾ ਗਿਆਨ ਨਹੀਂ ਹੁੰਦਾ। ਕਈਆਂ ਨੂੰ ਤਾਂ ਸਹੀ ਤਰ੍ਹਾਂ ਨਾਂ ਵੀ ਨਹੀਂ ਲਿਖਣਾ ਆਉਂਦਾ। ਇੱਕ ਵਾਰ ਮੇਰੇ ਵੋਟਰ ਕਾਰਡ ’ਤੇ ਕੁਝ ਵੀ ਸਹੀ ਨਹੀਂ ਸੀ ਲਿਖਿਆ। ਮੈਂ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਦੱਸੀਆਂ ਹਦਾਇਤਾਂ ਮੁਤਾਬਿਕ ਲੋੜੀਂਦਾ ਫਾਰਮ ਭਰ ਕੇ ਉਪ ਮੰਡਲ ਮੈਜਿਸਟਰੇਟ ਦੇ ਦਫ਼ਤਰ ਗਿਆ। ਮੈਜਿਸਟਰੇਟ ਦਫਤਰ ਨਹੀਂ ਸੀ। ਇੱਕ ਕਲਰਕ ਨੂੰ ਮੈਂ ਦਰੁਸਤੀ ਦਾ ਫਾਰਮ ਲੈਣ ਲਈ ਕਿਹਾ ਪਰ ਉਸ ਨੇ ਮੇਰਾ ਫਾਰਮ ਇਹ ਕਹਿ ਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਅਜਿਹੀ ਕੋਈ ਵਿਧੀ ਹੀ ਨਹੀਂ ਕਿ ਇਹ ਠੀਕ ਹੋ ਸਕੇ, ਇਹ ਤਾਂ ਅਗਲੀਆਂ ਵੋਟਾਂ ਵੇਲੇ ਠੀਕ ਹੋਵੇਗਾ। ਮੈਂ ਕਿਹਾ- ਵੈੱਬ ਸਾਈਟ ’ਤੇ ਲਿਖਿਆ। ਉਹ ਕਹਿੰਦੀ- ਲਿਖਿਆ ਹੋਵੇਗਾ। ਮੈਂ ਭਰਿਆ-ਪੀਤਾ ਉਸ ਬੀਬਾ ਨੂੰ ਇਹ ਕਹਿ ਕੇ ਆ ਗਿਆ ਕਿ ‘ਬੀਬਾ ਬੰਦਾ ਮਰਿਆ ਠੀਕ ਨਹੀਂ ਹੁੰਦਾ, ਬਾਕੀ ਸਭ ਠੀਕ ਹੋ ਸਕਦੈ।’ ਮੈਂ ਇਹ ਵਾਰਤਾ ਬਿਆਨ ਕਰਦੀ ਅਰਜ਼ੀ ਰਾਜ ਦੇ ਚੋਣ ਕਮਿਸ਼ਨਰ ਨੂੰ ਭੇਜ ਦਿੱਤੀ। ਫਿਰ ਖੂਹ ਦਾ ਮੇਰੇ ਕੋਲ ਫੋਨ ਆਇਆ- ‘ਜਨਾਬ ਤੁਸੀਂ ਮੇਰੇ ਕੋਲ ਆਉਣ ਦੀ ਖੇਚਲ ਕਰੋਗੇ ਜਾਂ ਮੈਂ ਤੁਹਾਡੇ ਕੋਲ ਆਵਾਂ?’ ਵੋਟਰ ਕਾਰਡ ਦਰੁਸਤ ਹੋ ਗਿਆ।
ਦਰਸ਼ਨ ਸਿੰਘ ਭੁੱਲਰ, ਬਠਿੰਡਾ