ਧੋਖਾਧੜੀ ਦੇ ਮਾਮਲੇ ਅਦਾਕਾਰ ਧਰਮਿੰਦਰ ਨੂੰ ਸੰਮਨ ਜਾਰੀ
ਨਵੀਂ ਦਿੱਲੀ, 10 ਦਸੰਬਰ
ਦਿੱਲੀ ਦੀ ਇੱਕ ਅਦਾਲਤ ਨੇ ਗਰਮ-ਧਰਮ ਢਾਬਾ ਫਰੈਂਚਾਇਜ਼ੀ ਨਾਲ ਧੋਖਾਧੜੀ ਦੇ ਇੱਕ ਮਾਮਲੇ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਸ਼ਿਕਾਇਤਕਰਤਾ ਦੇ ਵਕੀਲ ਡੀਡੀ ਪਾਂਡੇ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ ਯਸ਼ਦੀਪ ਚਾਹਲ ਨੇ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਵੱਲੋਂ ਦਾਇਰ ਸ਼ਿਕਾਇਤ ’ਤੇ 89 ਸਾਲਾ ਅਭਿਨੇਤਾ ਦੇ ਖ਼ਿਲਾਫ਼ ਇਹ ਹੁਕਮ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ।
ਜੱਜ ਨੇ 5 ਦਸੰਬਰ ਨੂੰ ਦਿੱਤੇ ਹੁਕਮਾਂ ਵਿਚ ਕਿਹਾ ਕਿ ਰਿਕਾਰਡ ’ਤੇ ਮੌਜੂਦ ਸਬੂਤਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਦੋਸ਼ੀ ਵਿਅਕਤੀਆਂ ਨੇ ਸ਼ਿਕਾਇਤਕਰਤਾ ਨੂੰ ਆਪਣੇ ਸਾਂਝੇ ਦੇ ਇਰਾਦੇ ਨੂੰ ਅੱਗੇ ਵਧਾਉਣ ਲਈ ਉਕਸਾਇਆ ਸੀ। ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਉਨ੍ਹਾਂ ਦੋਸ਼ੀਆਂ ਨੂੰ 20 ਫਰਵਰੀ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ।
ਅਦਾਲਤ ਨੇ ਨੋਟ ਕੀਤਾ ਕਿ ਇਹ ਸਾਫ਼ ਤੌਰ ’ਤੇ ਸਪੱਸ਼ਟ ਹੈ ਕਿ ਦੋਵਾਂ ਧਿਰਾਂ ਵਿਚਕਾਰ ਲੈਣ-ਦੇਣ ਗਰਮ ਧਰਮ ਢਾਬੇ ਨਾਲ ਸਬੰਧਤ ਹੈ।
ਸ਼ਿਕਾਇਤ ਦੇ ਅਨੁਸਾਰ ਅਪ੍ਰੈਲ 2018 ਵਿੱਚ ਸਹਿ-ਦੋਸ਼ੀ ਨੇ ਧਰਮ ਸਿੰਘ ਦਿਓਲ (ਧਰਮਿੰਦਰ) ਦੀ ਤਰਫੋਂ ਉੱਤਰ ਪ੍ਰਦੇਸ਼ ਵਿੱਚ NH-24/NH-9 ’ਤੇ ਗਰਮ ਧਰਮ ਢਾਬਾ ਦੀ ਫਰੈਂਚਾਇਜ਼ੀ ਖੋਲ੍ਹਣ ਦੀ ਪੇਸ਼ਕਸ਼ ਦੇ ਨਾਲ ਉਸ ਕੋਲ ਪਹੁੰਚ ਕੀਤੀ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੇ ਸਤੰਬਰ 2018 ਵਿੱਚ 17.70 ਲੱਖ ਰੁਪਏ ਦੀ ਰਕਮ ਦਾ ਚੈੱਕ ਸੌਂਪਿਆ ਸੀ ਪਰ ਉਸ ਤੋਂ ਬਾਅਦ ਮੁਲਜ਼ਮ ਨੇ ਉਸ ਨੂੰ ਜਵਾਬ ਦੇਣਾ ਬੰਦ ਕਰ ਦਿੱਤਾ।-ਪੀਟੀਆਈ