ਸਮਰ ਕੈਂਪ: ਹੁਨਰ ਦੀ ਨਿਸ਼ਾਨਦੇਹੀ ਤੇ ਉਜਵਲ ਭਵਿੱਖ ਦਾ ਵਸੀਲਾ
ਪਿਆਰਾ ਸਿੰਘ ਗੁਰਨੇ ਕਲਾਂ
ਬਾਲ ਮਨਾਂ ਦੀਆਂ ਆਪਣੀਆਂ ਹੀ ਉਡਾਰੀਆਂ ਹੁੰਦੀਆਂ ਹਨ ਅਤੇ ਆਪਣਾ ਹੀ ਅੰਬਰ। ਪੰਛੀ ਪਿੰਜਰੇ ਵਿਚ ਤਾੜੇ ਮਾੜੇ ਅਤੇ ਵਿਦਿਆਰਥੀ ਕਮਰਿਆਂ ਵਿਚ। ਪੰਛੀਆਂ ਅਤੇ ਵਿਦਿਆਰਥੀਆਂ ਨੂੰ ਉੱਡਣ ਲਈ ਮੌਕਾ ਤੇ ਮਾਹੌਲ ਦੇਣੀ ਬਣਦਾ ਹੈ ਤਾਂ ਕਿ ਉਹ ਆਪਣੀ ਪਸੰਦ ਅਤੇ ਮਰਜ਼ੀ ਦੀ ਉਡਾਰੀ ਭਰ ਸਕਣ। ਹਰ ਵਿਦਿਆਰਥੀ ਦੀ ਆਪਣੀ ਵਿਲੱਖਣ ਰੁਚੀ ਅਤੇ ਝੁਕਾਅ ਹੁੰਦਾ ਹੈ। ਹਰ ਵਿਦਿਆਰਥੀ ਡਾਕਟਰ ਨਹੀਂ ਬਣ ਸਕਦਾ ਅਤੇ ਨਾ ਹੀ ਹਰ ਵਿਦਿਆਰਥੀ ਇੰਜਨੀਅਰ।
ਸਿੱਖਣ ਅਤੇ ਪੜ੍ਹਾਈ ਕਰਨ ਵਿਚ ਫ਼ਰਕ ਹੁੰਦਾ ਹੈ। ਜਪਾਨ ਵਾਲੇ ਸਿੱਖਦੇ ਹਨ ਅਤੇ ਭਾਰਤ ਵਾਲੇ ਪੜ੍ਹਦੇ ਰਹੇ ਹਨ। ਇਹੀ ਪੜ੍ਹਾਈ ਦੇ ਅਮਲੀ ਅਤੇ ਥਿਊਰੀ ਪੱਖ ਵਿਚਲਾ ਫ਼ਰਕ ਹੈ। ਜਦੋਂ ਪੜ੍ਹਾਈ ਜਿ਼ੰਦਗੀ ਵਿਚ ਕੰਮ ਆਉਣੀ ਸ਼ੁਰੂ ਹੋ ਜਾਵੇ ਤਾਂ ਇਹ ਪੜ੍ਹਾਈ ਦਾ ਪ੍ਰੈਕਟੀਕਲ ਰੂਪ ਹੈ। ਜਦੋਂ ਪੜ੍ਹਾਈ ਕਿਤਾਬਾਂ ਦੀਆਂ ਜਿਲਦਾਂ ਵਿਚ ਬੰਦ ਹੋ ਕੇ ਰਹਿ ਜਾਵੇ ਤਾਂ ਇਹ ਪੜ੍ਹਾਈ ਦਾ ਸਿਰਫ਼ ਲਿਖਤੀ ਰੂਪ ਹੈ। ਜਮਾਤਾਂ ਕਦੇ ਵੀ ਸੰਪੂਰਨ ਸਿੱਖਣਾ ਨਹੀਂ ਹੁੰਦਾ। ਇਹ ਸਿਰਫ਼ ਕਿਤਾਬਾਂ ਦੇ ਵਰਕੇ ਪਲਟਾਉਣਾ ਜਾਂ ਕਾਪੀਆਂ ਕਾਲੀਆਂ ਕਰਨਾ ਹੁੰਦਾ ਹੈ। ਸਾਲ ਭਰ ਰੱਟਾ ਮਾਰੋ, ਫਿਰ ਇਮਤਿਹਾਨ ਵਿਚ ਬੈਠੋ ਅਤੇ ਤਿੰਨ ਘੰਟਿਆਂ ਵਿਚ ਲਾਇਆ ਰੱਟਾ 24 ਜਾਂ 26 ਪੇਜਾਂ ਦੀ ਉੱਤਰ ਪੱਤਰੀ ’ਤੇ ਉਤਾਰ ਦਿਓ। ਇਹ ਕਦੇ ਵੀ ਜਿ਼ੰਦਗੀ ਦੀ ਸਫਲਤਾ ਨਹੀਂ ਬਣ ਸਕਦਾ; ਹਾਂ, ਤੁਹਾਨੂੰ ਨੌਕਰੀ ’ਤੇ ਪਹੁੰਚਾ ਕੇ ਰੋਜ਼ੀ ਰੋਟੀ ਦਾ ਸਾਧਨ ਬਣ ਸਕਦਾ। ਇਹੀ ਗਿਆਨ ਅਧਿਆਪਕ ਬਣਨ ਅਤੇ ਸਿੱਧ ਹੋਣ ਦਾ ਪੈਰਾਮੀਟਰ ਬਣਦਾ।
ਸਿੱਖਿਆ ਵਿਦਿਆਰਥੀਆਂ ਨੂੰ ਬਸਤਾ (ਬੈਗ) ਮੁਕਤ ਕਰਦੀ ਹੈ। ਸਿੱਖਿਆ ਨੀਤੀ ਦਾ ਇੱਕ ਟੀਚਾ ਇਹ ਵੀ ਹੈ ਕਿ ਵਿਦਿਆਰਥੀਆਂ ਦੇ ਬਸਤਿਆਂ (ਬੈਗਾਂ) ਦਾ ਭਾਰ ਘਟਾਇਆ ਜਾਵੇ। ਬਸਤੇ ਦਾ ਭਾਰ ਵੱਧ ਅਤੇ ਵਿਦਿਆਰਥੀ ਦਾ ਭਾਰ ਘੱਟ। ਇਸ ਤਰ੍ਹਾਂ ਵਿਦਿਆਰਥੀ ਅਤੇ ਸਿੱਖਿਆ ਦੋਵੇਂ ਭਾਰ ਹੇਠ ਦੱਬ ਕੇ ਰਹਿ ਜਾਂਦੇ ਹਨ। ਲੋੜੋਂ ਵੱਧ ਕਿਤਾਬੀ ਬੋਝ ਵਿਦਿਆਰਥੀ ਨੂੰ ਤਣਾਅ ਹੀ ਦਿੰਦਾ ਹੈ।
ਉਪਰਲੇ ਨੁਕਤੇ ਸਮਰ ਕੈਂਪਾਂ ਦੀ ਮਹਤੱਤਾ ਨੂੰ ਨਾਪਣ ਦੇ ਢੰਗ ਹਨ। ਕੈਂਪ ਦਾ ਅਰਥ ਖੇਡਣਾ ਅਤੇ ਸਿੱਖਣਾ ਹੁੰਦਾ। ਵਿਦਿਆਰਥੀ ਕੈਂਪ ਵਿਚ ਰਸਮੀ ਸਿੱਖਿਆ ਦਾ ਖਹਿੜਾ ਛੱਡ ਉਹ ਸਿੱਖਦਾ ਹੈ ਜਿਸ ਵਿਚ ਉਸ ਦੀ ਰੁਚੀ ਅਤੇ ਝੁਕਾਅ ਹੁੰਦਾ। ਨਾ ਕਿਤਾਬਾਂ ਨਾ ਕਾਪੀਆਂ ਖੁੱਲ੍ਹਾ ਵਾਤਾਵਰਨ, ਆਪਣੇ ਹਿਸਾਬ ਦਾ ਸਿੱਖਣਾ। ਬੱਚੇ ਦੇ ਮਨ ਵਿਚ ਚਾਅ ਹੁੰਦਾ ਖੁੱਲ੍ਹ ਕੇ ਖ਼ੁਦ ਨੂੰ ਪ੍ਰਗਟ ਕਰਨ ਦਾ। ਉਹ ਆਪਣੇ ਦਿਲ ਦੀ ਕਰਦਾ ਹੈ। ਨਵੇਂ ਖਿ਼ਆਲ, ਨਵੇਂ ਤਜਰਬੇ ਅਤੇ ਨਵੀਆਂ ਉਡਾਰੀਆਂ ਵਿਦਿਆਰਥੀ ਨੂੰ ਸਕੂਨ ਨਾਲ ਭਰ ਦਿੰਦੀਆਂ ਹਨ।
ਕਿਰਿਆ ਰਾਹੀਂ ਸਿੱਖਣਾ ਸਿੱਖਿਆ ਦਾ ਪ੍ਰੈਕਟੀਕਲ ਰੂਪ ਹੈ। ਜੇ ਗਣਿਤ ਜਾਂ ਸਾਇੰਸ ਦੀ ਕੀਤੀ ਪੜ੍ਹਾਈ ਵਿਦਿਆਰਥੀ ਨੂੰ ਜਿ਼ੰਦਗੀ ਵਿਚ ਲਾਗੂ ਕਰਨੀ ਨਹੀਂ ਆਉਂਦੀ ਤਾਂ ਸਿੱਖਿਆ ਦਾ ਅਸਲੀ ਮਕਸਦ ਫੇਲ੍ਹ ਸਮਝੋ। ਜੇ ਗਣਿਤ ਵਿਚ ਕੋਣ ਸਿੱਖ ਕੇ ਵਿਦਿਆਰਥੀ ਕੂਹਣੀ ਦਾ ਜੋੜ ਸਰਲ ਕੋਣ ਤੋਂ ਵੱਧ ਖੋਲ੍ਹਦਾ ਤਾਂ ਵਿਦਿਆਰਥੀ ਅਤੇ ਸਿੱਖਿਆ ਦੋਵਾਂ ਤੇ ਪਲੱਸਤਰ ਲੱਗਣਾ ਤੈਅ ਹੈ। ਸਾਇੰਸ ਪੜ੍ਹ ਕੇ ਜੇ ਵਿਦਿਆਰਥੀ ਨੂੰ ਧਨ ਚਾਰਜ ਅਤੇ ਰਿਣ ਚਾਰਜ ਦਾ ਪਤਾ ਨਹੀਂ ਲੱਗਦਾ ਤਾਂ ਸਾਇੰਸ ਕਿਤਾਬੀ ਵਿਸ਼ਾ ਹੈ। ਕੈਂਪ ਦੇ ਵਾਲੇ ਮਾਪਦੰਡ ਨਹੀਂ ਹੁੰਦੇ। ਇਸ ਲਈ ਚੰਗੇ ਅਧਿਆਪਕ ਆਪਣੀ ਯੋਗਤਾ ਅਤੇ ਸਿਆਣਪ ਨਾਲ ਵਿਦਿਆਰਥੀਆਂ ਨੂੰ ਸਮਾਜਿਕ, ਰਾਜਨੀਤਕ ਅਤੇ ਭਾਵਨਾਤਮਕ ਤੌਰ ’ਤੇ ਮਜ਼ਬੂਤ ਬਣਾ ਸਕਦੇ ਹਨ। ਇਹ ਕੈਂਪ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਦਾ ਮੋਕਲਾ ਰਾਹ ਹਨ।
ਸਮਰ ਕੈਂਪ ਦਾ ਵਿਸ਼ਾ ਸਮਾਜਿਕ ਅਤੇ ਭਾਵਨਾਤਮਕ ਸਿਖਲਾਈ ਸੀ। ਹਰ ਵਿਦਿਆਰਥੀ ਨੂੰ ਇੱਕ ਪੇਜ ’ਤੇ ਉਹ ਇੱਕ ਚੀਜ਼ ਲਿਖਣ ਲਈ ਕਿਹਾ ਗਿਆ ਜੋ ਉਨ੍ਹਾਂ ਨੂੰ ਸੁੱਖ ਦਿੰਦੀ ਹੈ ਅਤੇ ਇੱਕ ਚੀਜ਼ ਉਹ ਲਿਖਣ ਲਈ ਕਿਹਾ ਜੋ ਉਨ੍ਹਾਂ ਨੂੰ ਦੁੱਖ ਦਿੰਦੀ ਹੈ। ਨਤੀਜਾ ਇਹ ਨਿਕਲਿਆ ਕਿ ਵਿਦਿਆਰਥੀਆਂ ਦੀਆਂ 14 ਸੁੱਖ ਦੇਣ ਵਾਲੀਆਂ ਅਤੇ 14 ਦੁੱਖ ਦੇਣ ਵਾਲੀਆਂ ਚੀਜ਼ਾਂ ਦੀ ਲਿਸਟ ਬਣਾਈ ਗਈ। ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਕਿ ਸੁੱਖ ਦੇਣ ਵਾਲੀਆਂ ਚੀਜ਼ਾਂ ਦੀ ਜਿ਼ੰਦਗੀ ਵਿਚ ਆਮਦ ਲਈ ਮਿਹਨਤ ਕਰੋ ਅਤੇ ਦੁੱਖ ਦੇਣ ਵਾਲੀਆਂ ਚੀਜ਼ਾਂ ਨੂੰ ਜਿ਼ੰਦਗੀ ਵਿਚੋਂ ਡਿਲੀਟ ਕਰਨ ਲਈ ਕੋਸ਼ਿਸ਼ ਕਰੋ। ਇਹੀ ਪਛਾਣ ਜਿ਼ੰਦਗੀ ਵਿਚ ਸੰਤੁਲਨ ਪੈਦਾ ਕਰੇਗੀ।
ਵਿਦੇਸ਼ਾਂ ਵਿਚ ਵਿਦਿਆਰਥੀਆਂ ਦੀ ਰੁਚੀ ਪਛਾਣ ਕੇ ਸ਼ਾਮ ਨੂੰ ਉਨ੍ਹਾਂ ਨੂੰ ਰੁਚੀ ਵਾਲੇ ਖੇਤਰ ਦਾ ਅਭਿਆਸ ਕਰਵਾਇਆ ਜਾਂਦਾ ਹੈ। ਸਮਰ ਕੈਂਪ ਹੁਨਰ ਦੀ ਪਛਾਣ ਦਾ ਜ਼ਰੀਆ ਹਨ। ਹੁਨਰ ਪਛਾਣ ਤੋਂ ਬਾਅਦ ਅਭਿਆਸ ਵਾਲੇ ਪਾਸੇ ਸਿੱਖਿਆ ਵਿਭਾਗ ਕਦਮ ਵਧਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਡਾਕਟਰ ਹੀ ਡਾਕਟਰ ਬਣੇਗਾ ਅਤੇ ਖਿਡਾਰੀ ਹੀ ਖਿਡਾਰੀ। ਹੁਨਰ ਨਿਖਾਰਨ ਤੋਂ ਬਾਅਦ ਹੁਨਰਮੰਦ ਜਿਸ ਖੇਤਰ ਵਿਚ ਜਾਵੇਗਾ, ਬਨਿਾਂ ਸ਼ੱਕ ਉਸ ਦੀਆਂ ਪ੍ਰਾਪਤੀਆਂ ਦਾ ਕੱਦ ਬਹੁਤ ਉੱਚਾ ਹੋਵੇਗਾ ਅਤੇ ਦੇਸ਼ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਵਧੇਗਾ।
ਸਿੱਖਿਆ ਵਿਭਾਗ ਪੰਜਾਬ ਦੇ ਸਮਰ ਕੈਂਪ ਸਾਰਥਿਕ ਕਦਮ ਹਨ। ਇਸ ਖੇਤਰ ਵੱਲ ਹੋਰ ਉਪਰਾਲੇ ਹੋ ਸਕਦੇ ਹਨ। ਇਨ੍ਹਾਂ ਕੈਂਪਾਂ ਵਿਚ ਗਤੀਵਿਧੀਆਂ ਵਿਚ ਵਿਦਿਆਰਥੀਆਂ ਨੂੰ ਬੰਦ ਜਿਹਾ ਕਰ ਦਿੱਤਾ ਗਿਆ ਹੈ। ਕੈਂਪਾਂ ਨੂੰ ਇਨ੍ਹਾਂ ਬੰਦਿਸ਼ਾਂ ਤੋਂ ਆਜ਼ਾਦ ਕਰਨ ਦੀ ਲੋੜ ਹੈ। ਜੇਕਰ ਇਹੀ ਫਿਕਸ ਕਰਨਾ ਕਿ ਵਿਦਿਆਰਥੀਆਂ ਨੇ ਇਹ ਹੀ ਕਰਨਾ ਫਿਰ ਤਾਂ ਇਹ ਰਸਮੀ ਸਿੱਖਿਆ ਹੀ ਬਣ ਗਈ। 40 ਮਿੰਟਾਂ ਵਿਚ ਕਲਾ ਲੱਭੀ ਨਹੀਂ ਜਾ ਸਕਦੀ, ਨਿਖਾਰਨਾ ਤਾਂ ਦੂਰ ਦੀ ਗੱਲ ਹੈ। ਤਿੰਨ ਘੰਟੇ ਸਿਰਫ ਇੱਕ ਐਕਟੀਵਿਟੀ ਨੂੰ ਦਿੱਤੇ ਜਾਣ। ਇਸ ਲਈ ਸਕੂਲ ਦੇ ਅਧਿਆਪਕਾਂ ਦੀ ਸਿਖਲਾਈ ਹੋਵੇ। ਸਿਖਲਾਈ ਪ੍ਰਾਪਤ ਅਧਿਆਪਕ ਹੀ ਇਨ੍ਹਾਂ ਕੈਂਪਾਂ ਨੂੰ ਚਲਾਉਣ। ਮਾਹਿਰਾਂ ਤੋਂ ਇਨ੍ਹਾਂ ਕੈਂਪਾਂ ਨੂੰ ਹੋਰ ਸਾਰਥਿਕ ਬਣਾਉਣ ਲਈ ਸੁਝਾਅ ਮੰਗੇ ਜਾਣ। ਵਿਭਾਗ ਦੀ ਸ਼ੁਰੂਆਤ ਬਹੁਤ ਚੰਗੀ ਹੈ। ਭਵਿੱਖ ਵਿਚ ਚੰਗੇ ਨਤੀਜੇ ਆਉਣ ਦੀ ਆਸ ਹੈ। ਹੁਨਰ ਦੀਆਂ ਕੀਤੀਆਂ ਨਿਸ਼ਾਨਦੇਹੀਆਂ ਉੱਜਵਲ ਭਵਿੱਖ ਵਿਦਿਆਰਥੀਆਂ ਨੂੰ ਪਰੋਸ ਕੇ ਦਿੰਦੀਆਂ ਹਨ ਅਤੇ ਚੰਗੇ ਨਾਗਰਿਕਾਂ ਦਾ ਸ਼ਾਨਦਾਰ ਸੰਸਾਰ ਪੈਦਾ ਹੁੰਦਾ ਹੈ।
ਸੰਪਰਕ: 99156-21188