ਸਮਰ ਕੈਂਪ: ਸਿੱਖਿਆ ਅਧਿਕਾਰੀਆਂ ਵੱਲੋਂ ਸਕੂਲਾਂ ਦੇ ਦੌਰੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 6 ਜੁਲਾਈ
ਸੂਬੇ ਦੇ ਸਿੱਖਿਆ ਮੰਤਰੀ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਅੱਠਵੀਂ ਜਮਾਤ ਤੱਕ ਸਮਰ ਕੈਂਪ ਚੱਲ ਰਹੇ ਹਨ। ਸ਼ਹਿਰ ਦੇ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਇਸ ਸਮਰ ਕੈਂਪ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਕਿਲ੍ਹਾ ਰਾਏਪੁਰ, ਸਰਕਾਰੀ ਪ੍ਰਾਇਮਰੀ ਸਕੂਲ ਪੋਹੀੜ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਜਗੇੜਾ ਦਾ ਦੌਰਾ ਕੀਤਾ। ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵਿੰਦਰ ਸਿੰਘ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾੜੇਵਾਲ, ਬੀਰਮੀ ਅਤੇ ਹੰਬੜਾਂ ਦੇ ਸਕੂਲਾਂ ਦਾ ਜਦਕਿ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮਨੋਜ ਕੁਮਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਰਾਜੇਵਾਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਉਟਾਲਾਂ ਦੇ ਸਕੂਲਾਂ ਦਾ ਦੌਰਾ ਕੀਤਾ। ਇਸ ਦੌਰਾਨ ਜਿਲ੍ਹਾ ਅਧਿਕਾਰੀਆਂ ਨੇ ਬੱਚਿਆਂ ਨਾਲ ਸਮਰ ਕੈਂਪ ਦੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਦੱਸਿਆ ਕਿ ਸਾਰੇ ਹੀ ਵਿਦਿਆਰਥੀ ਸਮਰ ਕੈਂਪ ਪ੍ਰਤੀ ਉਤਸ਼ਾਹਿਤ ਦਿਖਾਈ ਦਿੱਤੇ ਅਤੇ ਅਧਿਆਪਕਾਂ ਵੱਲੋਂ ਵਧੀਆ ਮਾਹੌਲ ਵਿੱਚ ਰੌਚਕਤਾ ਭਰਪੂਰ ਵਾਤਾਵਰਣ ਬਣਾ ਕੇ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸਕੂਲ ਮੁਖੀਆਂ ਵੱਲੋਂ ਰੋਜ਼ਾਨਾ ਗੂਗਲ ਟਰੈਕਰ ਵਿੱਚ ਫੀਡਬੈਕ ਦਿੱਤੇ ਜਾ ਰਹੇ ਹਨ।