ਜਗਰਾਉਂ ਦੀ ਸੁਮਨ ਗੋਇਲ ਦਾ ਜੱਜ ਬਣਨ ’ਤੇ ਸਨਮਾਨ
ਜਸਬੀਰ ਸ਼ੇਤਰਾ
ਜਗਰਾਉਂ, 21 ਨਵੰਬਰ
ਇਥੋਂ ਦੇ ਡੀਏਵੀ ਸਕੂਲ ’ਚੋਂ ਦਸਵੀਂ ਤਕ ਪੜ੍ਹਾਈ ਕਰਨ ਵਾਲੀ ਸੁਮਨ ਗੋਇਲ ਦਾ ਜੱਜ ਬਣਨ ’ਤੇ ਅੱਜ ਇਸੇ ਸਕੂਲ ’ਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਜਗਰਾਉਂ ਦੇ ਲਾਜਪਤ ਰਾਏ ਰੋਡ ਸਥਿਤ ਭਾਰਤ ਬੈਗ ਵਾਲਿਆਂ ਦੀ ਲੜਕੀ ਸੁਮਨ ਨੇ ਪਿਛਲੇ ਦਿਨੀਂ ਹਰਿਆਣਾ ਸਿਵਲ ਸਰਵਿਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਜੱਜ ਦਾ ਅਹੁਦਾ ਪ੍ਰਾਪਤ ਕੀਤਾ ਹੈ। ਸਕੂਲ ਪ੍ਰਿੰਸੀਪਲ ਵੇਦਵਰਤ ਪਲਾਹ ਨੇ ਦੱਸਿਆ ਕਿ ਸੁਮਨ ਗੋਇਲ ਸਾਲ 2014-15 ਬੈਚ ਦੀ ਡੀਏਵੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਰਹੀ। ਜੱਜ ਬਣ ਕੇ ਉਸ ਨੇ ਜਗਰਾਉਂ, ਸਕੂਲ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਸੁਮਨ ਗੋਇਲ ਦੇ ਡੀਏਵੀ ਸਕੂਲ ਵਿਚਲੇ ਅਧਿਆਪਕਾਂ ਅਨੁਸਾਰ ਸੁਮਨ ਬਹੁਤ ਹੀ ਮਿਹਨਤੀ, ਹੁਸ਼ਿਆਰ ਅਤੇ ਬਿਲਕੁਲ ਸਾਦਾ ਰਹਿਣ ਵਾਲੀ ਕੁੜੀ ਸੀ। ਸਕੂਲ ’ਚ ਵੀ ਸੁਮਨ ਹਮੇਸ਼ਾ ਟਾਪਰਾਂ ‘ਚ ਸ਼ੁਮਾਰ ਸੀ। ਉਸਦੇ ਇਸੇ ਮਿਹਨਤੀ ਸੁਭਾਅ ਅਤੇ ਪੜ੍ਹਾਈ ਪ੍ਰਤੀ ਜਜ਼ਬੇ ਨੇ ਉਸ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਸੁਮਨ ਦੇ ਮਾਪਿਆਂ ਅਤੇ ਸਕੂਲ ਦੇ ਅਧਿਆਪਕਾਂ ਉਸਦੀ ਸਫ਼ਲਤਾ ’ਤੇ ਮਾਣ ਮਹਿਸੂਸ ਕੀਤਾ। ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੇ ਸੁਨੇਹੇ ’ਚ ਸੁਮਨ ਗੋਇਲ ਨੇ ਕਿਹਾ ਕਿ ਸਫ਼ਲਤਾ ਲਈ ਪਹਿਲਾ ਕੰਮ ਟੀਚਾ ਮਿਥਣ ਦਾ ਹੈ। ਜਿੰਨੀ ਦੇਰ ਇਹ ਹੀ ਨਹੀਂ ਪਤਾ ਹੋਵੇਗਾ ਕਿ ਕਰਨਾ ਕੀ ਹੈ ਤੇ ਬਣਨਾ ਕੀ ਹੈ, ਓਨੀ ਦੇਰ ਕੁਝ ਨਹੀਂ ਹੋ ਸਕਦਾ।