ਸਰਾਭਾ ਅਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਨਾਟਕ ਮੇਲਾ 24 ਨੂੰ
ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਨਵੰਬਰ
ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ 6 ਹੋਰ ਦੇਸ਼ ਭਗਤਾਂ ਨੂੰ ਅੰਗਰੇਜ਼ ਹਕੂਮਤ ਵੱਲੋਂ ਦਿੱਤੀ ਫਾਂਸੀ ਦੀ 109 ਵੀਂ ਬਰਸੀ ਨੂੰ ਸਮਰਪਿਤ ਨਾਟਕ ਮੇਲਾ 24 ਨਵੰਬਰ ਨੂੰ ਸ਼ਾਮ 6 ਵਜੇ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ (ਲੁਧਿਆਣਾ) ਵਿੱਚ ਕਰਵਾਇਆ ਜਾਵੇਗਾ। ਸਮਾਗਮ ਵਿੱਚ ਗਦਰੀ ਬਾਬਿਆਂ ਨੂੰ ਅੰਗਰੇਜ਼ਾਂ ਵੱਲੋਂ ਕਾਲੇ ਪਾਣੀਆਂ ਦੀ ਸੈਲੂਲਰ ਜੇਲ੍ਹ ਵਿੱਚ ਦਿੱਤੇ ਤਸੀਹਿਆਂ ਨੂੰ ਦਰਸਾਉਂਦਾ ਨਾਟਕ ‘ਗਾਥਾ ਕਾਲੇ ਪਾਣੀਆਂ ਦੀ’ ਖੇਡਿਆ ਜਾਵੇਗਾ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਖੇਡਿਆ ਜਾਣ ਵਾਲਾ ਇਹ ਨਾਟਕ ਗਦਰੀ ਬਾਬਿਆਂ ਦੇ ਇਤਿਹਾਸ ਨੂੰ ਦੁਹਰਾਏਗਾ। ਟਰੱਸਟ ਦੇ ਜਨਰਲ ਸਕੱਤਰ ਜਸਵੰਤ ਜ਼ੀਰਖ ਨੇ ਦੱਸਿਆ ਕਿ ਇਹ ਨਾਟਕ ਮੇਲਾ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ, ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਲੁਧਿਆਣਾ, ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਲੁਧਿਆਣਾ ਇਕਾਈਆਂ, ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਤੇ ਪਲਸ ਮੰਚ ਵੱਲੋਂ ਕੀਤਾ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦੇ ਭਾਣਜਾ ਪ੍ਰੋ. ਜਗਮੋਹਨ ਸਿੰਘ ਆਪਣੇ ਵਿਚਾਰ ਪੇਸ਼ ਕਰਨਗੇ।