For the best experience, open
https://m.punjabitribuneonline.com
on your mobile browser.
Advertisement

ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ

07:56 AM May 01, 2024 IST
ਸੁਲਤਾਨ ਉਲ ਕੌਮ ਜੱਸਾ ਸਿੰਘ ਆਹਲੂਵਾਲੀਆ
Advertisement

ਰਮੇਸ਼ ਬੱਗਾ ਚੋਹਲਾ

Advertisement

ਸੇਵਾ, ਸਿਮਰਨ ਅਤੇ ਪਰਉਪਕਾਰੀ ਜੀਵਨ ਸਿੱਖ ਫ਼ਲਸਫ਼ੇ ਦਾ ਅਹਿਮ ਹਿੱਸਾ ਹਨ। ਇਸ ਫ਼ਲਸਫ਼ੇ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਗੁਰੂੁ ਸਾਹਿਬਾਨ ਅਤੇ ਉਨ੍ਹਾਂ ਦੇ ਸਿੱਖਾਂ ਨੇ ਭਰਪੂਰ ਯੋਗਦਾਨ ਪਾਇਆ। ਇਸ ਯੋਗਦਾਨ ਵਿਚ ਕੁਰਬਾਨੀਆਂ/ਸ਼ਹੀਦੀਆਂ ਵੀ ਹੋਈਆਂ ਹਨ ਜਿਹੜੀਆਂ ਸਮੇਂ-ਸਮੇਂ ਗੁਰੂੁ ਸਾਹਿਬਾਨ ਅਤੇ ਉਨ੍ਹਾਂ ਦੇ ਪਿਆਰੇ ਸਿੱਖਾਂ ਵੱਲੋਂ ਕੀਤੀਆਂ/ਦਿੱਤੀਆਂ ਗਈਆਂ। ਗੁਰੂੁ ਸਾਹਿਬ ਵੱਲੋਂ ਪਾਈ ਵੰਗਾਰ (ਸੀਸ ਤਲੀ ’ਤੇ ਧਰਨ) ਦੇ ਹੁੰਗਾਰੇ ਵਜੋਂ ਬਹੁਤ ਸਾਰੇ ਸਿੱਖ ਤਲਵਾਰ ਦੀ ਧਾਰ ’ਤੇ ਤੁਰ ਕੇ ਸਿੱਖ ਇਤਿਹਾਸ ਨੂੰ ਅਮੀਰ ਬਣਾਉਂਦੇ ਰਹੇ। ਇਨ੍ਹਾਂ ਪ੍ਰਮੁੱਖ ਸਿੱਖਾਂ ਵਿਚ ਹੀ ਸੁਲਤਾਨ-ਉੱਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦਾ ਨਾਮ ਸ਼ਾਮਲ ਹੈ।
ਸੰਤ-ਸਿਪਾਹੀ ਬਿਰਤੀ ਦੇ ਧਨੀ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ 3 ਮਈ 1718 ਈ ਨੂੰ ਬਦਰ ਸਿੰਘ ਅਤੇ ਮਾਤਾ ਜੀਵਨ ਕੌਰ (ਕੁੱਝ ਕੁ ਇਤਿਹਾਸਕਾਰਾਂ ਮੁਤਾਬਕ ਮਾਤਾ ਦਾ ਨਾਮ ਗੁਜਰੀ ਹੈ) ਦੇ ਘਰ ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿੱਚ ਹੋਇਆ। ਪਰਿਵਾਰ ਦੇ ਵਡੇਰੇ ਬਦਰ ਸਿੰਘ ਅਤੇ ਦੇਵਾ ਸਿੰਘ (ਦਾਦਾ) ਗੁਰੂੁ ਘਰ ਦੇ ਪ੍ਰਤੀ ਅਥਾਹ ਸ਼ਰਧਾ ਰੱਖਦੇ ਸਨ। ਜੱਸਾ ਸਿੰਘ ਦੀ ਮਾਤਾ ਵੀ ਸਿੱਖੀ ਸਰੂਪ ਵਿਚ ਪ੍ਰਪੱਕ ਅਤੇ ਨਿੱਤਨੇਮ ਵਾਲੀ ਔਰਤ ਸੀ। ਸ਼ਬਦ ਚੌਕੀ ਲਗਾਉਣਾ ਅਤੇ ਗੁਰਬਾਣੀ ਦਾ ਕੀਰਤਨ ਕਰਨਾ ਉਸ ਦੇ ਨਿੱਤਨੇਮ ਵਿਚ ਸ਼ਾਮਲ ਸੀ।
ਜਦੋਂ ਜੱਸਾ ਸਿੰਘ ਅਜੇ ਚਾਰ ਕੁ ਸਾਲ ਦਾ ਹੀ ਹੋਇਆ ਸੀ ਕਿ ਪਿਤਾ ਬਦਰ ਸਿੰਘ ਚੜ੍ਹਾਈ ਕਰ ਗਿਆ। ਯਤੀਮ ਹੋਏ ਬਾਲਕ ਲਈ ਹੁਣ ਸਿਰਫ ਮਾਤਾ ਦਾ ਹੀ ਸਹਾਰਾ ਰਹਿ ਗਿਆ ਸੀ। ਮਾਂ ਦੇ ਸਹਾਰੇ ਦੇ ਨਾਲ-ਨਾਲ ਗੁਰਬਾਣੀ ਦਾ ਓਟ-ਆਸਰਾ ਵੀ ਉਸ ਦੇ ਜੀਵਨ ਦਾ ਆਧਾਰ ਬਣਨ ਲੱਗਾ।
ਗੁਰੂੁ ਗੋਬਿੰਦ ਸਿੰਘ ਦੇ ਸੱਚਖੰਡ ਪਿਆਨਾ ਕਰ ਜਾਣ ਤੋਂ ਬਾਅਦ ਖ਼ਾਲਸਾ ਪੰਥ ਦੀ ਅਗਵਾਈ ਮਾਤਾ ਸੁੰਦਰੀ ਜੀ ਕਰ ਰਹੇ ਸਨ। ਇੱਕ ਦਿਨ ਬਾਲਕ ਜੱਸਾ ਸਿੰਘ ਆਪਣੀ ਮਾਤਾ ਅਤੇ ਮਾਮਾ ਬਾਘ ਸਿੰਘ ਨਾਲ ਮਾਤਾ ਸੁੰਦਰੀ ਜੀ ਕੋਲੋਂ ਅਸ਼ੀਰਵਾਦ ਲੈਣ ਲਈ ਗਏ। ਮਾਤਾ ਜੀ ਉਸ ਦੇ ਰਸਭਿੰਨੇ ਕੀਰਤਨ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਨੂੰ ਆਪਣੇ ਕੋਲ ਹੀ ਰੱਖ ਲਿਆ ਅਤੇ ਪੁੱਤਾਂ ਵਾਂਗ ਪਿਆਰ ਕਰਨ ਲੱਗੇ। ਮਾਤਾ ਸੁੰਦਰੀ ਜੀ ਦੀ ਸੰਗਤ ਕਰ ਕੇ ਬਾਲਕ ਜੱਸਾ ਸਿੰਘ ਨੇ ਕਈ ਧਾਰਮਿਕ ਅਤੇ ਇਤਿਹਾਸਕ ਪੁਸਤਕਾਂ ਪੜ੍ਹੀਆਂ ਜਿਹੜੀਆਂ ਉਸ ਨੂੰ ਸਿੱਖੀ ਦੇ ਦੋ ਥੰਮਾਂ ਸੇਵਾ ਅਤੇ ਸਿਮਰਨ ਨਾਲ ਜੋੜਨ ਵਿਚ ਸਹਾਈ ਸਾਬਤ ਹੋਈਆਂ।
ਸੱਤ ਸਾਲ ਦਿੱਲੀ ਵਿੱਚ ਰਹਿਣ ਤੋਂ ਬਾਅਦ ਜੱਸਾ ਸਿੰਘ ਅਹਲੂਵਾਲੀਆ ਜਲੰਧਰ ਵਿੱਚ ਆਪਣੇ ਮਾਮਾ ਬਾਘ ਸਿੰਘ ਹੱਲ੍ਹੋਵਾਲੀਆ ਕੋਲ ਆ ਗਿਆ। ਆਪਣੀ ਭੈਣ ਅਤੇ ਭਾਣਜੇ ਨੂੰ ਨਾਲ ਲੈ ਕੇ ਮਾਮਾ ਜੀ ਇੱਕ ਦਿਨ ਨਵਾਬ ਕਪੂਰ ਸਿੰਘ ਨੂੰ ਮਿਲਣ ਲਈ ਕਰਤਾਰਪੁਰ ਸਾਹਿਬ ਪਹੁੰਚ ਗਏ। ਨਵਾਬ ਸਾਹਿਬ ਮਾਂ-ਪੁੱਤ ਦੇ ਕੀਰਤਨ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਜੱਸਾ ਸਿੰਘ ਨੂੰ ਪੱਕੇ ਤੌਰ ’ਤੇ ਆਪਣੇ ਕੋਲ ਰੱਖਣ ਲਈ ਕਹਿਣ ਲੱਗੇ। ਮਾਮਾ ਬਾਘ ਸਿੰਘ ਪੰਥ ਦੀ ਸਿਰਮੌਰ ਸ਼ਖਸੀਅਤ ਦਾ ਕਿਹਾ ਨਾ ਮੋੜ ਸਕੇ। ਨਵਾਬ ਸਾਹਿਬ ਦੀ ਆਪਣੀ ਸੰਤਾਨ ਨਾ ਹੋਣ ਕਰਕੇ ਉਹ ਜੱਸਾ ਸਿੰਘ ਨੂੰ ਆਪਣੇ ਪੁੱਤਰ ਵਾਂਗ ਹੀ ਪਿਆਰਨ ਅਤੇ ਦੁਲਾਰਨ ਲੱਗੇ।
ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਦੇ ਨਿਖਰੇ (ਰਹਿਤ-ਬਹਿਤ ਵਾਲੇ) ਜੀਵਨ ਨੂੰ ਦੇਖ ਕੇ ਉਸ ਨੂੰ (ਪੰਜ ਪਿਆਰਿਆਂ ਕੋਲੋਂ) ਖੰਡੇ-ਬਾਟੇ ਦੀ ਪਹੁਲ ਛਕਾ ਦਿੱਤੀ। ਪਹੁਲ ਛਕਣ ਤੋਂ ਬਾਅਦ ਜੱਸਾ ਸਿੰਘ ਤਨੋਂ-ਮਨੋਂ ਗੁਰੂੁ ਘਰ ਨੂੰ ਸਮਰਪਿਤ ਹੋ ਗਿਆ। ਖ਼ਾਲਸੇ ਦੇ ਦੀਵਾਨਾਂ ਵਿਚ ਸਵੇਰੇ-ਸ਼ਾਮ ਸੰਗਤ ਦੀ ਸੇਵਾ (ਪੱਖਾ ਝੱਲ ਕੇ), ਗੁਰਬਾਣੀ ਦੇ ਪਾਠ ਅਤੇ ਸ਼ਬਦ-ਕੀਰਤਨ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਲੱਗਾ। ਗੁਰੂ-ਘਰ ਪ੍ਰਤੀ ਸੁੱਚੀ ਲਗਨ ਦੇਖ ਕੇ ਨਾਨਕ ਨਾਮ-ਲੇਵਾ ਸੰਗਤ ਵੀ ਉਸ ਨੂੰ ਰੱਜਵਾਂ ਪਿਆਰ ਤੇ ਸਤਿਕਾਰ ਦੇਣ ਲੱਗੀ।
ਨਵਾਬ ਸਾਹਿਬ ਦੀ ਅਗਵਾਈ ਹੇਠ ਜੱਸਾ ਸਿੰਘ ਨੇ ਘੋੜ ਸਵਾਰੀ, ਨੇਜਾਬਾਜ਼ੀ, ਤੀਰ ਅੰਦਾਜ਼ੀ ਅਤੇ ਤੇਗ਼ ਚਲਾਉਣੀ ਬਾਖ਼ੂਬੀ ਸਿੱਖ ਲਈ। ਇਸ ਸਿਖਲਾਈ ਤੋਂ ਬਾਅਦ ਉਹ ਯੁੱਧ-ਕਲਾ ਵਿਚ ਕਾਫ਼ੀ ਨਿਪੁੰਨ ਹੋ ਗਿਆ।
ਛੋਟੀ ਉਮਰੇ ਦਿੱਲੀ ਵਿੱਚ ਰਹਿਣ ਕਰਕੇ ਜੱਸਾ ਸਿੰਘ ਆਹਲੂਵਾਲੀਆ ਦੀ ਬੋਲ-ਬਾਣੀ ਵਿਚ ਹਿੰਦੀ ਅਤੇ ਉਰਦੂ ਦੇ ਕੁੱਝ ਲਫ਼ਜ਼ਾਂ ਦੀ ਰਲਾਵਟ ਹੋ ਗਈ ਸੀ ਜਿਸ ਕਰਕੇ ਨਾਲ ਦੇ ਸਿੰਘ ਉਸ ਨੂੰ ‘ਹਮਕੋ-ਤੁਮਕੋ’ ਕਹਿ ਕੇ ਮਖੌਲ ਕਰਦੇ ਸਨ। ਇੱਕ ਦਿਨ ਜੱਸਾ ਸਿੰਘ ਇਸ ਮਖੌਲ ਦਾ ਬੁਰਾ ਮਨਾ ਗਿਆ ਅਤੇ ਨਵਾਬ ਸਾਹਿਬ ਕੋਲ ਸ਼ਿਕਾਇਤ ਕਰ ਦਿੱਤੀ। ਨਵਾਬ ਕਪੂਰ ਸਿੰਘ ਨੇ ਜੱਸਾ ਸਿੰਘ ਨੂੰ ਪਿਆਰ ਨਾਲ ਸਮਝਾਇਆ, ‘‘ਇਹ ਕਲਗੀਧਰ ਦਾ ਖ਼ਾਲਸਾ ਹੈ, ਜੇ ਇਹ ਮੇਰੇ ਵਰਗੇ (ਘੋੜਿਆਂ ਦੀ ਲਿੱਦ ਚੁੱਕਣ ਵਾਲੇ) ਨੂੰ ਨਵਾਬੀ ਬਖ਼ਸ਼ ਸਕਦਾ ਹੈ ਤਾਂ ਕੀ ਪਤਾ ਕੱਲ੍ਹ ਨੂੰ ਤੇਰੇ ਵਰਗੇ ਦਾਣਾ-ਫੱਕਾ ਵੰਡਣ ਵਾਲੇ ਨੂੰ ਬਾਦਸ਼ਾਹ/ਪਾਤਸ਼ਾਹ ਹੀ ਬਣਾ ਦੇਵੇ।’’
ਨਵਾਬ ਸਾਹਿਬ ਦੀ ਕੀਤੀ ਹੋਈ ਇਹ ਭਵਿੱਖਬਾਣੀ ਸੌ ਫੀਸਦ ਸੱਚ ਸਾਬਤ ਹੋਈ ਜਦੋਂ 1762 ਈ. ਵਿਚ ਖ਼ਾਲਸਾ ਪੰਥ ਨੇ ਜੱਸਾ ਸਿੰਘ ਆਹਲੂਵਾਲੀਆ ਨੂੰ ‘ਸੁਲਤਾਨ-ਉਲ-ਕੌਮ’ ਦੇ ਲਕਬ ਨਾਲ ਨਿਵਾਜ ਦਿੱਤਾ।
ਹੁਣ ਜਿਵੇਂ-ਜਿਵੇਂ ਜੱਸਾ ਸਿੰਘ ਆਹਲੂਵਾਲੀਆ ਆਪਣੀ ਹਯਾਤੀ ਦਾ ਸਫ਼ਰ ਤਹਿ ਕਰਦਾ ਜਾ ਰਿਹਾ ਸੀ, ਤਿਵੇਂ-ਤਿਵੇਂ ਆਪਣੀ ਫ਼ਰਜਾਂ ਪ੍ਰਤੀ ਵੀ ਸੁਚੇਤ ਹੋਈ ਜਾ ਰਿਹਾ ਸੀ। ਇੱਕ ਰਾਤ ਬਹੁਤ ਤੇਜ਼ ਮੀਂਹ ਪੈ ਰਿਹਾ ਸੀ। ਨਵਾਬ ਕਪੂਰ ਸਿੰਘ ਨੇ ਕਈ ਵਾਰ ਆਵਾਜ਼ ਦਿੱਤੀ, ‘ਪਹਿਰੇ ’ਤੇ ਕੋਣ ਹੈ, ਹਾਜ਼ਰ ਹੋਵੇ?’ ਜਵਾਬ ਵਿਚ ਹਰ ਵਾਰੀ ਜੱਸਾ ਸਿੰਘ ‘ਆਇਆ ਜੀ’ ਕਹਿ ਕੇ ਹਾਜ਼ਰ ਹੋ ਜਾਂਦਾ। ਉਸ ਦੀ ਇਸ ਵਫ਼ਾਦਾਰੀ ਨੂੰ ਦੇਖ ਕੇ ਨਵਾਬ ਸਾਹਿਬ ਨੇ ਉਸ ਨੂੰ ਆਪਣਾ ਅਹਿਲਕਾਰ ਬਣਾ ਲਿਆ।
20 ਕੁ ਸਾਲ ਦੀ ਉਮਰ ਵਿਚ ਜੱਸਾ ਸਿੰਘ ਆਹਲੂਵਾਲੀਆ ਨੇ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਨਾਦਰਸ਼ਾਹ ਦੀ ਫ਼ੌਜ ਨੂੰ ਅਜਿਹਾ ਸਬਕ ਸਿਖਾਇਆ ਕਿ ਉਹ ਜ਼ਕਰੀਆ ਖ਼ਾਨ ਨੂੰ ਇਹ ਕਹਿਣ ਲਈ ਮਜਬੂਰ ਹੋ ਗਿਆ, ‘‘ਅਜਿਹੇ ਲੋਕਾਂ (ਖ਼ਾਲਸਾ ਪੰਥ) ਤੋਂ ਡਰਨਾ ਚਾਹੀਦਾ ਹੈ, ਉਹ ਸਮਾਂ ਦੂਰ ਨਹੀਂ ਜਦੋਂ ਇਸ ਮੁਲਕ ਦੀ ਮਲਕੀਅਤ ਇਨ੍ਹਾਂ ਲੋਕਾਂ ਦੇ ਹੱਥ ਹੋਵੇਗੀ।’’ ਜੱਸਾ ਸਿੰਘ ਆਹਲੂਵਾਲੀਆ ਦੇ ਵਿਅਕਤੀਤਵ ਦਾ ਇੱਕ ਉੱਭਰਵਾਂ ਪੱਖ ਇਹ ਵੀ ਰਿਹਾ ਕਿ ਉਸ ਨੇ ਸਾਰੀ ਉਮਰ ਕੀਤੇ ਜੰਗਾਂ-ਯੁੱਧਾਂ ਵਿਚ ਨੈਤਿਕਤਾ ਦਾ ਪੱਲਾ ਕਦੇ ਨਹੀਂ ਛੱਡਿਆ। ਇਸ ਦੀ ਇੱਕ ਉਦਾਹਰਨ ਪਾਣੀਪਤ ਦੀ ਤੀਸਰੀ ਲੜਾਈ ਤੋਂ ਬਾਅਦ ਅਹਿਮਦਸ਼ਾਹ ਅਬਦਾਲੀ ਦੇ ਕਬਜ਼ੇ ’ਚੋਂ 2200 ਲੜਕੀਆਂ ਨੂੰ ਛੁਡਾ ਕੇ ਬਾਇੱਜ਼ਤ ਅਤੇ ਸਹੀ ਸਲਾਮਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾਉਣਾ ਹੈ। ਜਦੋਂ ਅਬਦਾਲੀ ਦਾ ਜਰਨੈਲ ਜਹਾਨ ਖ਼ਾਨ ਸਿਆਲਕੋਟ ਦੀ ਜੰਗ ਹਾਰ ਗਿਆ ਤਾਂ ਉਸ ਦੀ ਪਿਆਰੀ ਬੇਗ਼ਮ ਅਤੇ ਉਸ ਦੀਆਂ ਕੁੱਝ ਨਜ਼ਦੀਕੀ ਔਰਤਾਂ ਖ਼ਾਲਸੇ ਦੇ ਘੇਰੇ ਵਿਚ ਆ ਗਈਆਂ। ਆਹਲੂਵਾਲੀਆ ਸਰਦਾਰ ਨੇ ਉਨ੍ਹਾਂ ਪਰਾਈਆਂ ਇਸਤਰੀਆਂ ਨੂੰ ਵੀ ਬਣਦਾ ਮਾਣ-ਸਤਿਕਾਰ ਦਿੱਤਾ ਅਤੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ।
20 ਅਕਤੂਬਰ ਸੰਨ 1783 ਨੂੰ ਜੱਸਾ ਸਿੰਘ ਆਹਲੂਵਾਲੀਆ ਖ਼ਾਲਸਾ ਪੰਥ ਵੱਲੋਂ ਅੰਮ੍ਰਿਤਸਰ ਵਿਚ ਮਨਾਈ ਜਾਣ ਵਾਲੀ ਦੀਵਾਲੀ ਵਿਚ ਸ਼ਿਰਕਤ ਕਰਨ ਲਈ ਆ ਰਿਹਾ ਸੀ। ਰਸਤੇ ਵਿਚ ਉਸ ਨੇ ਇੱਕ ਹਦਵਾਣਾ ਖਾ ਲਿਆ। ਹਦਵਾਣਾ ਖਾਣ ਤੋਂ ਬਾਅਦ ਉਸ ਦੇ ਪੇਟ ਵਿਚ ਦਰਦ ਹੋਣਾ ਸ਼ੁਰੂ ਹੋ ਗਿਆ ਜੋ ਉਸ ਲਈ ਜਾਨ ਲੇਵਾ ਸਾਬਤ ਹੋਇਆ। ਉਸ ਦਾ ਸਸਕਾਰ (ਉਸ ਦੀ ਆਖਰੀ ਇੱਛਾ ਮੁਤਾਬਿਕ) ਬਾਬਾ ਅਟੱਲ ਰਾਇ ਦੇ ਸਥਾਨ ’ਤੇ ਨਵਾਬ ਕਪੂਰ ਸਿੰਘ ਦੀ ਯਾਦਗਾਰ ਦੇ ਨਾਲ ਹੀ ਕਰ ਦਿੱਤਾ ਗਿਆ।
ਸੰਪਰਕ: 94631-32719

Advertisement
Author Image

Advertisement
Advertisement
×