ਸੁਖਵਿੰਦਰ ਕੌਰ ਗੂਹਲਾ ਪੰਚਾਇਤ ਸਮਿਤੀ ਦੀ ਚੇਅਰਪਰਸਨ ਬਣੀ
ਪੱਤਰ ਪ੍ਰੇਰਕ
ਗੂਹਲਾ ਚੀਕਾ, 26 ਦਸੰਬਰ
ਇੱਥੇ ਅੱਜ ਹੋਈਆਂ ਗੂਹਲਾ ਪੰਚਾਇਤ ਸਮਿਤੀ ਚੋਣਾਂ ਵਿੱਚ ਭਾਜਪਾ ਆਗੂ ਸੁਖਵਿੰਦਰ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ। ਸੁਖਵਿੰਦਰ ਕੌਰ ਨੂੰ 22 ਮੈਂਬਰਾਂ ਵਿੱਚੋਂ 20 ਦਾ ਸਮਰਥਨ ਮਿਲਿਆ। ਉਨ੍ਹਾਂ ਦੇ ਮੁਕਾਬਲੇ ਚੇਅਰਪਰਸਨ ਲਈ ਕਿਸੇ ਵੀ ਮੈਂਬਰ ਨੇ ਨਾਮਜ਼ਦਗੀ ਦਾਖ਼ਲ ਨਹੀਂ ਕੀਤੀ। ਬਾਹਰ ਜਾਣ ਵਾਲੀ ਚੇਅਰਪਰਸਨ ਡਿੰਪਲ ਅਤੇ ਇੱਕ ਹੋਰ ਮੈਂਬਰ ਨੇ ਚੋਣਾਂ ਵਿੱਚ ਹਿੱਸਾ ਨਹੀਂ ਲਿਆ।
ਅੱਜ ਦੁਪਹਿਰ ਕਰੀਬ 12.15 ਵਜੇ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਗੂਹਲਾ ਪੰਚਾਇਤ ਸਮਿਤੀ ਦੇ 19 ਮੈਂਬਰਾਂ ਸਣੇ ਪੰਚਾਇਤ ਵਿਭਾਗ ਦੇ ਦਫ਼ਤਰ ਪੁੱਜੇ ਅਤੇ ਬੀਡੀਪੀਓ ਨੇਹਾ ਸ਼ਰਮਾ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਸਾਰੇ 19 ਮੈਂਬਰਾਂ ਨੇ ਸਰਬਸੰਮਤੀ ਨਾਲ ਸੁਖਵਿੰਦਰ ਕੌਰ ਨੂੰ ਚੇਅਰਪਰਸਨ ਚੁਣਨ ਦਾ ਐਲਾਨ ਕੀਤਾ, ਜਦਕਿ ਉਥੇ ਪੁੱਜੇ ਪੰਚਾਇਤ ਸਮਿਤੀ ਦੇ ਉਪ ਚੇਅਰਮੈਨ ਗਿਆਨਚੰਦ ਸ਼ਰਮਾ ਨੇ ਵੀ ਸੁਖਵਿੰਦਰ ਕੌਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਤਰ੍ਹਾਂ ਸੁਖਵਿੰਦਰ ਕੌਰ 20 ਮੈਂਬਰਾਂ ਦੇ ਸਹਿਯੋਗ ਨਾਲ ਗੂਹਲਾ ਪੰਚਾਇਤ ਸਮਿਤੀ ਦੀ ਚੇਅਰਪਰਸਨ ਚੁਣੀ ਗਈ। ਜ਼ਿਕਰਯੋਗ ਹੈ ਕਿ ਡਿੰਪਲ ਨੂੰ ਚੇਅਰਪਰਸਨ ਬਣਾਉਣ ਤੋਂ ਲੈ ਕੇ ਉਸ ਨੂੰ ਅਹੁਦੇ ਤੋਂ ਹਟਾਉਣ ਅਤੇ ਫਿਰ ਸੁਖਵਿੰਦਰ ਕੌਰ ਪਤਨੀ ਜਗਤਾਰ ਸਿੰਘ ਨੂੰ ਚੇਅਰਪਰਸਨ ਬਣਾਉਣ ਤੱਕ ਸਾਬਕਾ ਵਿਧਾਇਕ ਕੁਲਵੰਤ ਬਾਜ਼ੀਗਰ ਨੇ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ।