Weather Update: ਦਿੱਲੀ, ਪੰਜਾਬ ਅਤੇ ਹਰਿਆਣਾ ਵਿੱਚ ਭਾਰੀ ਮੀਂਹ
ਨਵੀਂ ਦਿੱਲੀ/ਚੰਡੀਗੜ੍ਹ, 27 ਦਸੰਬਰ
ਕੌਮੀ ਰਾਜਧਾਨੀ ਅਤੇ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਅੱਜ ਮੀਂਹ ਕਾਰਨ ਠੰਢ ਵਧ ਗਈ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਈ ਥਾਈਂ ਹੋਈ ਭਾਰੀ ਗੜੇਮਾਰੀ ਕਾਰਨ ਕਿਸਾਨ ਫਿਕਰਾਂ ’ਚ ਪੈ ਗਏ ਹਨ। ਹਾਲਾਂਕਿ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਸਾਬਿਤ ਹੋ ਸਕਦਾ ਹੈ ਪਰ ਮੀਂਹ ਦੇ ਨਾਲ ਪਏ ਗੜਿਆਂ ਕਾਰਨ ਫ਼ਸਲ ਦੇ ਨੁਕਸਾਨ ਦਾ ਵੀ ਖਦਸ਼ਾ ਹੈ।
ਅੱਜ ਦਿਨ ਭਰ ਮੀਂਹ ਦੇ ਨਾਲ ਕਈ ਥਾਈਂ ਪਏ ਗੜਿਆਂ ਨੇ ਕਿੰਨੂ, ਅਮਰੂਦ ਅਤੇ ਬੇਰ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ ਹੈ। ਪੰਜਾਬ ਅਤੇ ਹਰਿਆਣਾ ਦੇ ਕਈ ਖੇਤਰਾਂ ’ਚ ਪਏ ਗੜਿਆਂ ਨੇ ਸਬਜ਼ੀ ਕਾਸ਼ਤਕਾਰਾਂ ਨੂੰ ਵੀ ਫਿਕਰਾਂ ਵਿੱਚ ਪਾ ਦਿੱਤਾ ਹੈ। ਖੇਤਾਂ ਵਿੱਚ ਜਿੱਥੇ ਆਲੂਆਂ ਅਤੇ ਮਟਰਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਡਰ ਹੈ, ਉੱਥੇ ਹੀ ਗੜਿਆਂ ਕਾਰਨ ਬੇਰਾਂ ਨੂੰ ਪਿਆ ਫ਼ਲ ਵੀ ਧਰਤੀ ’ਤੇ ਡਿੱਗ ਗਿਆ ਹੈ।
ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਨਵੀਂ ਦਿੱਲੀ ਵਿੱਚ ਕਰੀਬ ਢਾਈ ਤੋਂ ਤਿੰਨ ਘੰਟੇ ਮੀਂਹ ਪਿਆ, ਜਿਸ ਕਾਰਨ ਦਿੱਲੀ ਵਿੱਚ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ। ਮੀਂਹ ਕਾਰਨ ਕਈ ਇਲਾਕਿਆਂ ਵਿੱਚ ਆਵਾਜਾਈ ਵੀ ਪ੍ਰਭਾਵਿਤ ਹੋਈ। ਇਸੇ ਤਰ੍ਹਾਂ ਪੰਜਾਬ ਤੇ ਨਾਲ ਲੱਗਦੇ ਸੂਬੇ ਹਰਿਆਣਾ ਵਿੱਚ ਦਿਨ ਪਏ ਮੀਂਹ ਕਾਰਨ ਲੋਕ ਘਰਾਂ ਅੰਦਰ ਬੈਠਣ ਲਈ ਮਜਬੂਰ ਹੋਏ। ਪੰਜਾਬ ਦੇ ਮੁਹਾਲੀ, ਪਟਿਆਲਾ, ਜਲੰਧਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ ਜ਼ਿਲ੍ਹਿਆਂ ਦੇ ਕਈ ਇਲਾਕਿਆਂ ਵਿੱਚ ਮੀਂਹ ਦੇ ਨਾਲ ਗੜੇ ਵੀ ਪਏ। -ਪੀਟੀਆਈ
ਮੀਂਹ ਕਾਰਨ ਰਾਜਸਥਾਨ ਠੰਢ ਦੀ ਬੁੱਕਲ ’ਚ
ਜੈਪੁਰ: ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਗੜਬੜੀ ਦੇ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਕਾਰਨ ਰਾਜਸਥਾਨ ਠੰਢ ਦੀ ਲਪੇਟ ਵਿੱਚ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਸੀਕਰ, ਅਜਮੇਰ, ਝੁੰਝੁਨੂ, ਨਾਗੌਰ, ਚੁਰੂ ਅਤੇ ਹਨੂੰਮਾਨਗੜ੍ਹ ਜ਼ਿਲ੍ਹਿਆਂ ਸਣੇ ਕਈ ਇਲਾਕਿਆਂ ਵਿਚ ਪਿਛਲੇ 24 ਘੰਟਿਆਂ ਵਿਚ ਮੀਂਹ ਪਿਆ ਹੈ। ਮੌਸਮ ਵਿਭਾਗ ਮੁਤਾਬਕ ਸੂਬੇ ਦੇ ਕਈ ਹਿੱਸਿਆਂ ’ਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਵਿਜ਼ੀਬਿਲਟੀ ਪ੍ਰਭਾਵਿਤ ਹੋਈ। ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਕੋਟਾ, ਜੈਪੁਰ, ਅਜਮੇਰ, ਭਰਤਪੁਰ, ਉਦੈਪੁਰ ਡਿਵੀਜ਼ਨਾਂ ਅਤੇ ਸ਼ੇਖਾਵਤੀ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਕੁਝ ਥਾਵਾਂ 'ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। -ਪੀਟੀਆਈ