ਸੁਖਵਿੰਦਰ ਅੰਮ੍ਰਿਤ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ
ਹਰਪਾਲ ਸਿੰਘ ਨਾਗਰਾ
ਮੈਲਬੌਰਨ:
ਸਾਹਿਤਕ ਸੱਥ ਮੈਲਬੌਰਨ ਵੱਲੋਂ ਬਿੱਕਰ ਬਾਈ ਦੀ ਅਗਵਾਈ ਹੇਠ ਤੀਜਾ ਅਦਬੀ ਉਤਸਵ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਹਰਭਜਨ ਸਿੰਘ ਭਾਟੀਆ, ਵਿਸ਼ੇਸ਼ ਮਹਿਮਾਨ ਸੁਖਵਿੰਦਰ ਅੰਮ੍ਰਿਤ ਅਤੇ ਪ੍ਰਧਾਨਗੀ ਮੰਡਲ ਵਿੱਚ ਹਰਪਾਲ ਸਿੰਘ ਨਾਗਰਾ, ਪ੍ਰਭਜੋਤ ਸਿੰਘ ਸੰਧੂ, ਪ੍ਰੋ. ਹਰਜਿੰਦਰ ਸਿੰਘ, ਡਾ. ਹਰਦੀਪ ਕੌਰ ਸ਼ਾਹੀ, ਪਰਮਿੰਦਰ ਸਿੰਘ ਪਾਪਾ ਟੋਏਟੋਏ, ਸਰਬਜੀਤ ਸੋਹੀ ਅਤੇ ਡਾ. ਅਰਵਿੰਦਰ ਕੌਰ ਭਾਟੀਆ ਹਾਜ਼ਰ ਸਨ। ਇਸ ਮੌਕੇ ਡਾ. ਸੁਰਜੀਤ ਪਾਤਰ ਨੂੰ ਇੱਕ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਡਾ. ਹਰਭਜਨ ਸਿੰਘ ਭਾਟੀਆ ਵੱਲੋਂ ਸੁਰਜੀਤ ਪਾਤਰ ਨਾਲ ਆਪਣੀ ਲੰਬੀ ਸਾਂਝ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਸੁਖਵਿੰਦਰ ਅੰਮ੍ਰਿਤ ਨੂੰ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਉਸ ਨੇ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ਰੁਬਿੰਦਰ ਕੌਰ ਦੀ ਕਾਵਿ ਪੁਸਤਕ ‘ਚੇਤਨਾ ਦੀ ਲੋਅ’, ਲਵਲੀਨ ਕੌਰ ਛੀਨਾ ਦੀ ਪੁਸਤਕ ‘ਸ਼ਗਨਾਂ ਦੇ ਗੀਤ’, ਮਨਜੀਤ ਕੌਰ ਅੰਬਾਲਵੀ ਦੀ ਪੁਸਤਕ ‘ਆ ਜਾ ਚਿੜੀਏ’ ਅਤੇ ਪਰਮਿੰਦਰ ਸਿੰਘ ਪਾਪਾ ਟੋਏਟੋਏ ਦੀ ਪੁਸਤਕ ‘ਕੀਵੀਨਾਮਾ’ ਲੋਕ ਅਰਪਿਤ ਕੀਤੀਆਂ ਗਈਆਂ। ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਅਮਰਦੀਪ ਕੌਰ, ਨਵਤੇਜ ਰੰਧਾਵਾ, ਅਜੀਤਪਾਲ ਸਿੰਘ, ਪਰਮਿੰਦਰ ਸਿੰਘ ਅਤੇ ਹਰਜਿੰਦਰ ਸਿੰਘ ਬਸਿਆਲਾ ਸਿਡਨੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਹਿਫ਼ਲ ਏ ਸੁਖ਼ਨ ਦਾ ਸੰਚਾਲਨ ਰਮਾ ਸੇਖੋਂ ਵੱਲੋਂ ਕੀਤਾ ਗਿਆ ਅਤੇ ਬਲਜੀਤ ਫਰਵਾਲੀ, ਮਨਪ੍ਰੀਤ ਬਰਾੜ, ਅਸ਼ੋਕ ਕਾਸਿਦ, ਗੁਰਪ੍ਰੀਤ ਬਰਾੜ, ਮਨਦੀਪ ਕੌਰ, ਇੰਦਰ ਨੰਗਲ, ਸਤਵਿੰਦਰ ਸਿੰਘ ਅਤੇ ਪ੍ਰਵੇਸ਼ ਸੰਨੀ ਕਸ਼ਿਅਪ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਪਾਈ। ਇਸ ਮੌਕੇ ਕੁਲਵੰਤ ਸਿੰਘ ਅਤੇ ਕੁਲਜੀਤ ਸਿੰਘ ਸਿਡਨੀ ਨੇ ‘ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ...’ ਅਤੇ ਸੁਰਜੀਤ ਪਾਤਰ ਦੀਆਂ ਹੋਰ ਰਚਨਾਵਾਂ ਨੂੰ ਤਰੰਨੁਮ ’ਚ ਪੇਸ਼ ਕੀਤਾ। ਇਸ ਮੌਕੇ ਬਿੱਕਰ ਬਾਈ ਅਤੇ ਗੁਲਸ਼ਨ ਕੋਮਲ ਨੇ ਮਸ਼ਹੂਰ ਦੋਗਾਣਾ ‘ਘਰੇ ਚੱਲ ਕੱਢੂੰ ਰੜਕਾਂ...’ ਦਿਲ ਖਿੱਚਵੇਂ ਅੰਦਾਜ਼ ’ਚ ਪੇਸ਼ ਕੀਤਾ। ਵਿਸ਼ਾਲ ਵਿਜੈ ਸਿੰਘ ਵੱਲੋਂ ਪੁਸਤਕਾਂ ਅਤੇ ਸੁਖਜਿੰਦਰ ਲਾਡੀ ਵੱਲੋਂ ਲੋਕ ਸਾਜ਼ਾਂ ਦੀ ਪ੍ਰਦਰਸ਼ਨੀ ਲਗਾਈ ਗਈ। ਸਮਾਗਮ ਦੇ ਮੰਚ ਸੰਚਾਲਨ ਦੀ ਸੇਵਾ ਪ੍ਰੀਤਇੰਦਰ ਸਿੰਘ ਗਰੇਵਾਲ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਕੁਲਜੀਤ ਸਿੰਘ ਸੰਧੂ ਸਿਡਨੀ, ਪਾਲ ਰਾਉਂਕੇ ਬ੍ਰਿਸਬੇਨ, ਰਣਜੋਧ ਸਿੰਘ, ਅਮਰਿੰਦਰ ਗਿੱਧਾ, ਬਲਿਹਾਰ ਸੰਧੂ, ਗੁਰਮੀਤ ਸਿੰਘ ਪਾਹੜਾ, ਬਿਕਰਮਜੀਤ ਸਿੰਘ ਸੇਖੋਂ, ਹਰਸ਼ ਬੋਪਾਰਾਏ, ਅਮਨਦੀਪ ਸਿੰਘ ਖਿਆਲਾ, ਕੁਲਬੀਰ ਸਿੰਘ ਗਿੱਲ, ਗੁਰਪ੍ਰੀਤ ਕੌਰ, ਰਮਿੰਦਰ ਕੌਰ, ਨਵਪ੍ਰੀਤ ਕੌਰ ਅਤੇ ਭਾਰਤ, ਨਿਊਜ਼ੀਲੈਂਡ ਅਤੇ ਆਸਟਰੇਲੀਆ ਦੇ ਵੱਖ ਵੱਖ ਹਿੱਸਿਆਂ ਤੋਂ ਸਾਹਿਤ ਨਾਲ ਪਿਆਰ ਰੱਖਣ ਵਾਲੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਕੈਪਸ਼ਨ:- ਸਮਾਗਮ ਦੌਰਾਨ ਸੁਖਵਿੰਦਰ ਅੰਮ੍ਰਿਤ ਨੂੰ ਪ੍ਰੋ. ਮੋਹਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕਰਦੇ ਹੋਏ ਪ੍ਰਬੰਧਕ।
ਸੰਪਰਕ: 919878725122