For the best experience, open
https://m.punjabitribuneonline.com
on your mobile browser.
Advertisement

ਸੁਖਬੀਰ ਨੇ ਬਸਪਾ ਦੀ ਹਮਾਇਤ ਕਰ ਕੇ ਪੰਥ ਨੂੰ ਪਿੱਠ ਦਿਖਾਈ: ਚੰਦੂਮਾਜਰਾ

08:23 AM Jul 08, 2024 IST
ਸੁਖਬੀਰ ਨੇ ਬਸਪਾ ਦੀ ਹਮਾਇਤ ਕਰ ਕੇ ਪੰਥ ਨੂੰ ਪਿੱਠ ਦਿਖਾਈ  ਚੰਦੂਮਾਜਰਾ
ਇਕੱਠ ਨੂੰ ਸੰਬੋਧਨ ਕਰਦਾ ਹੋਇਆ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਧੜੇ ਦਾ ਆਗੂ।
Advertisement

ਪਾਲ ਸਿੰਘ ਨੌਲੀ
ਜਲੰਧਰ, 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਆਗੂਆਂ ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਅਤੇ ਹੋਰਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦਾ ਚੋਣ ਨਿਸ਼ਾਨ ‘ਤੱਕੜੀ’ ਛੱਡ ਕੇ ਬਸਪਾ ਦੇ ਚੋਣ ਨਿਸ਼ਾਨ ‘ਹਾਥੀ’ ਨੂੰ ਵੋਟਾਂ ਪਾਉਣ ਦੀ ਅਪੀਲ ਕਰਨਾ ਪੰਥ ਨੂੰ ਪਿੱਠ ਦਿਖਾਉਣ ਬਰਾਬਰ ਹੈ। ਸਿੱਖ ਸੰਗਤ ਵੱਲੋਂ ਇਹ ਫ਼ੈਸਲਾ ਪੰਥ ਵਿਰੋਧੀ ਦੱਸਿਆ ਜਾ ਰਿਹਾ ਹੈ। ‘ਤੱਕੜੀ’ ਸਿੱਖ ਪੰਥ ਦਾ ਬਹੁਤ ਸਤਿਕਾਰਤ ਚੋਣ ਨਿਸ਼ਾਨ ਹੈ। ਇਸ ਨਾਲ ਸਿੱਖਾਂ ਦੀ ਪਛਾਣ ਜੁੜੀ ਹੋਈ ਹੈ। ਸੁਖਬੀਰ ਵੱਲੋਂ ਇਸ ਦਾ ਸਤਿਕਾਰ ਘਟਾਉਣਾ ਸਿੱਖ ਪੰਥ ਦਾ ਨਿਰਾਦਰ ਕਰਨਾ ਹੈ।
ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਨੇ ਆਪਣੀ ਕਿਤਾਬ ਵਿੱਚ ਕਈ ਅਹਿਮ ਖੁਲਾਸੇ ਕੀਤੇ ਹਨ। ਜਸਟਿਸ ਰਣਜੀਤ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿਵਾਉਣ ਵਿੱਚ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਬਾਰੇ ਸਪੱਸ਼ਟ ਲਿਖਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਕਦੇ ਵੀ ਇਸ ਨੂੰ ਆਪਣੇ ਮਨਾਂ ’ਚੋਂ ਨਹੀਂ ਕੱਢਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਨ੍ਹਾਂ ਫ਼ੈਸਲਿਆਂ ਦਾ ਖਮਿਆਜ਼ਾ ਹੀ ਭੁਗਤਣਾ ਪੈ ਰਿਹਾ ਹੈ। ਬੀਬੀ ਜਗੀਰ ਕੌਰ ਅਤੇ ਹੋਰਾਂ ਨੇ ਕਿਹਾ ਕਿ ਸੰਗਤ ਦੀ ਭਾਵਨਾ ਸਮਝਦਿਆਂ ਖੁਦ ਦੀ ਜ਼ਿੰਮੇਵਾਰੀ ਕਬੂਲ ਕੇ ਸਾਰੇ ਬਾਗ਼ੀ ਧੜੇ ਨੇ ਅਕਾਲ ਤਖ਼ਤ ਪਹੁੰਚ ਕੇ ਖਿਮਾ ਯਾਚਨਾ ਲਈ ਅਰਦਾਸ ਕੀਤੀ।
ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਾਂ ਅਤੇ ਪੰਥ ਦਰਦੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਵਾਉਣ ਵਾਸਤੇ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਹ ਵੋਟਾਂ 31 ਜੁਲਾਈ ਤੱਕ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਬਰਤਾਨੀਆ ਦੀਆਂ ਸੰਸਦੀ ਚੋਣਾਂ ਵਿੱਚ ਪੰਜਾਬੀ ਉਮੀਦਵਾਰਾਂ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਉਨ੍ਹਾਂ ਸੰਸਦੀ ਚੋਣਾਂ ਜਿੱਤੇ ਸਾਰੇ ਪੰਜਾਬੀਆਂ ਨੂੰ ਵਧਾਈ ਦਿੱਤੀ ਅਤੇ ਪੰਥਕ ਮੁੱਦੇ ਉਠਾਉਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਪਰਮਿੰਦਰ ਸਿੰਘ ਢੀਂਡਸਾ, ਗੁਰਪ੍ਰਤਾਪ ਸਿੰਘ ਵਡਾਲਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ, ਗਗਨਦੀਪ ਸਿੰਘ ਬਰਨਾਲਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾ, ਬਲਦੇਵ ਸਿੰਘ ਮਾਨ, ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਕਰਨੈਲ ਸਿੰਘ, ਸੁਖਵਿੰਦਰ ਸਿੰਘ ਔਲਖ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਪਰਮਜੀਤ ਕੌਰ ਲਾਂਡਰਾਂ, ਸਤਵਿੰਦਰ ਸਿੰਘ ਟੌਹੜਾ, ਕੁਲਵੀਰ ਸਿੰਘ ਮੱਟਾ ਤੇ ਹੋਰ ਆਗੂ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement