ਪਤੀ-ਪਤਨੀ ਨੇ ਨਹਿਰ ’ਚ ਸੁੱਟੀ ਬੱਚੀ ਦੀ ਲਾਸ਼
ਹਤਿੰਦਰ ਮਹਿਤਾ
ਜਲੰਧਰ, 4 ਅਕਤੂਬਰ
ਇਥੋਂ ਦੀ ਬਸਤੀ ਬਾਵਾ ਖੇਲ ’ਚੋਂ ਲੰਘ ਰਹੀ ਨਹਿਰ ’ਚੋਂ ਅੱਜ ਸਵੇਰੇ 4 ਮਹੀਨੇ ਦੇ ਬੱਚੀ ਦੀ ਲਾਸ਼ ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਘਟਨਾ ਦਾ ਪਤਾ ਲੱਗਦੇ ਸਾਰ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਬਲਜਿੰਦਰ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ’ਚ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਔਰਤ ਆਪਣੇ ਪਤੀ ਨਾਲ ਨਹਿਰ ’ਤੇ ਆਈ ਅਤੇ ਉਸ ਨੇ ਬੱਚੀ ਦੀ ਲਾਸ਼ ਨੂੰ ਨਹਿਰ ’ਚ ਸੁੱਟ ਦਿੱਤਾ, ਜਦਕਿ ਉਸ ਦੇ ਪਤੀ ਨੇ ਬੱਚੇ ਦੇ ਕੱਪੜਿਆਂ ਦੇ ਦੋ ਥੈਲੇ ਨਹਿਰ ’ਚ ਸੁੱਟੇ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲੀਸ ਨੇ ਔਰਤ ਦਾ ਪਤਾ ਲਾ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰ ਨੇਪਾਲ ਦੇ ਰਹਿਣ ਵਾਲੇ ਹਨ। ਬੱਚੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸੀ, ਜਿਸ ਦੀ ਮੌਤ ਹੋਣ ਤੋਂ ਬਾਅਦ ਆਰਥਿਕ ਤੌਰ ’ਤੇ ਕਮਜ਼ੋਰ ਉਸ ਦੇ ਮਾਂ-ਬਾਪ ਨੇ ਆਪਣੇ ਰੀਤੀ-ਰਿਵਾਜ ਅਨੁਸਾਰ ਬੱਚੇ ਦੀ ਲਾਸ਼ ਨੂੰ ਨਹਿਰ ’ਚ ਵਹਾਅ ਦਿੱਤਾ, ਜਿਸ ਕਰ ਕੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।
ਚੱਕੀ ਦਰਿਆ ’ਚੋਂ ਨੌਜਵਾਨ ਦੀ ਲਾਸ਼ ਬਰਾਮਦ
ਪਠਾਨਕੋਟ (ਪੱਤਰ ਪ੍ਰੇਰਕ):
ਇੱਥੇ ਚੱਕੀ ਦਰਿਆ ਵਿੱਚ ਪੂਜਾ ਸਮੱਗਰੀ ਜਲ ਪ੍ਰਵਾਹ ਕਰਨ ਸਮੇਂ ਡੁੱਬੇ ਪਿਓ-ਪੁੱਤਰ ’ਚੋਂ ਨੌਜਵਾਨ ਓਜਸ ਮਹਾਜਨ ਦੀ ਲਾਸ਼ ਅੱਜ ਐੱਨਡੀਆਰਐੱਫ ਦੀ ਟੀਮ ਨੇ ਲੱਭ ਲਈ, ਜਦਕਿ ਉਸ ਦੇ ਪਿਤਾ ਦੀ ਲਾਸ਼ ਕੱਲ੍ਹ ਮਿਲ ਗਈ ਸੀ। ਨਾਇਬ ਤਹਿਸੀਲਦਾਰ ਜਸਵੰਤ ਸਿੰਘ ਬਾਜਵਾ ਅਤੇ ਹੋਰ ਅਧਿਕਾਰੀਆਂ ਨੇ ਬੱਚੇ ਦੀ ਲਾਸ਼ ਬਰਾਮਦ ਹੋਣ ਬਾਅਦ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਜ਼ਿਕਰਯੋਗ ਹੈ ਕਿ ਸਥਾਨਕ ਬਸੰਤ ਕਲੋਨੀ ਦੇ ਰਹਿਣ ਵਾਲੇ ਵਿਨੈ ਮਹਾਜਨ ਅਤੇ ਉਸ ਦਾ 13 ਸਾਲਾ ਲੜਕਾ ਓਜਸ ਮਹਾਜਨ ਪਾਣੀ ’ਚ ਪੂਜਾ ਸਮੱਗਰੀ ਚੱਕੀ ਦਰਿਆ ਵਿੱਚ ਸੁੱਟਣ ਗਏ ਸੀ ਪਰ ਉਥੇ ਦੋਵੇਂ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਏ।