Sukhbir Badal: ਸੁਖਬੀਰ ਤੇ ਢੀਂਡਸਾ ਨੇ ਤਨਖ਼ਾਹ ਤਹਿਤ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ 'ਤੇ ਸੇਵਾਦਾਰ ਵਜੋਂ ਸੇਵਾ ਨਿਭਾਈ
10:54 AM Dec 03, 2024 IST
Amritsar: Former Punjab Deputy Chief Minister Sukhbir Singh Badal and Former Shiromani Akali Dal (SAD) MP Sukhdev Singh Dhindsa sitting on wheelchairs with plaques around their neck perform Sewadar (guard duty) following the religious punishment pronounced for them by Sri Akal Takht Sahib, at the entrance of the Golden Temple in Amritsar on Tuesday. (ANI Photo)
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਦਸੰਬਰ
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਵਾਸਤੇ ਮੰਗਲਵਾਰ ਸਵੇਰੇ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੋਵਾਂ ਨੇ ਇੱਕ ਘੰਟਾ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾ ਘਰ ਵਾਲੇ ਪਾਸੇ ਦਰਸ਼ਨੀ ਡਿਉੜੀ ਦੇ ਬਾਹਰ ਬੈਠ ਕੇ ਸੇਵਾਦਾਰ ਵਿੱਚੋਂ ਸੇਵਾ ਕੀਤੀ ਹੈ। ਦੋਵੇਂ ਹੀ ਵੀਲ੍ਹ ਚੇਅਰ 'ਤੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੇ ਸੇਵਾਦਾਰ ਵਾਲਾ ਨੀਲੇ ਰੰਗ ਦਾ ਚੋਲਾ ਪਾਇਆ ਹੋਇਆ ਸੀ ਤੇ ਹੱਥ ਵਿੱਚ ਬਰਛੇ ਫੜੇ ਹੋਏ ਸਨ। ਦੋਵਾਂ ਦੇ ਗਲੇ ਵਿੱਚ ਤਖ਼ਤੀਆਂ ਸਨ।
ਇਨ੍ਹਾਂ ਦੋਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਦੋ ਦਿਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾ ਘਰ ਵਾਲੇ ਪਾਸੇ ਮੁੱਖ ਦੁਆਰ 'ਤੇ ਇੱਕ ਘੰਟਾ ਸੇਵਾਦਾਰ ਵੱਜੋਂ ਸੇਵਾ ਨਿਭਾਉਣ ਦੀ ਤਨਖ਼ਾਹ ਲਾਈ ਗਈ ਹੈ। ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ, ਲੰਗਰ ਘਰ ਵਿੱਚ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ, ਗੁਰਬਾਣੀ ਦਾ ਕੀਰਤਨ ਸਰਵਣ ਕਰਨ ਦੀ ਸੇਵਾ ਅਤੇ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਸੇਵਾ ਸੁਣਾਈ ਗਈ ਹੈ। ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ, ਗੁਰਦੁਆਰਾ ਸ੍ਰੀ ਮੁਕਤਸਰ ਸਾਹਿਬ ਅਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਵੀ ਇਹ ਦੋ-ਦੋ ਦਿਨ ਵਾਸਤੇ ਇਹ ਸੇਵਾਵਾਂ ਪੂਰੀਆਂ ਕਰਨਗੇ।
ਇਹ ਵੀ ਪੜ੍ਹੋ:
ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਸੇਵਾ ਕਰਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਉਨ੍ਹਾਂ ਦੀ ਹਾਜ਼ਰੀ ਦਰਜ ਕੀਤੀ ਹੈ ਅਤੇ ਉਨ੍ਹਾਂ ਕੋਲੋਂ ਇਸ ਸਬੰਧੀ ਕਾਗਜ਼ 'ਤੇ ਦਸਤਖ਼ਤ ਵੀ ਕਰਵਾਏ।
Advertisement
ਇਨ੍ਹਾਂ ਤੋਂ ਇਲਾਵਾ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਹੋਰਨਾਂ ਨੂੰ ਵੀ ਇੱਕ ਦਿਨ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਘਰ ਵਿੱਚ ਸੰਗਤ ਦੇ ਜੂਠੇ ਬਰਤਨ ਸਾਫ ਕਰਨ, ਜੋੜੇ ਝਾੜਨ, ਕੀਰਤਨ ਸਰਵਣ ਕਰਨ ਆਦਿ ਦੀ ਸੇਵਾ ਲਾਈ ਗਈ ਹੈ। ਇਸ ਤਹਿਤ ਦਲਜੀਤ ਸਿੰਘ ਚੀਮਾ, ਬਿਕਰਮ ਸਿੰਘ ਮਜੀਠੀਆ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਹੋਰ ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤਾਂ ਲਈ ਬਣੇ ਪਖਾਨਿਆਂ ਦੀ ਸਫਾਈ ਦੀ ਸੇਵਾ ਕੀਤੀ।
ਦੱਸਣਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਦੇ ਸਨਮੁਖ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੇ ਅਕਾਲੀ ਸਰਕਾਰ ਵੇਲੇ ਹੋਏ ਆਪਣੇ ਗੁਨਾਹ ਕਬੂਲ ਕੀਤੇ ਸਨ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਸਣੇ ਪੰਜ ਸਿੰਘ ਸਾਹਿਬਾਨ ਵੱਲੋਂ ਇਨ੍ਹਾਂ ਨੂੰ ਇਨ੍ਹਾਂ ਦੇ ਗੁਨਾਹਾਂ ਦੀ ਮੁਆਫ਼ੀ ਵਾਸਤੇ ਤਨਖ਼ਾਹ ਲਾਈ ਗਈ ਸੀ।
Advertisement
Advertisement