ਕੌਣ ਹੈ ਨਰਾਇਣ ਸਿੰਘ ਚੌੜਾ? ਜਿਸਨੇ ਸੁਖਬੀਰ ਬਾਦਲ ’ਤੇ ਗੋਲੀ ਚਲਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 04 ਦਸੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਬੁੱਧਵਾਰ ਸਵੇਰੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਬਾਹਰ ਸੇਵਾਦਾਰ ਦੀ ਡਿਊਟੀ ਨਿਭਾਉਣ ਦੌਰਾਨ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਨਰਾਇਣ ਸਿੰਘ ਚੌੜਾ ਵਜੋਂ ਹੋਈ ਹੈ, ਜੋ ਕਿ ਇਕ ਗਰਮ ਖਿਆਲੀ ਫੈਡਰੇਸ਼ਨ ਨਾਲ ਸਬੰਧਤ ਹੈ।
ਪੁਲੀਸ ਸੂਤਰਾਂ ਅਨੁਸਾਰ ਪਾਕਿਸਤਾਨ ਵਿੱਚ ਸਿਖਲਾਈ ਪ੍ਰਾਪਤ ਅਕਾਲ ਫੈਡਰੇਸ਼ਨ ਦੇ ਸਾਬਕਾ ਮੁਖੀ ਚੌੜਾ ਨੇ ਸਿੱਖ ਖਾੜਕੂਵਾਦ ਬਾਰੇ ਕਿਤਾਬਾਂ ਲਿਖੀਆਂ ਹਨ। ਚੌੜਾ 1995 ਵਿੱਚ ਭਾਰਤ ਪਰਤਣ ਤੋਂ ਪਹਿਲਾਂ ਤਿੰਨ ਵਾਰ ਪਾਕਿਸਤਾਨ ਜਾ ਚੁੱਕਾ ਹੈ।
ਚੌੜਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਵੀ ਸ਼ੱਕੀ ਸੀ। ਉਹ ਕਥਿਤ ਤੌਰ ’ਤੇ 2004 ਦੇ ਬੁੜੈਲ ਜੇਲ੍ਹ ਭੱਜਣ ਦੇ ਕੇਸ ਵਿੱਚ ਵੀ ਸ਼ਾਮਲ ਸੀ ਜਿੱਥੋਂ ਬੇਅੰਤ ਸਿੰਘ ਦੇ ਕਾਤਲ ਅਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਮੁਖੀ ਜਗਤਾਰ ਸਿੰਘ ਹਵਾਰਾ ਸਮੇਤ ਚਾਰ ਅੰਡਰ ਟਰਾਇਲ ਜੇਲ੍ਹ ਦੀ ਬੈਰਕ ਨੰਬਰ 7 ਵਿੱਚੋਂ ਸੁਰੰਗ ਪੁੱਟ ਕੇ ਫਰਾਰ ਹੋ ਗਏ ਸਨ। ਇਹ ਘਟਨਾ 21 ਜਨਵਰੀ 2004 ਦੀ ਰਾਤ ਨੂੰ ਵਾਪਰੀ ਸੀ।
ਜਾਣਕਾਰੀ ਅਨੁਸਾਰ ਚੌੜਾ ’ਤੇ 8 ਮਈ 2010 ਨੂੰ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ’ਚ ਵਿਸਫੋਟਕ ਐਕਟ ਤਹਿਤ 30 ਦੇ ਕਰੀਬ ਕੇਸ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਅੰਮ੍ਰਿਤਸਰ, ਤਰਨਤਾਰਨ ਅਤੇ ਰੋਪੜ ਵਿੱਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਦਰਜ ਕੇਸਾਂ ਵਿੱਚ ਵੀ ਲੋੜੀਂਦਾ ਸੀ।
ਜ਼ਮਾਨਤ ’ਤੇ ਬਾਹਰ ਚੱਲ ਰਿਹਾ ਸੀ ਨਰਾਇਣ ਚੌੜਾ
ਨਰਾਇਣ ਸਿੰਘ ਚੌੜਾ ਨੂੰ 28 ਫਰਵਰੀ 2013 ਨੂੰ ਤਰਨ ਤਾਰਨ ਦੇ ਪਿੰਡ ਜਲਾਲਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ 'ਤੇ ਬਾਹਰ ਸੀ। ਪੁਲੀਸ ਦੇ ਅਨੁਸਾਰ ਚੌੜਾ 1984 ਵਿੱਚ ਪਾਕਿਸਤਾਨ ਗਿਆ ਸੀ ਅਤੇ ਖਾੜਕੂਵਾਦ ਦੇ ਸ਼ੁਰੂਆਤੀ ਪੜਾਅ ਦੌਰਾਨ ਪੰਜਾਬ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀਆਂ ਵੱਡੀਆਂ ਖੇਪਾਂ ਦੀ ਤਸਕਰੀ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ। ਪਾਕਿਸਤਾਨ ਵਿਚ ਰਹਿੰਦਿਆਂ ਉਸ ਨੇ ਕਥਿਤ ਤੌਰ ’ਤੇ ਗੁਰੀਲਾ ਯੁੱਧ ’ਤੇ ਕਿਤਾਬਾਂ ਲਿਖੀਆਂ।
ਇਹ ਵੀ ਪੜ੍ਹੋ:-