ਸੁਖਬੀਰ ਬਾਦਲ ਨੇ ਆਪਣੀ ਸਰਕਾਰ ਦੇ ਕੰਮ ਚੇਤੇ ਕਰਵਾਏ
ਰਣਜੀਤ ਸਿੰਘ ਸ਼ੀਤਲ
ਦਿੜ੍ਹਬਾ ਮੰਡੀ, 26 ਮਾਰਚ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਅਕਾਲੀ ਦਲ ਦੇ ਸੂਬਾ ਜਥੇਬੰਦਕ ਸਕੱਤਰ ਕਰਨ ਘੁਮਾਣ ਕੈਨੇਡਾ ਦੀ ਅਗਵਾਈ ਵਿੱਚ ਸੱਦੀ ਗਈ ਇਕੱਤਰਤਾ ਵਿੱਚ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਲੰਮੇ ਸਮੇਂ ਦੇ ਰਾਜ ਦੌਰਾਨ ਸੂਬੇ ਵਿੱਚ ਰਿਕਾਰਡਤੋੜ ਵਿਕਾਸ ਕਰ ਕੇ ਪੰਜਾਬ ਨੂੰ ਤਰੱਕੀਆਂ ਦੀਆਂ ਬਰੂਹਾਂ ’ਤੇ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਕਰਨ ਘੁਮਾਣ ਕੈਨੇਡਾ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਯੂਥ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਅਣਥੱਕ ਮਿਹਨਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਯੂਥ ਦੇ ਸੂਬਾ ਜਥੇਬੰਦਕ ਸਕੱਤਰ ਕਰਨ ਘੁਮਾਣ ਕਨੇਡਾ ਨੇ ਵਿਸ਼ਵਾਸ ਦਿਵਾਇਆ ਕਿ ਦਿੜ੍ਹਬਾ ਹਲਕੇ ਦੇ ਯੂਥ ਵਰਕਰ ਪਾਰਟੀ ਹਾਈ ਕਮਾਂਡ ਦੇ ਹੁਕਮ ’ਤੇ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਂਨ ਅਤੇ ਪਾਰਟੀ ਦੇ ਮਿਸ਼ਨ ਨੂੰ ਲੋਕਾਂ ਦੀਆਂ ਬਰੂਹਾਂ ਤੱਕ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ,ਐਸਜੀਪੀਸੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਗੋਵਾਲ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਬਚਨ ਸਿੰਘ ਬਚੀ, ਸੰਤ ਬਲਵੀਰ ਸਿੰਘ ਘੁੰਨਸ, ਜੀਤ ਸਿੰਘ ਕਪਿਆਲ, ਪ੍ਰਕਾਸ਼ ਚੰਦ ਗਰਗ, ਗੁਰਇੱਕਬਾਲ ਸਿੰਘ ਗਿੱਨੀ, ਯੂਥ ਆਗੂ ਅਮਰੀਕ ਸਿੰਘ ਰਾਮਪੁਰ ਗੁੱਜਰਾਂ,ਜਸਵੀਰ ਸਿੰਘ ਰਿੰਕਾਂ, ਤਰਸੇਮ ਸਿੰਘ ਨਾਗਰਾ, ਬਲਜੀਤ ਗੋਰਾ ਕੌਹਰੀਆਂ ਭੁਪਿੰਦਰ ਨਿੱਕਾ, ਡਾ. ਝੰਡਾ ਸਿੰਘ ਖੇਤਲਾ ਆਦਿ ਯੂਥ ਅਕਾਲੀ ਆਗੂ ਹਾਜ਼ਰ ਸਨ।
ਕਿਸਾਨੀ ਸਮਝੌਤਿਆਂ ਦੇ ਲਾਗੂ ਹੋਣ ’ਤੇ ਹੀ ਅਕਾਲੀ-ਭਾਜਪਾ ਗੱਠਜੋੜ ਸੰਭਵ: ਰੱਖੜਾ
ਸਮਾਣਾ (ਸੁਭਾਸ਼ ਚੰਦਰ): ਪੰਥਕ ਮੁੱਦਿਆਂ ਅਤੇ ਕਿਸਾਨੀ ਸਮਝੌਤਿਆਂ ਦੇ ਲਾਗੂ ਹੋਣ ’ਤੇ ਹੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗੱਠਜੋੜ ਹੋ ਸਕਦਾ ਹੈ। ਜੇਕਰ ਭਾਜਪਾ ਉੱਕਤ ਮੁੱਦਿਆਂ ’ਤੇ ਸਹਿਮਤ ਨਹੀਂ ਹੁੰਦੀ ਤਾਂ ਸ਼੍ਰੋਮਣੀ ਅਕਾਲੀ ਦਲ ਇੱਕਲਿਆਂ ਹੀ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਚੋਣ ਲੜੇਗਾ। ਇਹ ਗੱਲ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਮਨਜਿੰਦਰ ਸਿੰਘ ਰਾਣਾ ਵੱਲੋਂ ਪਾਰਟੀ ਵਰਕਰਾਂ ਦੀ ‘ਪੰਜਾਬ ਬਚਾਓ ਯਾਤਰਾ’ ਸਬੰਧੀ ਰੱਖੀ ਮੀਟਿੰਗ ਦੌਰਾਨ ਆਖੀ। ਰੱਖੜਾ ਨੇ ਆਪ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਆਪ ਸਰਕਾਰ ਹਰ ਮੁਕਾਮ ’ਤੇ ਫੇਲ੍ਹ ਸਾਬਤ ਹੋ ਰਹੀ ਹੈ।