ਛੇ ਸਾਲਾਂ ਵਿੱਚ ਸੀਆਈਐੱਸਐੱਫ ’ਚ ਖ਼ੁਦਕੁਸ਼ੀਆਂ ਘਟੀਆਂ
ਨਵੀਂ ਦਿੱਲੀ, 2 ਜਨਵਰੀ
ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਨੇ ਅੱਜ ਕਿਹਾ ਕਿ ਬਲ ਵੱਲੋਂ ਆਪਣੇ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਚੁੱਕੇ ਕੁਝ ਭਰੋਸੇਯੋਗ ਕਦਮਾਂ ਸਦਕਾ ਸਾਲ 2024 ਵਿੱਚ ਬਲ ਦੇ ਸਿਰਫ਼ 15 ਮੁਲਾਜ਼ਮਾਂ ਨੇ ਖ਼ੁਦਕੁਸ਼ੀ ਕੀਤੀ।
ਛੇ ਸਾਲਾਂ ਵਿੱਚ ਬਲ ਦੇ ਮੁਲਾਜ਼ਮਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦਾ ਸਭ ਤੋਂ ਘੱਟ ਅੰਕੜਾ ਹੈ। ਅਧਿਕਾਰਤ ਡੇਟਾ ਮੁਤਾਬਕ ਹਵਾਈ ਅੱਡਿਆਂ, ਪਰਮਾਣੂ ਅਤੇ ਸਰਕਾਰੀ ਅਧਿਕਾਰ ਖੇਤਰ ਵਾਲੀਆਂ ਹੋਰ ਜ਼ਰੂਰੀ ਤੇ ਸੰਵੇਦਨਸ਼ੀਲ ਥਾਵਾਂ ਦੀ ਰਾਖੀ ਕਰਨ ਵਾਲੇ ਬਲ ਸੀਆਈਐੱਸਐੱਫ ਵਿੱਚ ਪਿਛਲੇ ਸਾਲ 15 ਮੁਲਾਜ਼ਮਾਂ ਨੇ ਖ਼ੁਦਕੁਸ਼ੀਆਂ ਕੀਤੀਆਂ, ਜੋ ਬਲ ਦੀ ਕੁੱਲ ਕਾਰਜਸ਼ੀਲ ਸਮਰੱਥਾ ਦਾ 9.86 ਫੀਸਦ ਹੈ। ਸੀਆਈਐੱਸਐੱਫ ਦੇ ਕੁੱਲ ਮੁਲਾਜ਼ਮਾਂ ਦੀ ਗਿਣਤੀ 1.51 ਲੱਖ ਹੈ। ਸੀਆਈਐੱਸਐੱਫ ਵਿੱਚ 2023 ’ਚ 25, 2022 ਵਿੱਚ 26, 2021 ਵਿੱਚ 21, 2020 ’ਚ 18 ਅਤੇ 2019 ਵਿੱਚ 17 ਮੁਲਾਜ਼ਮਾਂ ਨੇ ਖ਼ੁਦਕੁਸ਼ੀ ਕੀਤੀ ਸੀ।
ਸੀਆਈਐੱਸਐੱਫ ਦੇ ਇਕ ਤਰਜਮਾਨ ਨੇ ਕਿਹਾ, ‘‘ਸੀਆਈਐੱਸਐੱਫ ਨੇ ਕਿਰਿਆਸ਼ੀਲ ਉਪਾਵਾਂ ਦੀ ਲੜੀ ਨੂੰ ਅਮਲ ਵਿੱਚ ਲਿਆ ਕੇ ਇਸ ਚੁਣੌਤੀ ਦੇ ਟਾਕਰੇ ਲਈ ਕਈ ਭਰੋਸੇਯੋਗ ਕਦਮ ਉਠਾਏ, ਜਿਨ੍ਹਾਂ ਕਰ ਕੇ 2024 ਵਿੱਚ ਖ਼ੁਦਕੁਸ਼ੀ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਘਟੀ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ, ਤਰਜਮਾਨ ਨੇ ਕਿਹਾ ਕਿ 2022 ਵਿੱਚ ਕੌਮੀ ਖ਼ੁਦਕੁਸ਼ੀ ਦਰ ਵੀ 12.4 ਪ੍ਰਤੀ ਲੱਖ ਸੀ। ਉਨ੍ਹਾਂ ਕਿਹਾ, ‘‘ਇਸ ਦੇ ਮੁਕਾਬਲੇ ਸੀਆਈਐੱਸਐੱਫ ਨੇ 2024 ਵਿੱਚ ਆਪਣੀ ਖ਼ੁਦਕੁਸ਼ੀ ਦਰ ਘਟਾ ਕੇ 9.87 ਪ੍ਰਤੀ ਲੱਖ ’ਤੇ ਲਿਆਂਦੀ ਹੈ ਜੋ ਕਿ 2023 ਨਾਲੋਂ 40 ਫ਼ੀਸਦ ਘੱਟ ਹੈ।’’ -ਪੀਟੀਆਈ