ਯੂਨੀਅਨ ਕਾਰਬਾਈਡ ਮਾਮਲਾ: ਭੀੜ ਵੱਲੋਂ ਕਚਰਾ ਸਾੜਨ ਵਾਲੀ ਕੰਪਨੀ ’ਤੇ ਪਥਰਾਅ
ਧਾਰ, 4 ਜਨਵਰੀ
ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਵਿੱਚ ਯੂਨੀਅਨ ਕਾਰਬਾਈਡ ਦੇ ਕਚਰੇ ਦੇ ਨਿਬੇੜੇ ਲਈ ਕਚਰਾ ਸਾੜਨ ਪੁੱਜੀ ਕੰਪਨੀ ’ਤੇ ਸਥਾਨਕ ਲੋਕਾਂ ਨੇ ਪਥਰਾਅ ਕੀਤਾ। ਜ਼ਿਲ੍ਹੇ ਦੇ ਪੀਥਮਪੁਰ ਇਲਾਕੇ ਵਿੱਚ ਯੂਨੀਅਨ ਕਾਰਬਾਈਡ ਦਾ 337 ਟਨ ਕਚਰੇ ਦਾ ਨਿਬੇੜਾ ਕਰਨ ਦਾ ਪ੍ਰਸਤਾਵ ਹੈ। ਪੀਥਮਪੁਰ ਥਾਣੇ ਦੇ ਇੰਸਪੈਕਟਰ ਓਮ ਪ੍ਰਕਾਸ਼ ਅਹੀਰ ਨੇ ਦੱਸਿਆ ਕਿ 100-150 ਵਿਅਕਤੀਆਂ ਦੀ ਭੀੜ ਨੇ ਇਕਾਈ ਦੇ ਗੇਟ ’ਤੇ ਪਥਰਾਅ ਕੀਤਾ। ਘਟਨਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਘਟਨਾ ‘ਪੀਥਮਪੁਰ ਬਚਾਓ ਕਮੇਟੀ’ ਵੱਲੋਂ ਨਿਬੇੜਾ ਯੋਜਨਾ ਖ਼ਿਲਾਫ਼ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਹੋਏ ਵਿਰੋਧ ਪ੍ਰਦਰਸ਼ਨ ਤੋਂ ਇਕ ਦਿਨ ਬਾਅਦ ਹੋਈ ਹੈ। ਸ਼ੁੱਕਰਵਾਰ ਨੂੰ 500 ਤੋਂ 600 ਲੋਕਾਂ ਦੀ ਭੀੜ ਰਾਮਕੀ ਗਰੁੱਪ ਦੇ ਉਦਯੋਗਿਕ ਕਚਰਾ ਪ੍ਰਬੰਨ ਪ੍ਰਾਈਵੇਟ ਲਿਮਿਟਡ ਕੰਪਲੈਕਸ ਵਿੱਚ ਪਹੁੰਚੀ ਸੀ ਪਰ ਪੁਲੀਸ ਨੇ ਸਮਾਂ ਰਹਿੰਦੇ ਉਨ੍ਹਾਂ ਨੂੰ ਖਿੰਡਾ ਦਿੱਤਾ ਸੀ। ਕੰਪਲੈਕਸ ਵਿੱਚ ਕਚਰਾ ਸਾੜਿਆ ਜਾਣਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕੁਝ ਘੰਟਿਆਂ ਬਾਅਦ ਇਕਾਈ ਦੇ ਕੰਪਲੈਕਸ ਦੇ ਆਸ-ਪਾਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 163 ਤਹਿਤ ਪਾਬੰਦੀ ਦੇ ਹੁਕਮ ਲਾਗੂ ਕਰ ਦਿੱਤੇ ਸਨ। ਜ਼ਿਲ੍ਹਾ ਅਧਿਕਾਰੀਆਂ ਵੱਲੋਂ ਜਾਰੀ ਹੁਕਮਾਂ ਵਿੱਚ ਦੱਸਿਆ ਗਿਆ ਕਿ 12 ਜਨਵਰੀ ਤੱਕ ਕਚਰਾ ਸਾੜਨ ਵਾਲੀ ਯੂਨਿਟ ਦੇ ਆਸਪਾਸ ਸ਼ਾਂਤੀ ਕਾਇਮ ਰੱਖਣ ਲਈ ਪਾਬੰਦੀ ਦੇ ਹੁਕਮ ਲਾਗੂ ਹਨ। -ਪੀਟੀਆਈ
ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੰਜ ਕੇਸ ਦਰਜ
ਮੱਧ ਪ੍ਰਦੇਸ਼ ਪੁਲੀਸ ਨੇ ਧਾਰ ਜ਼ਿਲ੍ਹੇ ਦੇ ਪੀਥਮਪੁਰ ’ਚ ਭੁਪਾਲ ਗੈਸ ਤ੍ਰਾਸਦੀ ਦੇ 337 ਟਨ ਜ਼ਹਿਰੀਲੇ ਕਚਰੇ ਦੇ ਯੋਜਨਾਬੱਧ ਨਿਬੇੜੇ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਪੰਜ ਕੇਸ ਦਰਜ ਕੀਤੇ ਹਨ। ਐੱਸਪੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਵਿਰੋਧ ਪ੍ਰਦਰਸ਼ਨ ਕਰ ਕੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੇਠ ਸ਼ੁੱਕਰਵਾਰ ਰਾਤ ਨੂੰ ਪੰਜ ਵੱਖ ਵੱਖ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੁਝ ਮਾਮਲਿਆਂ ’ਚ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦਕਿ ਹੋਰਨਾਂ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। -ਪੀਟੀਆਈ