ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ

06:12 AM Sep 10, 2024 IST

ਐਡਵੋਕੇਟ ਕੁਲਦੀਪ ਚੰਦ ਦੋਭੇਟਾ

Advertisement

ਆਤਮ ਹੱਤਿਆ ਇੱਕ ਵੱਡੀ ਸਮੱਸਿਆ ਹੈ ਜਿਸ ਦੇ ਕਈ ਸਮਾਜਿਕ, ਭਾਵਨਾਤਮਕ ਅਤੇ ਆਰਥਿਕ ਨਤੀਜੇ ਹਨ। ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਨਸ਼ਨ (ਆਈਏਐੱਸਪੀ), ਵਿਸ਼ਵ ਸਿਹਤ ਸੰਗਠਨ ਅਤੇ ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਵੱਲੋਂ ਹਰ ਸਾਲ 10 ਸਤੰਬਰ ਨੂੰ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਵਿੱਚ ਆਤਮ ਹੱਤਿਆਵਾਂ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਸਾਲ 2003 ਵਿੱਚ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਪਹਿਲੀ ਵਿਸ਼ਵ ਆਤਮ ਹੱਤਿਆ ਰਿਪੋਰਟ 2014 ਵਿੱਚ ਜਾਰੀ ਕੀਤੀ ਗਈ ਸੀ ਜੋ ਕਿ ਆਤਮ ਹੱਤਿਆਵਾਂ ਦੀ ਰੋਕਥਾਮ ’ਤੇ ਕੇਂਦਰਿਤ ਸੀ ਅਤੇ ਵਿਸ਼ਵ ਜਨਤਕ ਸਿਹਤ ਏਜੰਡੇ ਸਬੰਧੀ ਤਰਜੀਹ ਬਣਾਉਣ ਲਈ ਕਿਹਾ ਗਿਆ ਸੀ। ਆਤਮ ਹੱਤਿਆ ਇੱਕ ਪ੍ਰਮੁੱਖ ਜਨਤਕ ਸਿਹਤ ਚੁਣੌਤੀ ਹੈ। ਹਰੇਕ ਖ਼ੁਦਕੁਸ਼ੀ ਦੇ ਦੂਰਗਾਮੀ ਸਮਾਜਿਕ, ਭਾਵਨਾਤਮਕ ਅਤੇ ਆਰਥਿਕ ਨਤੀਜੇ ਹੁੰਦੇ ਹਨ ਜੋ ਦੁਨੀਆ ਭਰ ਦੇ ਵਿਅਕਤੀਆਂ ਅਤੇ ਭਾਈਚਾਰਿਆਂ ਨੂੰ ਡੂੰਘਾ ਪ੍ਰਭਾਵਿਤ ਕਰਦੇ ਹਨ। ਸਾਲ 2024-2026 ਲਈ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਦਾ ਥੀਮ ‘ਆਤਮਹੱਤਿਆ ਤੇ ਬਿਰਤਾਂਤ ਨੂੰ ਬਦਲਣਾ’ ਹੈ ਅਤੇ ‘ਗੱਲਬਾਤ ਸ਼ੁਰੂ ਕਰੋ’ ਕਿਹਾ ਗਿਆ ਹੈ। ਇਸ ਦਾ ਉਦੇਸ਼ ਕਲੰਕ ਨੂੰ ਘਟਾਉਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਖੁੱਲ੍ਹੀ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਹੈ। ਖ਼ੁਦਕੁਸ਼ੀ ਬਾਰੇ ਬਿਰਤਾਂਤ ਨੂੰ ਬਦਲਣਾ ਹੈ ਕਿ ਅਸੀਂ ਇਸ ਗੁੰਝਲਦਾਰ ਮੁੱਦੇ ਨੂੰ ਕਿਵੇਂ ਸਮਝਦੇ ਹਾਂ ਅਤੇ ਚੁੱਪ ਤੇ ਕਲੰਕ ਦੇ ਸੱਭਿਆਚਾਰ ਤੋਂ ਖੁੱਲ੍ਹੇਪਣ, ਸਮਝ ਅਤੇ ਸਮਰਥਨ ਵਿੱਚ ਬਦਲਣਾ ਹੈ। ਇਹ ਥੀਮ ਖ਼ੁਦਕੁਸ਼ੀ ਦੀ ਰੋਕਥਾਮ ਅਤੇ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਦੀ ਲੋੜ ’ਤੇ ਜ਼ੋਰ ਦਿੰਦਾ ਹੈ ਅਤੇ ਸਰਕਾਰੀ ਕਾਰਵਾਈ ਦੀ ਮੰਗ ਕਰਦਾ ਹੈ। ਬਿਰਤਾਂਤ ਨੂੰ ਬਦਲਣ ਲਈ ਉਨ੍ਹਾਂ ਨੀਤੀਆਂ ਦੀ ਵਕਾਲਤ ਕਰਨ ਦੀ ਲੋੜ ਹੁੰਦੀ ਹੈ ਜੋ ਮਾਨਸਿਕ ਸਿਹਤ ਨੂੰ ਤਰਜੀਹ ਦਿੰਦੀਆਂ, ਦੇਖਭਾਲ ਤੱਕ ਪਹੁੰਚ ਨੂੰ ਵਧਾਉਂਦੀਆਂ ਅਤੇ ਲੋੜਵੰਦਾਂ ਲਈ ਸਹਾਇਤਾ ਪ੍ਰਦਾਨ ਕਰਦੀਆਂ ਹਨ।
ਹਰ ਸਾਲ 10 ਸਤੰਬਰ ਦਾ ਦਿਨ ਇਹ ਸੰਦੇਸ਼ ਦਿੰਦਾ ਹੈ ਕਿ ਖ਼ੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ। ਇਸ ਦਿਨ ਦਾ ਮੁੱਖ ਮੰਤਵ ਆਤਮ ਹੱਤਿਆ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਅਤੇ ਆਤਮ ਹੱਤਿਆਵਾਂ ਨੂੰ ਘਟਾਉਣ ਲਈ ਕੰਮ ਕਰਨਾ ਹੈ। ਆਤਮ ਹੱਤਿਆਵਾਂ ਦੀਆਂ ਘਟਨਾਵਾਂ ਸਬੰਧੀ ਸਹੀ ਅਤੇ ਮੁਕੰਮਲ ਅੰਕੜੇ ਅਜੇ ਤੱਕ ਸਾਹਮਣੇ ਨਹੀਂ ਆਏ। ਵਿਸ਼ਵ ਸਿਹਤ ਸੰਗਠਨ ਨਾਲ ਜੁੜੇ 183 ਵਿੱਚੋਂ ਸਿਰਫ਼ 80 ਦੇਸ਼ਾਂ ਨੇ ਹੀ ਇਸ ਸਬੰਧੀ ਸਹੀ ਅੰਕੜੇ ਇਕੱਠੇ ਕੀਤੇ ਹਨ ਅਤੇ ਬਹੁਤੇ ਦੇਸ਼ ਭਰੋਸੇਯੋਗ ਜਾਣਕਾਰੀ ਤੇ ਅੰਕੜੇ ਇਕੱਠੇ ਨਹੀਂ ਕਰ ਸਕੇ। ਇਸ ਸਬੰਧੀ ਪ੍ਰਾਪਤ ਅੰਕੜਿਆਂ ਅਨੁਸਾਰ ਆਤਮ ਹੱਤਿਆਵਾਂ ਕਰਨ ਦਾ ਰੁਝਾਨ ਵਧ ਰਿਹਾ ਹੈ ਅਤੇ ਸਾਲ ਵਿੱਚ ਲਗਭਗ 8 ਲੱਖ ਵਿਅਕਤੀ ਆਤਮ ਹੱਤਿਆਵਾਂ ਨਾਲ ਮਰਦੇ ਹਨ ਜਿਨ੍ਹਾਂ ਵਿੱਚੋਂ ਲਗਭਗ 17 ਫ਼ੀਸਦੀ ਸਿਰਫ਼ ਭਾਰਤੀ ਹਨ। ਵਿਸ਼ਵ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ 1.3 ਫ਼ੀਸਦੀ ਆਤਮ ਹੱਤਿਆਵਾਂ ਕਾਰਨ ਹੀ ਹੁੰਦੀਆਂ ਹਨ ਅਤੇ ਇਹ ਮੌਤ ਦਾ 17ਵਾਂ ਪ੍ਰਮੁੱਖ ਕਾਰਨ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦੁਨੀਆ ਵਿੱਚ ਔਸਤਨ ਇੱਕ ਲੱਖ ਪਿੱਛੇ 10.5 ਵਿਅਕਤੀਆਂ ਨੇ ਆਤਮ ਹੱਤਿਆ ਕੀਤੀ ਹੈ ਅਤੇ ਇਹ ਵੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਆਤਮ ਹੱਤਿਆ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਵੱਖ-ਵੱਖ ਦੇਸ਼ਾਂ ਵਿੱਚ ਆਤਮ-ਹੱਤਿਆਵਾਂ ਦੀ ਦਰ 1 ਲੱਖ ਪਿੱਛੇ 5 ਤੋਂ 30 ਵਿਅਕਤੀਆਂ ਦੀ ਹੈ। ਆਤਮ ਹੱਤਿਆਵਾਂ ਦੀਆਂ ਲਗਭਗ 79 ਫ਼ੀਸਦੀ ਘਟਨਾਵਾਂ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿੱਚ ਵਾਪਰਦੀਆਂ ਹਨ। ਇਨ੍ਹਾਂ ਦੇਸ਼ਾਂ ਵਿੱਚ ਇਹ ਦਰ ਇੱਕ ਲੱਖ ਪਿੱਛੇ 11.5 ਤੱਕ ਪਹੁੰਚ ਰਹੀ ਹੈ। ਉੱਚ ਆਮਦਨ ਵਾਲੇ ਦੇਸ਼ਾਂ ਵਿੱਚ ਮਹਿਲਾਵਾਂ ਦੇ ਮੁਕਾਬਲੇ ਪੁਰਸ਼ ਲਗਭਗ ਤਿੰਨ ਗੁਣਾ ਵੱਧ ਆਤਮ ਹੱਤਿਆਵਾਂ ਕਰਦੇ ਹਨ ਜਦੋਂਕਿ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿੱਚ ਆਤਮ ਹੱਤਿਆਵਾਂ ਕਰਨ ਵਾਲੇ ਪੁਰਸ਼ਾਂ ਅਤੇ ਮਹਿਲਾਵਾਂ ਦੀ ਗਿਣਤੀ ਲਗਭਗ ਬਰਾਬਰ ਹੀ ਰਹਿੰਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨਾਂ ਵਿੱਚ ਆਤਮ ਹੱਤਿਆਵਾਂ ਦੇ ਪ੍ਰਮੁੱਖ ਕਾਰਨਾਂ ਵਿੱਚ ਪੜ੍ਹਾਈ ਦਾ ਦਬਾਅ, ਵਿਗੜ ਰਹੇ ਪਰਿਵਾਰਕ ਰਿਸ਼ਤੇ, ਲੜਾਈ ਝਗੜੇ, ਅਸਫਲ ਪਿਆਰ, ਵਿਆਹੁਤਾ ਜ਼ਿੰਦਗੀ ਵਿੱਚ ਗੜਬੜੀ, ਭਵਿੱਖ ਦੀ ਚਿੰਤਾ, ਬੇਰੁਜ਼ਗਾਰੀ, ਨਸ਼ੇ ਆਦਿ ਸ਼ਾਮਲ ਹਨ। ਸੜਕ ਦੁਰਘਟਨਾ ਵਿੱਚ ਲੱਗੀਆਂ ਗੰਭੀਰ ਸੱਟਾਂ ਵੀ 15 ਤੋਂ 29 ਸਾਲ ਦੇ ਨੌਜਵਾਨਾਂ ਵਿੱਚ ਆਤਮ ਹੱਤਿਆ ਦਾ ਮੁੱਖ ਕਾਰਨ ਹਨ। ਮਹਿਲਾਵਾਂ ਦੁਆਰਾ ਆਤਮ ਹੱਤਿਆ ਦੀ ਕੋਸ਼ਿਸ਼ ਜ਼ਿਆਦਾ ਕੀਤੀ ਜਾਂਦੀ ਹੈ। ਆਤਮ ਹੱਤਿਆ ਕਰਨ ਦੇ ਸਭ ਤੋਂ ਵੱਧ ਪ੍ਰਚੱਲਿਤ ਤਰੀਕਿਆਂ ਵਿੱਚ ਫਾਂਸੀ ਲਗਾਉਣਾ, ਜ਼ਹਿਰ ਖਾਣਾ, ਖ਼ੁਦ ਨੂੰ ਅੱਗ ਲਗਾਉਣਾ, ਪਾਣੀ ਵਿੱਚ ਡੁੱਬਣਾ, ਰੇਲ ਗੱਡੀ ਅੱਗੇ ਛਾਲ ਮਾਰਨਾ ਆਦਿ ਸ਼ਾਮਿਲ ਹਨ। ਅੰਤਰਰਾਸ਼ਟਰੀ ਸੰਗਠਨਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਆਤਮ ਹੱਤਿਆਵਾਂ ਨੂੰ ਰੋਕਣ ਸਬੰਧੀ ਠੋਸ ਰਣਨੀਤੀ ਤਿਆਰ ਕਰਨ ਲਈ ਅਜੇ ਤੱਕ ਦੁਨੀਆ ਦੇ ਸਿਰਫ਼ 38 ਦੇਸ਼ਾਂ ਨੇ ਹੀ ਕਾਰਵਾਈ ਕੀਤੀ ਹੈ। ਆਤਮ ਹੱਤਿਆ ਭਾਰਤ ਵਿੱਚ ਇੱਕ ਪ੍ਰਮੁੱਖ ਰਾਸ਼ਟਰੀ ਜਨਤਕ ਸਿਹਤ ਮੁੱਦਾ ਹੈ। ਭਾਰਤ ਵਿੱਚ ਆਤਮ ਹੱਤਿਆਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ 15 ਤੋਂ 35 ਸਾਲ ਉਮਰ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਦਿਹਾੜੀਦਾਰ ਖ਼ੁਦਕੁਸ਼ੀ ਪੀੜਤਾਂ ਵਿੱਚੋਂ 26 ਫ਼ੀਸਦੀ ਹਨ ਜੋ ਕਿ ਖ਼ੁਦਕੁਸ਼ੀਆਂ ਦੇ ਅੰਕੜਿਆਂ ਵਿੱਚ ਸਭ ਤੋਂ ਵੱਡਾ ਸਮੂਹ ਹੈ। ਭਾਰਤ ਵਿੱਚ 18-30 ਅਤੇ 30-45 ਸਾਲ ਦੇ ਉਮਰ ਸਮੂਹਾਂ ਵਿੱਚ ਕ੍ਰਮਵਾਰ 35.1 ਅਤੇ 31.8 ਫ਼ੀਸਦੀ ਖ਼ੁਦਕੁਸ਼ੀਆਂ ਦਰਜ ਹੋਈਆਂ ਹਨ। ਨੌਜਵਾਨ ਬਾਲਗਾਂ ਦਾ ਇਹ ਉਮਰ ਸਮੂਹ ਕੁੱਲ ਖ਼ੁਦਕੁਸ਼ੀਆਂ ਦਾ 67 ਫ਼ੀਸਦੀ ਹੈ। ਸਭ ਤੋਂ ਵੱਧ ਖ਼ੁਦਕੁਸ਼ੀਆਂ ਮਹਾਰਾਸ਼ਟਰ, ਤਾਮਿਲਨਾਡੂ, ਮੱਧ ਪ੍ਰਦੇਸ਼, ਪੱਛਮੀ ਬੰਗਾਲ ਅਤੇ ਕਰਨਾਟਕ ਵਿੱਚ ਹੋਈਆਂ ਹਨ। ਇਨ੍ਹਾਂ ਪੰਜ ਰਾਜਾਂ ਵਿੱਚ ਮਿਲ ਕੇ ਦੇਸ਼ ਵਿੱਚ ਹੋਈਆਂ ਕੁੱਲ ਖ਼ੁਦਕੁਸ਼ੀਆਂ ਦਾ 50.4 ਫ਼ੀਸਦੀ ਹਿੱਸਾ ਹੈ। ਖ਼ੁਦਕੁਸ਼ੀਆਂ ਦੀਆਂ ਦਰਾਂ ਦੇ ਮਾਮਲੇ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਖ਼ੁਦਕੁਸ਼ੀਆਂ ਦੀ ਸਭ ਤੋਂ ਵੱਧ ਦਰ 39.7 ਦਰਜ ਕੀਤੀ ਗਈ ਜਿਸ ਤੋਂ ਬਾਅਦ ਸਿੱਕਿਮ ਵਿੱਚ 39.2, ਪੁਡੂਚੇਰੀ ਵਿੱਚ 31.8, ਤੇਲੰਗਾਨਾ ਵਿੱਚ 26.9 ਅਤੇ ਕੇਰਲ ਵਿੱਚ 26.9 ਹੈ। ਰਿਪੋਰਟ ਮੁਤਾਬਿਕ ਖ਼ੁਦਕੁਸ਼ੀਆਂ ਦਾ ਮੁੱਖ ਕਾਰਨ ਪਰਿਵਾਰਕ ਸਮੱਸਿਆਵਾਂ ਅਤੇ ਬਿਮਾਰੀਆਂ ਸਨ।
ਜਦੋਂ ਅਸੀਂ ਖ਼ੁਦਕੁਸ਼ੀ ਪੀੜਤਾਂ ਦੀ ਆਰਥਿਕ ਸਥਿਤੀ ’ਤੇ ਨਜ਼ਰ ਮਾਰਦੇ ਹਾਂ ਤਾਂ ਲਗਭਗ 64.2 ਫ਼ੀਸਦੀ ਦੀ ਸਾਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਸੀ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਆਤਮ ਹੱਤਿਆਵਾਂ ਦੀ ਦਰ ਲਗਾਤਾਰ ਵਧ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਬੈਂਕਾਂ ਤੋਂ ਲਿਆ ਕਰਜ਼ਾ ਹੈ। ਆਤਮ ਹੱਤਿਆ ਦੇ ਸਾਹਮਣੇ ਆਏ ਹੋਰ ਕਾਰਨਾਂ ਵਿੱਚ ਵਿਆਹੁਤਾ ਜੀਵਨ ਸਬੰਧੀ ਝਗੜੇ, ਪ੍ਰੀਖਿਆ ਵਿੱਚ ਫੇਲ੍ਹ ਹੋਣਾ, ਕੋਈ ਗੰਭੀਰ ਬਿਮਾਰੀ ਹੋਣਾ, ਨਸ਼ਿਆਂ ਵਿੱਚ ਫਸੇ ਹੋਣਾ, ਗਰੀਬੀ, ਬੇਰੁਜ਼ਗਾਰੀ, ਜਾਇਦਾਦ ਦੇ ਝਗੜੇ, ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਹੁੰਦੀ ਮਾਨਸਿਕ ਪ੍ਰੇਸ਼ਾਨੀ ਅਤੇ ਰੈਗਿੰਗ, ਧਾਰਮਿਕ ਆਧਾਰ ’ਤੇ ਅਪਣੀ ਜਾਨ ਦੇਣਾ, ਕਿਸੇ ਖ਼ਾਸ ਵਿਅਕਤੀ ਦੀ ਮੌਤ ’ਤੇ ਦੁਖੀ ਹੋ ਕੇ ਅਪਣੀ ਜਾਨ ਦੇਣਾ, ਸਮਾਜਿਕ-ਰਾਜਨੀਤਿਕ ਅੰਦੋਲਨਾਂ ਵਿੱਚ ਅਪਣੀ ਜਾਨ ਦੇਣਾ ਆਦਿ ਸ਼ਾਮਿਲ ਹਨ। ਦੁਨੀਆ ਦੀਆਂ ਕੁੱਲ ਔਰਤਾਂ ਦੀਆਂ ਖ਼ੁਦਕੁਸ਼ੀਆਂ ਦਾ ਲਗਭਗ 40 ਫ਼ੀਸਦੀ ਭਾਰਤ ਵਿੱਚ ਹੁੰਦਾ ਹੈ।
ਬੰਗਲੌਰ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਘਰੇਲੂ ਹਿੰਸਾ ਨੂੰ ਖ਼ੁਦਕੁਸ਼ੀ ਲਈ ਇੱਕ ਪ੍ਰਮੁੱਖ ਕਾਰਕ ਪਾਇਆ ਗਿਆ ਹੈ। ਸਾਲ 2017 ਵਿੱਚ ਕੀਤੇ ਗਏ ਇੱਕ ਹੋਰ ਅਧਿਐਨ ਵਿੱਚ ਵਿਆਹੁਤਾ ਔਰਤਾਂ ਵਿੱਚ ਆਤਮ ਹੱਤਿਆ ਦੀ ਕੋਸ਼ਿਸ਼ ਲਈ ਘਰੇਲੂ ਹਿੰਸਾ ਇੱਕ ਕਾਰਕ ਪਾਇਆ ਗਿਆ ਸੀ। ਸਾਲ 2006 ਅਤੇ 2008 ਦਰਮਿਆਨ ਵਿਚਾਰਧਾਰਾ ਤੋਂ ਪ੍ਰੇਰਿਤ ਆਤਮ ਹੱਤਿਆਵਾਂ ਦੁੱਗਣੀਆਂ ਹੋ ਗਈਆਂ ਹਨ। ਮਾਨਸਿਕ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮੌਤਾਂ ਅਜਿਹੇ ਰਾਸ਼ਟਰ ਵਿੱਚ ਨੌਜਵਾਨਾਂ ਉੱਤੇ ਵਧ ਰਹੇ ਤਣਾਅ ਨੂੰ ਦਰਸਾਉਂਦੀਆਂ ਹਨ ਜਿੱਥੇ ਚੋਣਾਂ ਦੇ ਬਾਵਜੂਦ ਜਨਤਾ ਅਕਸਰ ਸ਼ਕਤੀਹੀਣ ਮਹਿਸੂਸ ਕਰਦੀ ਹੈ। ਆਤਮ ਹੱਤਿਆਵਾਂ ਦਾ ਇੱਕ ਵੱਡਾ ਅਨੁਪਾਤ ਮਨੋਵਿਗਿਆਨਕ ਬਿਮਾਰੀਆਂ ਜਿਵੇਂ ਡਿਪਰੈਸ਼ਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਮਨੋਵਿਗਿਆਨ ਦੇ ਸਬੰਧ ਵਿੱਚ ਹੁੰਦਾ ਹੈ। ਰਾਸ਼ਟਰੀ ਮਾਨਸਿਕ ਸਿਹਤ ਸਰਵੇਖਣ ਵਿੱਚ ਪਤਾ ਲਗਦਾ ਹੈ ਕਿ ਮਾਨਸਿਕ ਬਿਮਾਰੀਆਂ ਤੋਂ ਪੀੜਤ ਲਗਭਗ 80 ਫ਼ੀਸਦੀ ਲੋਕਾਂ ਨੇ ਇੱਕ ਸਾਲ ਤੋਂ ਵੱਧ ਸਮੇਂ ਲਈ ਇਲਾਜ ਨਹੀਂ ਕਰਵਾਇਆ। ਸਾਲ 2020 ਵਿੱਚ ਵਿਸ਼ਵ ਪੱਧਰ ’ਤੇ ਫੈਲੀ ਕੋਰੋਨਾ ਮਹਾਮਾਰੀ ਕਾਰਨ ਪ੍ਰੇਸ਼ਾਨੀ ਵਿੱਚ ਵੀ ਕਈ ਵਿਅਕਤੀਆਂ ਨੇ ਆਤਮ ਹੱਤਿਆ ਕੀਤੀ ਹੈ। ਭਾਰਤ ਵਿੱਚ ਆਤਮ ਹੱਤਿਆ ਦੇ ਮੁੱਖ ਤਰੀਕਿਆਂ ਵਿੱਚ ਲਗਭਗ 33 ਫ਼ੀਸਦੀ ਜ਼ਹਿਰ ਖਾਣਾ, 26 ਫ਼ੀਸਦੀ ਰੱਸੇ ਨਾਲ ਲਟਕਣਾ ਸ਼ਾਮਿਲ ਹੈ। ਆਤਮ ਹੱਤਿਆ ਕਰਨ ਦੇ ਵੱਖ-ਵੱਖ ਕਾਰਨ ਹਨ।
ਹਰ ਵਿਅਕਤੀ ਦੀ ਜ਼ਿੰਦਗੀ ਪਰਿਵਾਰ, ਸਮਾਜ, ਦੇਸ਼ ਅਤੇ ਵਿਸ਼ਵ ਲਈ ਬਹੁਮੁੱਲੀ ਹੈ ਅਤੇ ਆਤਮ ਹੱਤਿਆ ਕਾਰਨ ਹੋਣ ਵਾਲੀ ਮੌਤ ਉਸ ਵਿਅਕਤੀ ਦੇ ਪਰਿਵਾਰ, ਦੋਸਤਾਂ, ਸਾਥੀਆਂ, ਸਮਾਜ ਅਤੇ ਦੇਸ਼ ਲਈ ਵੱਡਾ ਘਾਟਾ ਰਹਿੰਦੀ ਹੈ। ਮਾਨਸਿਕ ਸਿਹਤ ਅਤੇ ਆਤਮ ਹੱਤਿਆ ਦੀ ਰੋਕਥਾਮ ਵਿੱਚ ਜਨਰਲ ਡਾਕਟਰਾਂ ਦੀ ਸਿਖਲਾਈ ਡਾਕਟਰਾਂ ਦੇ ਪੱਧਰ ’ਤੇ ਆਤਮ ਹੱਤਿਆ ਦੇ ਵਿਹਾਰ ਦੀ ਖੋਜ ਨੂੰ ਵਧਾਉਣ ਅਤੇ ਸਹੀ ਰੈਫਰਲ ਤੇ ਇਲਾਜ ਯਕੀਨੀ ਬਣਾਉਣ ਲਈ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ ਵਿੱਚੋਂ ਇੱਕ ਹੋ ਸਕਦਾ ਹੈ। ਦੇਸ਼ ਨੂੰ ਆਤਮ ਹੱਤਿਆ ਦੀ ਰੋਕਥਾਮ ਲਈ ਰਾਸ਼ਟਰੀ ਨੀਤੀ ਦੀ ਲੋੜ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਰੋਕਥਾਮ ਵਿਧੀਆਂ ਦੇਸ਼, ਰਾਜ, ਜ਼ਿਲ੍ਹੇ, ਸ਼ਹਿਰ, ਕਸਬੇ, ਪਿੰਡ ਸਾਰੇ ਪੱਧਰਾਂ ’ਤੇ ਲਾਗੂ ਹੋਣ। ਸਾਰੇ ਦੇਸ਼ਾਂ ਨੂੰ ਆਪਣੇ ਰਾਸ਼ਟਰੀ ਸਿਹਤ ਅਤੇ ਸਿੱਖਿਆ ਦੀਆਂ ਨੀਤੀਆਂ ਵਿੱਚ ਆਤਮ ਹੱਤਿਆ ਦੀ ਰੋਕਥਾਮ ਲਈ ਰਣਨੀਤੀਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਭਾਰਤ ਵਿੱਚ ਖ਼ੁਦਕੁਸ਼ੀ ਗ਼ੈਰ-ਕਾਨੂੰਨੀ ਹੈ ਅਤੇ ਅਜਿਹੇ ਵਿਅਕਤੀ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਆਤਮ ਹੱਤਿਆ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ ਜਿਸ ਵਿੱਚ ਸਮਾਜਿਕ ਇਕੱਲਤਾ ਨੂੰ ਘਟਾਉਣਾ, ਸਮਾਜਿਕ ਵਿਗਾੜ ਨੂੰ ਰੋਕਣਾ, ਮਾਨਸਿਕ ਵਿਕਾਰ ਦਾ ਇਲਾਜ, ਮਨੋਵਿਗਿਆਨਕ ਪ੍ਰੇਰਕ ਸੈਸ਼ਨਾਂ ਅਤੇ ਧਿਆਨ ਤੇ ਯੋਗ ਨੂੰ ਉਤਸ਼ਾਹਿਤ ਕਰਨਾ ਆਦਿ ਸ਼ਾਮਿਲ ਹਨ। ਆਤਮ ਹੱਤਿਆ ਕਿਸੇ ਮਸਲੇ ਦਾ ਹੱਲ ਨਹੀਂ।
ਸੰਪਰਕ: 94175-63054

Advertisement
Advertisement