ਖੁਦਕੁਸ਼ੀ ਮਾਮਲਾ: ਇਨਸਾਫ਼ ਕਮੇਟੀ ਵੱਲੋਂ ਕੇਸ ਰੱਦ ਨਾ ਹੋਣ ’ਤੇ ਸੰਘਰਸ਼ ਦੀ ਚਿਤਾਵਨੀ
ਪੱਤਰ ਪ੍ਰੇਰਕ
ਤਪਾ ਮੰਡੀ, 1 ਜੁਲਾਈ
ਪ੍ਰਸ਼ਾਸਨ ਨੇ ਪਿੰਡ ਢਿੱਲਵਾਂ ਦੇ ਖੁਦਕੁਸ਼ੀ ਮਾਮਲੇ ਵਿੱਚ ਪਰਿਵਾਰ ਨੂੰ ਭਾਵੇਂ ਦੋ ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਕੇ ਮੋਰਚਾ ਖਤਮ ਕਰਵਾ ਦਿੱਤਾ ਸੀ। ਪਰ ਇਨਸਾਫ਼ ਕਮੇਟੀ ਉੱਤੇ ਦਰਜ ਪਰਚੇ ਰੱਦ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਨਸਾਫ਼ ਕਮੇਟੀ ਮੈਂਬਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਇਨਸਾਫ਼ ਕਮੇਟੀ ਦੀ ਮੰਗ ਪੀੜਤ ਪਰਿਵਾਰ ਦੇ ਕਿਸੇ ਯੋਗ ਵਿਅਕਤੀ ਨੂੰ ਨੌਕਰੀ, ਹਰ ਤਰ੍ਹਾਂ ਦਾ ਕਰਜ਼ਾ ਮੁਆਫ, ਪੀੜਤ ਪਰਿਵਾਰ ਨੂੰ 20 ਲੱਖ ਆਰਥਿਕ ਸਹਾਇਤਾ , ਕਰਜ਼ੇ ਅਤੇ ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਮਜ਼ਦੂਰਾਂ ਲਈ ਵੀ ਆਰਥਿਕ ਸਹਾਇਤਾ ਦੇਣ ਦਾ ਕਾਨੂੰਨ ਬਣਾਉਣ ਦੀ ਸੀ। ਪਰ ਪ੍ਰਸ਼ਾਸਨ ਵੱਲੋਂ ਦਿੱਤੀ 2 ਲੱਖ ਰੁਪਏ ਆਰਥਿਕ ਸਹਾਇਤਾ ਉੱਤੇ ਚਰਚਾ ਸਮੇਤ ਬਾਕੀ ਮੰਗਾਂ ਮੰਨਣ ਦੀ ਅਪੀਲ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜੇਕਰ 15 ਜੁਲਾਈ ਤੱਕ ਮਾਮਲੇ ਰੱਦ ਨਾ ਕੀਤੇ ਤਾਂ ਮੁੜ ਮੀਟਿੰਗ ਕਰਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਮ੍ਰਿਤਕ ਅਕਾਸ਼ਦੀਪ ਸਿੰਘ ਦੇ ਪਿਤਾ ਜਸਵੀਰ ਸਿੰਘ ਨੇ ਸਮੂਹ ਸੰਘਰਸ਼ੀ ਜਥੇਬੰਦਕ ਆਗੂਆਂ ਦਾ ਇਨਸਾਫ਼ ਦਿਵਾਉਣ ਬਦਲੇ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ।