ਕਿਸਾਨ ਵੱਲੋਂ ਖ਼ੁਦਕੁਸ਼ੀ; ਭਰਾ ਤੇ ਭਤੀਜੇ ਖ਼ਿਲਾਫ਼ ਕੇਸ ਦਰਜ
ਸੁਭਾਸ਼ ਚੰਦਰ
ਸਮਾਣਾ, 1 ਅਪਰੈਲ
ਸਾਂਝੇ ਬਿਜਲੀ ਮੋਟਰ ਕੁਨੈਕਸ਼ਨ ਦਾ ਹਿੱਸਾ ਨਾ ਮਿਲਣ ਅਤੇ ਭਰਾ ਨਾਲ ਚੱਲਦੇ ਵਿਵਾਦ ਕਾਰਨ ਗੁਸੇ ’ਚ ਆਏ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਲਾਸ਼ ਟਰੱਕ ਯੂਨੀਅਨ ਸਮਾਣਾ ਤੋਂ ਮਿਲਣ ਉਪਰੰਤ ਸਿਟੀ ਪੁਲੀਸ ਨੇ ਮ੍ਰਿਤਕ ਦੇ ਭਰਾ ਕਰਨੈਲ ਸਿੰਘ ਤੇ ਭਤੀਜੇ ਮਿਸ਼ਰਾ ਸਿੰਘ ਖ਼ਿਲਾਫ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਸਿਟੀ ਪੁਲੀਸ ਦੇ ਏ.ਐੱਸ.ਆਈ. ਸ਼ਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਸੁਖਦੇਵ ਸਿੰਘ (60) ਵਾਸੀ ਪਿੰਡ ਕੋਟਲੀ ਦੇ ਪੁੱਤਰ ਹਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਸਾਂਝਾ ਬਿਜਲੀ ਮੋਟਰ ਕੁਨੈਕਸ਼ਨ ਹੋਣ ਦੇ ਬਾਵਜੂਦ ਉਨ੍ਹਾਂ ਦਾ ਹਿੱਸਾ ਨਾ ਦਿੱਤੇ ਜਾਣ ਕਾਰਨ ਉਸ ਦੇ ਪਿਤਾ ਸੁਖਦੇਵ ਸਿੰਘ ਦਾ ਆਪਣੇ ਭਰਾ ਕਰਨੈਲ ਸਿੰਘ ਅਤੇ ਉਸ ਦੇ ਪੁੱਤਰ ਮਿਸ਼ਰਾ ਸਿੰਘ ਨਾਲ ਵਿਵਾਦ ਸੀ। ਇਸ ਕਾਰਨ ਕਈ ਵਾਰ ਪੰਚਾਇਤਾਂ ਵੀ ਹੋਈਆ। ਇਸੇ ਤੋਂ ਗੁੱਸੇ ਵਿੱਚ ਆਏ ਟਰੱਕ ਡਰਾਈਵਰ ਵਜੋਂ ਕੰਮ ਕਰਦੇ ਉਸ ਦਾ ਪਿਤਾ 30 ਮਾਰਚ ਨੂੰ ਘਰ ਤੋਂ ਚਲਾ ਗਿਆ ਅਤੇ ਰਾਤ ਸਮੇਂ ਉਸ ਨੇ ਟਰੱਕ ਯੂਨੀਅਨ ਵਿੱਚ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। 31 ਮਾਰਚ ਦੀ ਸਵੇੇਰੇ ਉਸ ਦੀ ਲਾਸ਼ ਟਰੱਕ ਯੂਨਅਨ ਸਮਾਣਾ ਦੇ ਕੰਪਲੈਕਸ ਵਿੱਚੋਂ ਮਿਲੀ।
ਸਿਟੀ ਪੁਲੀਸ ਨੇ ਮ੍ਰਿਤਕ ਦੇ ਭਰਾ ਅਤੇ ਭਤੀਜੇ ਦੇ ਖਿਲਾਫ ਮਾਮਲਾ ਦਰਜ ਕਰ ਕੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਜਦੋਂ ਕਿ ਵਿਸਰਾ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਕਰਜ਼ੇ ਤੋਂ ਦੁਖੀ ਨੌਜਵਾਨ ਵੱਲੋਂ ਖੁਦਕੁਸ਼ੀ
ਯਮੁਨਾਨਗਰ (ਪੱਤਰ ਪ੍ਰੇਰਕ): ਜਗਾਧਰੀ ਦੀ ਸੁੰਦਰ ਨਗਰ ਕਲੋਨੀ ਦੇ ਰਹਿਣ ਵਾਲੇ ਮਨੋਜ ਵਰਮਾ (34) ਨੇ ਕਰਜ਼ੇ ਦੀ ਅਦਾਇਗੀ ਨਾ ਕਰ ਸਕਣ ਕਾਰਨ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕੋਲੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਮਕਾਨ ਵੇਚ ਕੇ ਕਰਜ਼ਾ ਮੋੜਨ ਬਾਰੇ ਲਿਖਿਆ ਹੈ। ਪੁਲੀਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਧਾਰਾ 174 ਤਹਿਤ ਕਾਰਵਾਈ ਕਰ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਾਣਕਾਰੀ ਅਨੁਸਾਰ ਮਨੋਜ ਵਰਮਾ ਦੀ ਬੁਡੀਆ ਚੁੰਗੀ ਵਿੱਚ ਟਾਈਲਾਂ ਅਤੇ ਪੱਥਰਾਂ ਦੀ ਦੁਕਾਨ ਹੈ। ਉਸ ਨੇ ਡੇਢ ਸਾਲ ਪਹਿਲਾਂ ਹੀ ਸੁੰਦਰ ਨਗਰ ਕਲੋਨੀ ਵਿੱਚ ਦੋ ਮੰਜ਼ਿਲਾ ਮਕਾਨ ਬਣਾਇਆ ਸੀ, ਜਿਸ ਲਈ ਉਸ ਨੇ ਬੈਂਕ ਤੋਂ ਕਰੀਬ 35 ਲੱਖ ਰੁਪਏ ਕਰਜ਼ਾ ਲਿਆ ਸੀ। ਕਰਜ਼ੇ ਦੀ ਰਕਮ ਵੀ ਉਸ ਨੇ ਆਪਣੇ ਕਾਰੋਬਾਰ ’ਤੇ ਖਰਚ ਕਰ ਦਿੱਤੀ ਸੀ। ਉਸ ਨੇ ਕੁਝ ਕਰਜ਼ਾ ਲਾਹ ਵੀ ਦਿੱਤਾ ਸੀ ਪਰ ਹੁਣ ਕੁਝ ਦਿਨਾਂ ਤੋਂ ਉਸ ਦਾ ਕੰਮ ਠੀਕ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਉਹ ਕਰਜ਼ੇ ਦੀਆਂ ਕਿਸ਼ਤਾਂ ਅਦਾ ਕਰਨ ਦੇ ਸਮਰੱਥ ਨਹੀਂ ਸੀ। ਇਸ ਕਾਰਨ ਉਹ ਮਾਨਸਿਕ ਤੌਰ ’ਤੇ ਵੀ ਪ੍ਰੇਸ਼ਾਨ ਸੀ। ਜਾਣਕਾਰੀ ਅਨੁਸਾਰ ਸੋਮਵਾਰ ਦੁਪਹਿਰ ਨੂੰ ਉਹ ਘਰ ਆਇਆ ਅਤੇ ਉਪਰਲੇ ਕਮਰੇ ਵਿੱਚ ਚਲਾ ਗਿਆ। ਇਸ ਦੌਰਾਨ ਉਸ ਦੀ ਪਤਨੀ ਆਸ਼ੂ ਸੈਕਟਰ-17 ਸਥਿਤ ਸਕੂਲ ’ਚ ਡਿਊਟੀ ’ਤੇ ਗਈ ਹੋਈ ਸੀ ਘਰ ਵਿੱਚ ਧੀਆਂ ਸਨ। ਜਦੋਂ ਉਨ੍ਹਾਂ ਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਨ੍ਹਾਂ ਦੇ ਪਿਤਾ ਮਨੋਜ ਨੇ ਉੱਥੇ ਫਾਹਾ ਲੈ ਲਿਆ ਸੀ। ਪੁਲੀਸ ਵੱਲੋਂ ਜਾਂਚ ਕਰਨ ’ਤੇ ਉਸ ਕੋਲੋਂ ਮਿਲੇ ਸੁਸਾਈਡ ਨੋਟ ਵਿੱਚ ਉਸ ਨੇ ਮਕਾਨ ਵੇਚ ਕੇ ਕਰਜ਼ਾ ਮੋੜਨ ਬਾਰੇ ਲਿਖਿਆ ਹੈ।