For the best experience, open
https://m.punjabitribuneonline.com
on your mobile browser.
Advertisement

ਪਾਣੀ ਦੀਆਂ ਪੁਰਾਣੀਆਂ ਪਾਈਪਾਂ ਬਦਲੇਗੀ ਸਰਕਾਰ: ਡਾ. ਬਲਬੀਰ

07:54 AM Jul 27, 2024 IST
ਪਾਣੀ ਦੀਆਂ ਪੁਰਾਣੀਆਂ ਪਾਈਪਾਂ ਬਦਲੇਗੀ ਸਰਕਾਰ  ਡਾ  ਬਲਬੀਰ
ਪਟਿਆਲਾ ’ਚ ਨਿਊ ਯਾਦਵਿੰਦਰਾ ਕਲੋਨੀ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ।
Advertisement

ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਜੁਲਾਈ
ਪੰਜਾਬ ਦੇ ਸਿਹਤ ਮੰਤਰੀ ਅਤੇ ਪਰਿਵਾਰ ਭਲਾਈ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੇ ਪੇਚਸ ਤੋਂ ਪ੍ਰਭਾਵਿਤ ਨਿਊ ਯਾਦਵਿੰਦਰਾ ਕਲੋਨੀ ਦਾ ਦੌਰਾ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਅਤੇ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਡੇਚਲਵਾਲ, ਸਿਵਲ ਸਰਜਨ ਡਾ. ਸੰਜੈ ਗੋਇਲ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜਿੱਥੇ ਨੁਕਸ ਸੀ, ਉਹ ਲੱਭ ਲਿਆ ਹੈ ਅਤੇ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੇ ਮਿਲਣ ਨਾਲ ਅਜਿਹਾ ਰੋਗ ਫੈਲਿਆ ਪਰ ਹੁਣ ਸਥਿਤੀ ਵਿੱਚ ਸੁਧਾਰ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲ ਰਿਹਾ ਹੈ ਅਤੇ ਕੋਈ ਨਵਾਂ ਕੇਸ ਨਹੀਂ ਆ ਰਿਹਾ। ਲੋਕਾਂ ਦੇ ਘਰਾਂ ਵਿੱਚ ਜਾ ਕੇ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਇਲਾਕਿਆਂ ਵੱਲ ਕਦੇ ਧਿਆਨ ਨਹੀਂ ਦਿੱਤਾ, ਜਿਸ ਕਰਕੇ ਪੀਣ ਵਾਲੇ ਪਾਣੀ ਦੀਆਂ ਪੁਰਾਣੀਆਂ ਤੇ ਗਲ ਚੁੱਕੀਆਂ ਪਾਈਪਾਂ ਕਦੇ ਨਵੀਆਂ ਨਹੀਂ ਪਾਈਆਂ ਗਈਆਂ ਪਰ ਹੁਣ ਪੰਜਾਬ ਸਰਕਾਰ ਅਜਿਹੇ ਇਲਾਕਿਆਂ ਵਿੱਚ ਪਾਣੀ ਦੀਆਂ ਨਵੀਆਂ ਪਾਈਪਾਂ ਪੁਆਏਗੀ। ਡਾ. ਬਲਬੀਰ ਸਿੰਘ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਾਸੀਆਂ ਦੀ ਚੰਗੀ ਸਿਹਤ ਸੂਬਾ ਸਰਕਾਰ ਦੀ ਪਹਿਲੀ ਤਰਜੀਹ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਤਰੀਆਂ ਤੇ ਸਕੱਤਰਾਂ ਨਾਲ ਮੀਟਿੰਗ ਕਰਕੇ ਸੂਬਾ ਪੱਧਰੀ ਮੋਨੀਟਰਿੰਗ ਕਮੇਟੀ ਬਣਾਈ ਹੈ ਅਤੇ ਨਾਲ ਹੀ ਹਰ ਜ਼ਿਲ੍ਹੇ ਵਿੱਚ ਅਜਿਹੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਸਾਰੀ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਤੇ ਮੁੱਖ ਸਕੱਤਰ ਨੂੰ ਵੀ ਪੂਰੀ ਸਥਿਤੀ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਗੰਦੇ ਪਾਣੀ ਦੀ ਸਪਲਾਈ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਕਿ ਉਲਟੀਆਂ ਤੇ ਦਸਤ ਦਾ ਕੋਈ ਨਵਾਂ ਕੇਸ ਨਾ ਆਵੇ। ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਪ੍ਰਦਾਨ ਕਰਨ ਦੇ ਨਾਲ-ਨਾਲ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਜਾ ਰਹੀ ਹੈ। ਡਾ. ਬਲਬੀਰ ਸਿੰਘ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੀ ਘਬਰਾਹਟ ਵਿੱਚ ਨਾ ਆਉਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਤੇ ਨਗਰ ਨਿਗਮ ਸਮੇਤ ਹੋਰ ਸਬੰਧਤ ਵਿਭਾਗ ਉਨ੍ਹਾਂ ਦੀ ਸੇਵਾ ’ਚ ਸਦਾ ਹਾਜ਼ਰ ਹਨ। ਇਸ ਮੌਕੇ ਕਰਨਲ ਜੇਵੀ ਸਿੰਘ, ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਵਾਲੀਆ ਹੋਰ ਅਧਿਕਾਰੀ ਵੀ ਮੌਜੂਦ ਸਨ।

ਪੇਚਸ ਦੇ ਪੰਜ ਮਰੀਜ਼ ਹੋਰ ਆਏ
ਪਟਿਆਲਾ ਵਿਚ ਪੇਚਸ ਦੇ ਕਹਿਰ ਦੇ ਚੱਲਦਿਆਂ ਅੱਜ ਫੇਰ 5 ਮਰੀਜ਼ ਆਏ ਹਨ। ਸਿਵਲ ਸਰਜਨ ਸੰਜੈ ਗੋਇਲ ਨੇ ‌ਦੱਸਿਆ ਕਿ ਪਟਿਆਲਾ ਦੇ ਅਬਚਲ ਨਗਰ, ਫੈਕਟਰੀ ਏਰੀਆ, ਨਿਊ ਯਾਦਵਿੰਦਰ ਕਲੋਨੀ ਵਿਚ ਇਹ ਕੇਸ ਆਏ ਹਨ। ਸੂਤਰਾਂ ਮੁਤਾਬਕ ਪਾਣੀ ਦੇ ਲਏ ਸੈਂਪਲਾਂ ’ਚੋਂ 10 ਸੈਂਪਲ ਫੇਲ੍ਹ ਹੋਏ ਹਨ।

Advertisement

Advertisement
Author Image

sanam grng

View all posts

Advertisement