ਭਾਰਤ ਵੱਲੋਂ ਲੰਮੀ ਦੂਰੀ ਵਾਲੇ ਗਲਾਈਡ ਬੰਬ ‘ਗੌਰਵ’ ਦਾ ਸਫ਼ਲ ਪ੍ਰੀਖਣ
ਬਾਲਾਸੋਰ (ਉੜੀਸਾ), 13 ਅਗਸਤ
ਭਾਰਤ ਨੇ ਉੜੀਸਾ ਦੇ ਸਾਹਿਲ ਤੋਂ ਅੱਜ ਭਾਰਤੀ ਹਵਾਈ ਸੈਨਾ ਦੇ ਸੂ-30 ਐੱਮਕੇ-1 ਪਲੈਟਫਾਰਮ ਤੋਂ ਲੰਮੀ ਦੂਰੀ ਵਾਲੇ ਗਲਾਈਡ ਬੰਬ (ਐੱਲਆਰਜੀਬੀ) ਗੌਰਵ ਦਾ ਸਫ਼ਲ ਪ੍ਰੀਖਣ ਕੀਤਾ। ਇਹ ਪ੍ਰੀਖਿਣ ਰੱਖਿਆ ਖੋਜ ਤੇ ਵਿਕਾਸ ਸੰਸਥਾ (ਡੀਆਰਡੀਓ) ਵੱਲੋਂ ਵਿਉਂਤਿਆ ਗਿਆ ਸੀ। ਗੌਰਵ ਹਵਾ ਵਿਚ ਛੱਡਿਆ ਜਾਣ ਵਾਲਾ 1000 ਕਿਲੋ ਵਜ਼ਨੀ ਕਲਾਸ ਗਲਾਈਡ ਬੰਬ ਹੈ, ਜੋ ਲੰਮੀ ਦੂਰੀ ਦੇ ਨਿਸ਼ਾਨਿਆਂ ਨੂੰ ਫੁੰਡਣ ਦੇ ਸਮਰੱਥ ਹੈ। ਹਵਾ ਵਿਚ ਛੱਡਣ ਮਗਰੋਂ ਗਲਾਈਡ ਬੰਬ ਆਈਐੱਨਐੱਸ ਤੇ ਜੀਪੀਐੱਸ ਡੇਟਾ ਦੀ ਜੁਗਲਬੰਦੀ ਵਾਲੀ ਹਾਈਬ੍ਰਿਡ ਨੈਵੀਗੇਸ਼ਨ ਸਕੀਮ ਦੀ ਵਰਤੋਂ ਕਰਦਿਆਂ ਆਪਣੇ ਨਿਸ਼ਾਨੇ ਵੱਲ ਵਧਦਾ ਹੈ। ਰੱਖਿਆ ਵਿਭਾਗ ਵਿਚਲੇ ਸੂਤਰਾਂ ਨੇ ਕਿਹਾ ਕਿ ਗੌਰਵ ਨੂੰ ਰਿਸਰਚ ਸੈਂਟਰ ਇਮਾਰਤ (ਆਰਸੀਆਈ) ਹੈਦਰਾਬਾਦ ਵੱਲੋਂ ਡਿਜ਼ਾਈਨ ਤੇ ਵਿਕਸਤ ਕੀਤਾ ਗਿਆ ਹੈ। ਅਜ਼ਮਾਇਸ਼ੀ ਉਡਾਣ ਦੌਰਾਨ ਗਲਾਈਡ ਨੇ ਲੌਂਗ ਵ੍ਹੀਲਰ ਟਾਪੂ ’ਤੇ ਰੱਖੇ ਨਿਸ਼ਾਨੇ ਨੂੰ ਸਟੀਕ ਤਰੀਕੇ ਨਾਲ ਫੁੰਡਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਫ਼ਲ ਪ੍ਰੀਖਣ ਲਈ ਡੀਆਰਡੀਓ, ਭਾਰਤੀ ਹਵਾਈ ਸੈਨਾ ਤੇ ਇੰਡਸਟਰੀ ਨੂੰ ਵਧਾਈ ਦਿੱਤੀ ਹੈ। -ਪੀਟੀਆਈ