For the best experience, open
https://m.punjabitribuneonline.com
on your mobile browser.
Advertisement

ਪੰਜਾਬ ਦੇ ਵਾਤਾਵਰਨ ਦੇ ਅਨਕੂਲ ਝੋਨੇ ਦੇ ਬਦਲ

09:15 PM Jun 29, 2023 IST
ਪੰਜਾਬ ਦੇ ਵਾਤਾਵਰਨ ਦੇ ਅਨਕੂਲ ਝੋਨੇ ਦੇ ਬਦਲ
Advertisement

ਡਾ. ਹਰਮਨਜੀਤ ਸਿੰਘ ਧਾਂਦਲੀ

Advertisement

ਖੇਤੀ ਪੰਜਾਬ ਦੀ ਆਰਥਿਕਤਾ ਦਾ ਧੁਰਾ ਹੀ ਨਹੀਂ ਬਲਕਿ ਖਿੱਤੇ ਦੇ ਸੱਭਿਆਚਾਰ ਅਤੇ ਜੀਵਨ-ਜਾਚ ਦਾ ਅਨਿਖੜਵਾਂ ਅੰਗ ਹੈ ਪਰ ਸਾਡੀ ਤਰਾਸਦੀ ਹੈ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਸੂਬਾ ਸਰਕਾਰ ਵੱਲੋਂ ਪੰਜਾਬ ਲਈ ਕੋਈ ਖੇਤੀ ਨੀਤੀ ਨਹੀਂ ਬਣਾਈ ਗਈ। ਪੰਜਾਬ ਦੇ ਖੇਤੀ, ਪਾਣੀ ਅਤੇ ਵਾਤਾਵਰਨ ਸੰਕਟਾਂ ਦੇ ਹੱਲ ਲਈ ਇਹ ਮਹੱਤਵਪੂਰਨ ਹੈ ਕਿ ਫ਼ਸਲੀ ਵੰਨ-ਸਵੰਨਤਾ ਲਈ ਬਦਲਵੀਆਂ ਫ਼ਸਲਾਂ ਦੀ ਚੋਣ ਪੰਜਾਬ ਦੀਆਂ ਰਵਾਇਤੀ ਫ਼ਸਲਾਂ ‘ਚੋਂ ਹੀ ਕੀਤੀ ਜਾਵੇ। ਇਨ੍ਹਾਂ ਰਵਾਇਤੀ ਫ਼ਸਲਾਂ ਦੇ ਝੋਨੇ ਦੇ ਬਦਲ ਵਜੋਂ ਕਾਮਯਾਬੀ ਲਈ ਇਨ੍ਹਾਂ ਫ਼ਸਲਾਂ ਦੇ ਪੱਖ ਅਤੇ ਵਿਰੁੱਧ ਦੇ ਨੁਕਤਿਆਂ ਅਤੇ ਲੋੜੀਂਦੇ ਯਤਨਾਂ ਬਾਰੇ ਵਿਸਥਾਰ ਵਿਚ ਚਰਚਾ ਕਰਨ ਉਪਰੰਤ ਬਦਲਵੀਆਂ ਫ਼ਸਲਾਂ ਉਤਸ਼ਾਹਿਤ ਕਰਨ ਅਤੇ ਨਵੀਂ ਖੇਤੀ ਨੀਤੀ ਬਣਾਉਣ ਲਈ ਕੁਝ ਸੁਝਾਅ ਪੇਸ਼ ਹਨ। ਇਹ ਵਿਚਾਰ ਪੰਜਾਬ ਦੇ ਪਿੰਡਾਂ ਵਿਚ ਜੰਮੇ-ਪਲੇੇ, ਪੰਜਾਬ ਖੇਤੀਬਾੜੀ ਯੂਨਵਿਰਸਿਟੀ ਵਿਚ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਅਮਰੀਕਾ ਅਤੇ ਕੈਨੇਡਾ ਵਿੱਚ ਵੱਖ ਵੱਖ ਫ਼ਸਲਾਂ ਅਤੇ ਕੁਦਰਤੀ ਸਰੋਤਾਂ ਦੇ ਮਾਹਿਰਾਂ ਵਜੋਂ ਕੰਮ ਕਰ ਰਹੇ ਵਿਗਿਆਨੀਆਂ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਮੁੜ ਪੈਰਾਂ ਸਿਰ ਖੜ੍ਹਾ ਕਰਨ ਲਈ ਬਿਨਾ ਕਿਸੇ ਵਿੱਤੀ ਲਾਭ ਤੋਂ ਬਣਾਈ ‘ਸੁਰਜੀਤ’ ਨਾਂ ਦੀ ਸੰਸਥਾ ਵਿਚ ਹੁੰਦੀ ਚਰਚਾ ‘ਤੇ ਆਧਾਰਤ ਹਨ।

Advertisement

ਪੰਜਾਬ ਦੀ ਅਣਗੌਲੀ ਫ਼ਸਲ ਗੁਆਰੇ ਦੀ ਕਾਸ਼ਤ ਮਾਲਵੇ ਵਿੱਚ ਬਹੁਤ ਥੋੜ੍ਹੇ ਰਕਬੇ ਤੱਕ ਸੀਮਤ ਰਹਿ ਗਈ ਹੈ। ਇਸ ਦੇ ਬੀਜਾਂ ਦੀ ਕੌਮਾਂਤਰੀ ਮੰਡੀ ਵਿਚ ਬਹੁਤ ਮੰਗ ਹੈ। ਗੁਆਰੇ ਦੇ ਬੀਜਾਂ ਤੋਂ ਤਿਆਰ ਹੁੰਦੀ ‘ਗੁਆਰ ਗੰਮ’ ਦੀ ਵਰਤੋਂ ਬਹੁਤ ਡੂੰਘੇ ਬੋਰਾਂ ‘ਚੋਂ ਤੇਲ ਅਤੇ ਗੈਸ ਕੱਢਣ, ਸੁਹੱਪਣ ਦੇ ਉਤਪਾਦਾਂ ਅਤੇ ਖਾਣ-ਪੀਣ ਦੀਆਂ ਵਸਤਾਂ ਵਿਚ ਹੁੰਦੀ ਹੈ। ਰਾਜਸਥਾਨ ਅਤੇ ਗੁਜਰਾਤ ਵਿਚ ਗੁਆਰੇ ਤੋਂ ਗੁਆਰ ਗੰਮ ਤਿਆਰ ਕਰ ਕੇ ਵਿਦੇਸ਼ਾਂ ਨੂੰ ਬਰਾਮਦ ਕੀਤੀ ਜਾਂਦੀ ਹੈ। ਪੰਜਾਬ ਵਿਚ ਗੁਆਰੇ ਦੀ ਕਾਸ਼ਤ ਅਤੇ ਖੋਜ ਮੁੱਖ ਤੌਰ ‘ਤੇ ਚਾਰੇ ਲਈ ਹੀ ਹੋਈ ਹੈ। ਵੱਧ ਬੀਜਾਂ ਦੇ ਝਾੜ ਵਾਲੀਆਂ ਕਿਸਮਾਂ ਅਤੇ ਵਧੀਆਂ ਤਕਨੀਕਾਂ ਵਿਕਸਿਤ ਕਰ ਕੇ ਨਿਰਧਾਰਤ ਮੁੱਲ ‘ਤੇ ਯਕੀਨੀ ਖ਼ਰੀਦ ਅਤੇ ਗੁਆਰ ਗੰਮ ਤਿਆਰ ਕਰਨ ਲਈ ਸਹਿਕਾਰੀ ਸਨਅਤ ਖੜ੍ਹੀ ਕਰ ਕੇ ਪੰਜਾਬ ਵਿਚ ਗੁਆਰੇ ਹੇਠ ਰਕਬਾ ਵਧਾਇਆ ਜਾ ਸਕਦਾ ਹੈ।

ਨਰਮੇ ਤੇ ਦੇਸੀ ਕਪਾਹ ਦੀ ਕਾਮਯਾਬੀ ਅਤੇ ਰਕਬਾ ਵਧਾਉਣ ਲਈ ਕਈ ਯਤਨਾਂ ਦੀ ਲੋੜ ਹੈ ਜਿਨ੍ਹਾਂ ਵਿਚ ਸਭ ਤੋਂ ਜ਼ਰੂਰੀ ਨਰਮੇ ਦੀਆਂ ਸੁੰਡੀਆਂ ਅਤੇ ਕੀੜਿਆਂ ‘ਤੇ ਕਾਬੂ ਪਾਉਣਾ ਹੈ। ਲੰਘੇ ਸਾਲਾਂ ਵਿਚ ਨਰਮੇ ਉੱਤੇ ਅਮਰੀਕਨ ਸੁੰਡੀ, ਚਿੱਟੀ ਮੱਖੀ, ਮਿੱਲੀ ਬੱਗ, ਗੁਲਾਬੀ ਸੁੰਡੀ ਆਦਿ ਦੇ ਲਗਾਤਾਰ ਹਮਲਿਆਂ ਕਰ ਕੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਨਾਲ ਜਿੱਥੇ ਕਿਸਾਨ ਕਰਜ਼ਈ ਹੋਏ, ਉੱਥੇ ਵਾਤਾਵਰਨ ਵਿਚ ਖ਼ਤਰਨਾਕ ਜ਼ਹਿਰਾਂ ਦਾ ਫੈਲਾਅ ਵੀ ਹੋਇਆ। ਦੇਖਿਆ ਜਾਵੇ ਤਾਂ ਨਰਮਾ, ਇਸ ਦੇ ਪ੍ਰਮੁੱਖ ਕੀੜੇ ਅਤੇ ਕੀਟਨਾਸ਼ਕ ਪੱਛਮੀ ਦੇਸ਼ਾਂ ਅਤੇ ਅਮਰੀਕਾ ਮਹਾਦੀਪਾਂ ਤੋਂ ਹੀ ਪੰਜਾਬ ਵਿਚ ਆਏ ਹਨ। ਕਪਾਹ ‘ਤੇ ਕੀਟਾਂ ਦੇ ਹਮਲਿਆਂ ਸਬੰਧੀ ਮਹੱਤਵਪੂਰਨ ਨੁਕਤਾ ਕੀਟਾਂ ਨੂੰ ਕੁਦਰਤੀ ਰੂਪ ਵਿਚ ਕਾਬੂ ਰੱਖਣ ਵਾਲੇ ਜੀਵਾਂ ਦੀ ਅਹਿਮੀਅਤ ਨੂੰ ਨਜ਼ਰਅੰਦਾਜ਼ ਕਰ ਕੇ ਸਿਰਫ਼ ਕੀਟਨਾਸ਼ਕਾਂ ‘ਤੇ ਨਿਰਭਰ ਹੋਣਾ ਹੈ। ਇਸ ਦੇ ਵਿਗਿਆਨਕ ਅੰਕੜੇ ਤਾਂ ਨਹੀਂ ਮਿਲੇ ਪਰ ਇਹ ਆਮ ਦੇਖਣ ਵਿਚ ਆਇਆ ਹੈ ਕਿ ਪੰਜਾਬ ਵਿਚ ਕੀੜਿਆਂ ਤੇ ਸੁੰਡੀਆਂ ਨੂੰ ਖਾਣ ਵਾਲੇ ਪੰਛੀਆਂ ਅਤੇ ਚਮਗਿੱਦੜਾਂ ਦੀ ਗਿਣਤੀ ਸਮੇਂ ਨਾਲ ਘਟੀ ਹੈ। ਇਸ ਦਾ ਕਾਰਨ ਆਲ੍ਹਣਿਆਂ ਲਈ ਦਰੱਖਤਾਂ ਦੀ ਗਿਣਤੀ ਘਟਨਾ ਵੀ ਹੈ। ਇਹ ਵੀ ਦੇਖਣ ਵਿਚ ਆਇਆ ਹੈ ਕਿ ਜਿਨ੍ਹਾਂ ਖੇਤਾਂ ਵਿਚ ਲਗਾਤਾਰ ਕੱਦੂ ਕਰ ਕੇ ਝੋਨਾ ਲਾਇਆ ਗਿਆ ਹੋਵੇ, ਉੱਥੇ ਲਗਪਗ ਫੁੱਟ ਕੁ ਦੀ ਡੂੰਘਾਈ ‘ਤੇ ਸਖ਼ਤ ਤਹਿ ਬਣ ਜਾਂਦੀ ਹੈ। ਜੇ ਉਨ੍ਹਾਂ ਖੇਤਾਂ ਵਿਚ ਨਰਮੇ ਅਤੇ ਕਪਾਹ ਦੀ ਕਾਸ਼ਤ ਕੀਤੀ ਜਾਂਦੀ ਹੈ ਤਾਂ ਇਨ੍ਹਾਂ ਖੇਤਾਂ ਵਿਚ ਜੜ੍ਹਾਂ ਦੇ ਘੱਟ ਫੈਲਾਅ ਕਰ ਕੇ ਖ਼ੁਰਾਕੀ ਤੱਤਾਂ ਦੀ ਘਾਟ ਅਤੇ ਸੋਕੇ ਦੀ ਮਾਰ ਪੈ ਜਾਂਦੀ ਹੈ। ਫ਼ਸਲੀ ਵੰਨ-ਸਵੰਨਤਾ ਲਈ ਜ਼ਰੂਰੀ ਹੈ ਕਿ ਰਵਾਇਤੀ ਦੇਸੀ ਕਪਾਹ ‘ਤੇ ਖੋਜ ਕੇਂਦਰਿਤ ਕਰ ਕੇ ਵੱਧ ਝਾੜ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਤੇ ਬੀਜੀਆਂ ਜਾਣ। ਕੱਦੂ ਕਾਰਨ ਬਣੀ ਸਖ਼ਤ ਤਹਿ ਨੂੰ ਡੂੰਘੇ ਹਲ ਨਾਲ ਤੋੜਿਆ ਜਾਵੇ। ਕੀੜੇ ਅਤੇ ਸੁੰਡੀਆਂ ਖਾਣ ਵਾਲੇ ਪੰਛੀਆਂ, ਚਮਗਿੱਦੜਾਂ ਅਤੇ ਕੁਦਰਤੀ ਮਿੱਤਰ ਕੀੜਿਆਂ ਦੀ ਗਿਣਤੀ ਵਧਾਉਣ ਲਈ ਢੁੱਕਵਾਂ ਵਾਤਾਵਰਨ ਬਣਾਇਆ ਜਾਵੇ।

ਮੱਕੀ, ਬਾਜਰਾ ਅਤੇ ਜੁਆਰ ਵਰਗੇ ਮੋਟੇ ਅਨਾਜ ਵੀ ਝੋਨੇ ਦਾ ਬਹੁਤ ਵਧੀਆ ਬਦਲ ਹੋ ਸਕਦੇ ਹਨ। ਇਨ੍ਹਾਂ ਫ਼ਸਲਾਂ ਦੇ ਹੇਠ ਰਕਬਾ ਘਟਣ ਦਾ ਮੁੱਖ ਕਾਰਨ ਸਰਕਾਰ ਵਲੋਂ ਇਨ੍ਹਾਂ ਦੀ ਮਿਥੀ ਕੀਮਤ ‘ਤੇ ਖ਼ਰੀਦ ਨਾ ਕਰਨਾ ਅਤੇ ਝੋਨੇ ਨੂੰ ਉਤਸ਼ਾਹਿਤ ਕਰਨ ਲਈ ਚਾਲੂ ਸਹੂਲਤਾਂ ਹਨ। ਗੁਆਰਾ, ਬਾਜਰਾ ਅਤੇ ਜੁਆਰ ਦੇ ਕਾਮਯਾਬ ਨਾ ਹੋਣ ਦਾ ਇੱਕ ਹੋਰ ਮੁੱਖ ਕਾਰਨ ਉੱਨਤ ਕਿਸਮਾਂ ਦੇ ਵਿਕਾਸ ਅਤੇ ਚੋਣ ਸਮੇਂ ਦਾਣਿਆਂ ਅਤੇ ਚਾਰੇ ਦੋਵਾਂ ਦਾ ਇਕੱਠੇ ਝਾੜ ਵਧਾਉਣ ਦਾ ਦੁਵੱਲਾ ਉਦੇਸ਼ ਵੀ ਰਿਹਾ। ਚਾਹੀਦਾ ਇਹ ਹੈ ਕਿ ਇਨ੍ਹਾਂ ਫ਼ਸਲਾਂ ਦੇ ਦਾਣਿਆਂ ਦਾ ਵੱਧ ਝਾੜ ਲੈਣ ਲਈ ਵੱਖ ਤੋਂ ਕਿਸਮਾਂ ਵਿਕਸਿਤ ਕੀਤੀਆਂ ਜਾਣ ਤੇ ਵਧੇਰੇ ਚਾਰੇ ਲਈ ਵੱਖਰੀਆਂ ਕਿਸਮਾਂ ਵਿਕਸਿਤ ਕੀਤੀਆਂ ਜਾਣ। ਬਸੰਤ ਰੁੱਤ ਦੀ ਮੱਕੀ ਵਿਚ ਪਾਣੀ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਇਸ ਦੀ ਕਾਸ਼ਤ ਖ਼ਾਸ ਹਾਲਾਤ ਵਿਚ ਉਤਸ਼ਾਹਿਤ ਕੀਤੀ ਜਾਵੇ।

ਸਾਉਣੀ ਦੀਆਂ ਦਾਲਾਂ ਜਿਵੇਂ ਮੂੰਗੀ ਅਤੇ ਮਾਂਹ ਦੀ ਕਾਸ਼ਤ ਹੇਠ ਰਕਬਾ ਵਧਾਉਣ ਨਾਲ ਸੂਬੇ ਤੇ ਮੁਲਕ ‘ਚੋਂ ਦਾਲਾਂ ਦੀ ਕਿੱਲਤ ਦੂਰ ਕਰਨ ਵਿਚ ਮਦਦ ਹੋਵੇਗੀ। ਸੋਇਆਬੀਨ ਦੀ ਕਾਸ਼ਤ ਨੂੰ ਪੰਜਾਬ ਵਿਚ ਉਤਸ਼ਾਹਿਤ ਕਰਨ ਲਈ ਕਈ ਵੱਡੇ ਵਿਗਿਆਨੀਆਂ ਵੱਲੋਂ ਕਿਹਾ ਗਿਆ ਹੈ ਪਰ ਇਹ ਯਾਦ ਰੱਖਿਆ ਜਾਵੇ ਕਿ ਸੋਇਆਬੀਨ ਪੰਜਾਬ ਦੀ ਰਵਾਇਤੀ ਫ਼ਸਲ ਨਹੀਂ ਹੈ। ਇਸ ਨਾਲ ਬੀਜਾਂ ਦੇ ਜੰਮਣ ਅਤੇ ਨਰਮੇ ਵਾਂਗ ਕੀਟਾਂ ਦੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਹਨ। ਤੇਲ ਬੀਜਾਂ ਦੀ ਲੋੜ ਦੀ ਪੂਰਤੀ ਲਈ ਮੂੰਗਫਲੀ ਅਤੇ ਤਿਲਾਂ ਵਰਗੀਆਂ ਰਵਾਇਤੀ ਫ਼ਸਲਾਂ ਦੀ ਕਾਸ਼ਤ ਵੱਲ ਵੀ ਉਚੇਚਾ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਇਨ੍ਹਾਂ ਫ਼ਸਲਾਂ ਤੋਂ ਇਲਾਵਾ ਢੁਕਵੇਂ ਇਲਾਕਿਆਂ ਵਿਚ ਫਲਾਂ ਅਤੇ ਸਬਜ਼ੀਆਂ ਦੀ ਪੈਦਾਵਾਰ ਤੇ ਸਾਂਭ-ਸੰਭਾਲ ਲਈ ਲੋੜੀਂਦੀਆਂ ਸਹੂਲਤਾਂ ਦੇ ਕੇ ਮਿੱਥੀ ਕੀਮਤ ‘ਤੇ ਮੰਡੀਕਰਨ ਅਤੇ ਨਿਰਯਾਤ ਦੇ ਢੁਕਵੇਂ ਪ੍ਰਬੰਧ ਕਰ ਕੇ ਝੋਨੇ ਹੇਠੋਂ ਰਕਬਾ ਕੱਢਿਆ ਜਾ ਸਕਦਾ ਹੈ। ਕੈਲੀਫੋਰਨੀਆ ਅਤੇ ਪੰਜਾਬ ਦਾ ਮੌਸਮ ਲਗਪਗ ਇਕੋ ਜਿਹਾ ਹੈ। ਜੇ ਉੱਥੇ ਬਦਾਮ ਅਤੇ ਅੰਗੂਰਾਂ ਦੀ ਸਫ਼ਲ ਕਾਸ਼ਤ ਕੀਤੀ ਜਾ ਸਕਦੀ ਹੈ ਤਾਂ ਕੁਝ ਸਾਲਾਂ ਵਿਚ ਪੰਜਾਬ ਲਈ ਢੁੱਕਵੀਆਂ ਕਿਸਮਾਂ ਦੀ ਕਾਢ ਉਪਰੰਤ ਇਨ੍ਹਾਂ ਨੂੰ ਪੰਜਾਬ ਵਿਚ ਵੀ ਕਾਮਯਾਬ ਕੀਤਾ ਜਾ ਸਕਦਾ ਹੈ।

ਬਦਲਵੀਆਂ ਫ਼ਸਲਾਂ ਦੀ ਸਫਲਤਾ ਲਈ ਸਭ ਤੋਂ ਮਹੱਤਵਪੂਰਨ ਅਤੇ ਜ਼ਰੂਰੀ ਨੁਕਤਾ ਇਨ੍ਹਾਂ ਫ਼ਸਲਾਂ ਦੀ ਮੁਨਾਫ਼ੇ ਵਾਲੀਆਂ ਤੈਅ ਕੀਮਤ ‘ਤੇ ਯਕੀਨੀ ਖ਼ਰੀਦ ਦਾ ਪ੍ਰਬੰਧ ਕਰਨਾ ਹੋਵੇਗਾ। ਇਨ੍ਹਾਂ ਫ਼ਸਲਾਂ ਦੀ ਘੱਟ ਪੈਦਾਵਾਰ ਜਾਂ ਮੁੱਲ ਕਰ ਕੇ ਜੇ ਕਿਸਾਨਾਂ ਦੀ ਆਮਦਨ ‘ਤੇ ਕੋਈ ਅਸਰ ਪੈਂਦਾ ਹੈ ਤਾਂ ਘਾਟੇ ਦੀ ਪੂਰਤੀ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਆਮਦਨ ਘਾਟੇ ਦੀ ਪੂਰਤੀ ਝੋਨੇ ਦੀ ਕਾਸ਼ਤ ਲਈ ਬਿਜਲੀ ਸਬਸਿਡੀ ਲਈ ਰੱਖੇ ਪੈਸਿਆਂ (ਲਗਪਗ 7500 ਕਰੋੜ) ‘ਚੋਂ ਬਚਣ ਵਾਲੇ ਪੈਸਿਆਂ ਨਾਲ ਸੌਖਿਆਂ ਹੀ ਕੀਤੀ ਜਾ ਸਕਦੀ ਹੈ। ਜਿਵੇਂ ਮੁਫ਼ਤ ਬਿਜਲੀ ਅਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਅਤੇ ਲਗਾਤਾਰ ਵੱਧ ਝਾੜ ਵਾਲੀਆਂ ਕਿਸਮਾਂ ਦੀ ਕਾਢ ਨਾਲ ਝੋਨੇ ਨੂੰ ਕਾਮਯਾਬ ਕੀਤਾ ਗਿਆ ਹੈ, ਉਵੇਂ ਹੀ ਕੁਝ ਕੁ ਸਾਲਾਂ ਵਿਚ ਬਦਲਵੀਆਂ ਫ਼ਸਲਾਂ ਦੀਆਂ ਵੱਧ ਝਾੜ ਵਾਲੀਆਂ ਕਿਸਮਾਂ ਦੇ ਵਿਕਾਸ ਅਤੇ ਸਰਕਾਰੀ ਖ਼ਰੀਦ ਪ੍ਰਬੰਧਾਂ ਰਾਹੀਂ ਬਦਲਵੀਆਂ ਫ਼ਸਲਾਂ ਨੂੰ ਵੀ ਕਾਮਯਾਬ ਕੀਤਾ ਜਾ ਸਕਦਾ ਹੈ। ਝੋਨੇ ਦੀ ਕਾਸ਼ਤ ਸਿਰਫ ਉਨ੍ਹਾਂ ਖੇਤਰਾਂ ਵਿਚ ਹੀ ਜਾਰੀ ਰੱਖੀ ਜਾਵੇ ਜਿੱਥੇ ਮਿੱਟੀ ਦੀ ਕਿਸਮ ਬਹੁਤ ਚੀਕਣੀ ਹੈ ਜਾਂ ਪਾਣੀ ਦਾ ਉਪਲਭਤਾ ਜ਼ਿਆਦਾ ਹੈ ਜਾਂ ਹੋਰਨਾਂ ਫ਼ਸਲਾਂ ਦੀ ਕਾਸ਼ਤ ਸੰਭਵ ਹੀ ਨਹੀਂ।

*ਸਾਬਕਾ ਭੂਮੀ ਵਿਗਿਆਨੀ, ਪੀਏਯੂ, ਲੁਧਿਆਣਾ।

ਸੰਪਰਕ: +1-778-938-5479

Advertisement
Tags :
Advertisement