Subhash Ghai in ICU: ਫਿਲਮ ਨਿਰਮਾਤਾ ਸੁਭਾਸ਼ ਘਈ ਦੀ ਸਿਹਤ ਵਿਗੜੀ; ਆਈਸੀਯੂ ਵਿੱਚ ਭਰਤੀ
ਮੁੰਬਈ, 7 ਦਸੰਬਰ
Subhash Ghai in ICU: ਉੱਘੇ ਫਿਲਮ ਨਿਰਮਾਤਾ ਸੁਭਾਸ਼ ਘਈ ਨੂੰ ਬੋਲਣ ਵਿਚ ਤਕਲੀਫ ਅਤੇ ਯਾਦਦਾਸ਼ਤ ਕਮਜ਼ੋਰ ਹੋਣ ਦੀ ਸ਼ਿਕਾਇਤ ਤੋਂ ਬਾਅਦ ਅੱਜ ਬਾਂਦਰਾ ਦੇ ਲੀਲਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਹ ਪਤਾ ਲੱਗਿਆ ਹੈ ਕਿ ਉਹ ਆਈਸੀਯੂ ਵਿਚ ਹਨ। ਉਨ੍ਹਾਂ ਨੂੰ ਡਾਕਟਰ ਰੋਹਿਤ ਦੇਸ਼ਪਾਂਡੇ ਦੀ ਦੇਖ-ਰੇਖ ਹੇਠ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਹ ਰੁਟੀਨ ਦੀ ਜਾਂਚ ਲਈ ਹਸਪਤਾਲ ਗਏ ਸਨ। ਜ਼ਿਕਰਯੋਗ ਹੈ ਕਿ ਸੁਭਾਸ਼ ਘਈ (79) ਨੇ ਇੱਕ ਅਦਾਕਾਰ ਵਜੋਂ ਬੌਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ‘ਤਕਦੀਰ’ ਅਤੇ ‘ਆਰਾਧਨਾ’ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਤੇ ਬਾਅਦ ਵਿਚ ਹੋਰ ਫਿਲਮਾਂ ਕੀਤੀਆਂ ਪਰ ਉਨ੍ਹਾਂ ਨੂੰ ਅਦਾਕਾਰ ਵਜੋਂ ਜ਼ਿਆਦਾ ਸਫਲਤਾ ਨਹੀਂ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਨਿਰਦੇਸ਼ਕ ਵਜੋਂ ਫਿਲਮੀ ਪਾਰੀ ਸ਼ੁਰੂ ਕੀਤੀ।
ਉਨ੍ਹਾਂ ਦੀ ਨਿਰਦੇਸ਼ਕ ਵਜੋਂ ਪਹਿਲੀ ਫਿਲਮ ‘ਕਾਲੀਚਰਨ’ ਸੀ ਜਿਸ ਵਿੱਚ ਮੁੱਖ ਕਿਰਦਾਰ ਸ਼ਤਰੂਘਨ ਸਿਨਹਾ ਨੇ ਨਿਭਾਇਆ ਸੀ। ਇਸ ਫਿਲਮ ਨੂੰ ਸਫਲਤਾ ਮਿਲੀ ਤੇ ਸੁਭਾਸ਼ ਘਈ ਨੇ ਕਈ ਮਕਬੂਲ ਫਿਲਮਾਂ ਦਾ ਨਿਰਦੇਸ਼ਨ ਦਿੱਤਾ।
ਉਨ੍ਹਾਂ 1980 ਅਤੇ 1990 ਦੇ ਦਹਾਕੇ ਵਿੱਚ ਨਿਰਦੇਸ਼ਕ ਵਜੋਂ ਕਈ ਹਿੱਟ ਫਿਲਮਾਂ ਦਿੱਤੀਆਂ ਜਿਨ੍ਹਾਂ ਵਿਚ ‘ਵਿਧਾਤਾ’, ‘ਕਰਮਾ’ ਅਤੇ ‘ਸੌਦਾਗਰ’ ਸ਼ਾਮਲ ਹਨ। ਉਨ੍ਹਾਂ ਨੂੰ ‘ਸੌਦਾਗਰ’ ਲਈ ਸਰਵੋਤਮ ਨਿਰਦੇਸ਼ਕ ਦਾ ਫਿਲਮਫੇਅਰ ਪੁਰਸਕਾਰ ਮਿਲਿਆ। ਸੁਭਾਸ਼ ਘਈ ਫਿਲਮ ‘ਹੀਰੋ’ ਵਿੱਚ ਜੈਕੀ ਸ਼ਰੌਫ ਨੂੰ ਅਦਾਕਾਰ ਵਜੋਂ ਲਿਆਏ ਜੋ ਬਲਾਕਬਸਟਰ ਫਿਲਮ ਬਣੀ।