For the best experience, open
https://m.punjabitribuneonline.com
on your mobile browser.
Advertisement

ਮੂਰਖ ਦੋਸਤ

11:05 AM Oct 28, 2023 IST
ਮੂਰਖ ਦੋਸਤ
Advertisement

ਪ੍ਰੇਰਕ ਪ੍ਰਸੰਗ

ਬਲਵਿੰਦਰ ਕੌਰ ਖੁਰਾਣਾ

ਇੱਕ ਖੂਬਸੂਰਤ ਇਲਾਕਾ ਸੀ। ਇਸ ਇਲਾਕੇ ਵਿੱਚ ਬਰਫ਼ੀਲੇ ਪਹਾੜ ਅਤੇ ਉੱਚੇ-ਉੱਚੇ ਦਰੱਖਤ ਸਨ। ਪਹਾੜਾਂ ਦੇ ਪਿੱਛੇ, ਦਰੱਖਤਾਂ ਦੇ ਝੁੰਡ ਦੇ ਓਹਲੇ ਇੱਕ ਮਿੱਠੇ ਪਾਣੀ ਦੀ ਨਦੀ ਸੀ। ਇਸ ਨਦੀ ਵਿੱਚ ਰੰਗ-ਬਿਰੰਗੀਆਂ ਮੱਛੀਆਂ, ਕੱਛੂ, ਮਗਰਮੱਛ, ਘੋਗੇ, ਸਿੱਪੀਆਂ, ਕੇਕੜੇ ਅਤੇ ਹੋਰ ਕਈ ਤਰ੍ਹਾਂ ਦੇ ਸਮੁੰਦਰੀ ਜੀਵ ਰਹਿੰਦੇ ਸਨ। ਨਦੀ ਦੇ ਕਨਿਾਰੇ ਸੁੰਦਰ-ਸੁੰਦਰ ਪੰਛੀ ਆਉਂਦੇ। ਚਿੜੀਆਂ, ਕਾਂ, ਘੁੱਗੀਆਂ, ਬਗਲੇ ਅਤੇ ਹੰਸ ਨਦੀ ਦਾ ਮਿੱਠਾ ਪਾਣੀ ਪੀਂਦੇ, ਪਾਣੀ ਵਿੱਚ ਨਹਾਉਂਦੇ, ਆਪਣਾ ਭੋਜਨ ਲੱਭਦੇ ਅਤੇ ਉੱਡ ਜਾਂਦੇ। ਪਹਾੜ ਦੇ ਪਿੱਛੇ ਅਤੇ ਰੁੱਖਾਂ ਦੇ ਓਹਲੇ ਹੋਣ ਕਰਕੇ ਮਨੁੱਖ ਦੀ ਨਜ਼ਰ ਇਸ ਨਦੀ ਉੱਤੇ ਨਹੀਂ ਸੀ ਪਈ, ਇਸ ਲਈ ਸਭ ਸਮੁੰਦਰੀ ਜੀਵ ਇੱਥੇ ਸੁਰੱਖਿਅਤ ਅਤੇ ਖ਼ੁਸ਼ ਸਨ।
ਮਛੇਰੇ ਇਸ ਨਦੀ ਕੋਲੋਂ ਲੰਘ ਕੇ ਕੁਝ ਦੂਰ ਦੂਸਰੀ ਨਦੀ ਵਿੱਚੋਂ ਮੱਛੀਆਂ ਫੜਨ ਜਾਂਦੇ ਸਨ, ਪਰ ਉਨ੍ਹਾਂ ਨੂੰ ਕਦੀ ਵੀ ਇਸ ਨਦੀ ਬਾਰੇ ਪਤਾ ਨਹੀਂ ਲੱਗਾ। ਕੁਦਰਤ ਦੀ ਗੋਦ ਵਿੱਚ ਨਦੀ ਦੇ ਕਲਕਲ ਕਰਦੇ ਪਾਣੀ ਵਿੱਚ ਸਭ ਜੀਵ ਬਿਨਾ ਕਿਸੇ ਡਰ ਦੇ ਰਹਿ ਰਹੇ ਸਨ। ਇਸ ਨਦੀ ਵਿੱਚ ਰਹਿੰਦੀਆਂ ਤਿੰਨ ਮੱਛੀਆਂ ਵਿੰਨੀ, ਪੈਗੀ ਅਤੇ ਸਟੈਫੀ ਪੱਕੀਆਂ ਸਹੇਲੀਆਂ ਸਨ। ਉਹ ਆਪਣਾ ਦਿਨ ਦਾ ਸਾਰਾ ਕੰਮ ਖ਼ਤਮ ਕਰਨ ਤੋਂ ਬਾਅਦ ਰੋਜ਼ ਸ਼ਾਮ ਨੂੰ ਨਦੀ ਦੇ ਕੰਢੇ ਇਕੱਠੀਆਂ ਹੁੰਦੀਆਂ ਅਤੇ ਆਪਣਾ ਦੁੱਖ-ਸੁੱਖ ਸਾਂਝਾ ਕਰਦੀਆਂ। ਇੱਕ ਦਿਨ ਵਿੰਨੀ ਨੇ ਛੋਟੇ-ਵੱਡੇ ਸਮੁੰਦਰੀ ਜੀਵਾਂ ਵੱਲ ਵੇਖਦੇ ਹੋਏ ਕਿਹਾ;
ਰੰਗ-ਬਿਰੰਗੇ ਜੀਵ ਅਪਾਰ
ਕਿੰਨਾ ਸੁੰਦਰ ਜਲ ਸੰਸਾਰ
ਉਸ ਦੇ ਜਵਾਬ ਵਿੱਚ ਪੈਗੀ ਬੋਲੀ;
ਕਿੰਨੇ ਸੰਘਣੇ ਵੇਖੋ ਰੁੱਖ
ਸਾਨੂੰ ਸਦਾ ਹੀ ਦਿੰਦੇ ਸੁੱਖ
ਸਟੈਫੀ ਵੀ ਉਨ੍ਹਾਂ ਦੀ ਹਾਮੀ ਭਰਦੀ ਹੋਈ ਬੋਲੀ;
ਉੱਚੇ ਬਰਫ਼ੀਲੇ ਪਹਾੜ
ਵੈਰੀ ਕੁਝ ਨਾ ਸਕੇ ਵਿਗਾੜ।
ਇਸ ਤਰ੍ਹਾਂ ਸਭ ਜੀਵ ਨਿਸ਼ਚਿੰਤ ਹੋ ਕੇ ਆਪਣਾ ਜੀਵਨ ਗੁਜ਼ਾਰ ਰਹੇ ਸਨ। ਇੱਕ ਦਿਨ ਆਪਣਾ ਰਾਹ ਭਟਕ ਕੇ ਇੱਕ ਜੈਕੀ ਨਾਂ ਦਾ ਡੱਡੂ ਇਸ ਇਲਾਕੇ ਵਿੱਚ ਆ ਗਿਆ। ਉਹ ਆਪਣਾ ਰਾਹ ਲੱਭਣ ਲਈ ਪਹਾੜ ਉੱਤੇ ਟਪੂਸੀਆਂ ਮਾਰਨ ਲੱਗਾ ਤਾਂ ਅਚਾਨਕ ਉਸ ਦੀ ਨਜ਼ਰ ਮਿੱਠੇ ਪਾਣੀ ਵਾਲੀ ਨਦੀ ਉੱਤੇ ਪਈ। ਨਦੀ ਨੂੰ ਵੇਖ ਕੇ ਉਸ ਦੇ ਚਿਹਰੇ ਉੱਤੇ ਰੌਣਕ ਆ ਗਈ। ਉਹ ਉਸ ਨਦੀ ਉੱਤੇ ਗਿਆ ਅਤੇ ਠੰਢਾ-ਮਿੱਠਾ ਪਾਣੀ ਪੀ ਕੇ ਆਪਣੀ ਪਿਆਸ ਬੁਝਾਈ। ਉਸ ਨਦੀ ਵਿੱਚ ਪਿਆਰੀਆਂ-ਪਿਆਰੀਆਂ ਮੱਛੀਆਂ, ਕਨਿਾਰੇ ਉੱਤੇ ਸੁਸਤਾ ਰਹੇ ਕੱਛੂ ਅਤੇ ਹੋਰ ਜੀਵ ਵੇਖ ਕੇ ਉਸ ਨੂੰ ਬੜਾ ਚੰਗਾ ਲੱਗਿਆ। ਉਸ ਨੇ ਵੀ ਉੱਥੇ ਹੀ ਰਹਿਣ ਦਾ ਮਨ ਬਣਾ ਲਿਆ।
ਜਦੋਂ ਵੀ ਵਿੰਨੀ, ਪੈਗੀ ਅਤੇ ਸਟੈਫੀ ਨਦੀ ਦੇ ਕੰਢੇ ਆ ਕੇ ਗੱਲਾਂ ਕਰਦੀਆਂ ਤਾਂ ਜੈਕੀ ਉਨ੍ਹਾਂ ਨੂੰ ਵੇਖ ਕੇ ਬਹੁਤ ਖ਼ੁਸ਼ ਹੁੰਦਾ। ਇੱਕ ਦਿਨ ਜੈਕੀ ਨੇ ਉਨ੍ਹਾਂ ਨੂੰ ਕਿਹਾ-‘‘ਮੈਨੂੰ ਲੱਗਦਾ ਹੈ ਕਿ ਤੁਸੀਂ ਤਿੰਨੇ ਪੱਕੀਆਂ ਸਹੇਲੀਆਂ ਹੋ।’’
‘‘ਹਾਂ ਅਸੀਂ ਬਚਪਨ ਤੋਂ ਹੀ ਪੱਕੀਆਂ ਸਹੇਲੀਆਂ ਹਾਂ।’’ ਵਿੰਨੀ ਨੇ ਕਿਹਾ।
‘‘ਤੁਸੀਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ ਹੋ। ਤੁਸੀਂ ਮੈਨੂੰ ਵੀ ਆਪਣਾ ਦੋਸਤ ਬਣਾ ਲਓ, ਮੈਂ ਤੁਹਾਨੂੰ ਬਹੁਤ ਵਧੀਆ ਕਹਾਣੀਆਂ ਸੁਣਾਇਆ ਕਰਾਂਗਾ।’’ ਜੈਕੀ ਨੇ ਬੜੇ ਪਿਆਰ ਨਾਲ ਕਿਹਾ।
ਪੈਗੀ ਨੇ ਪੁੱਛਿਆ,‘‘ਕਿਉਂ ਕੀ ਵਿਚਾਰ ਹੈ ਤੁਹਾਡਾ?’’
ਸਟੈਫੀ ਨੇ ਕਿਹਾ, ‘‘ਇਹ ਜੈਕੀ ਬਹੁਤ ਚੁਲਬੁਲਾ ਹੈ। ਉੱਛਲ-ਕੁੱਦ ਕਰਦਾ ਮੈਨੂੰ ਬੜਾ ਚੰਗਾ ਲੱਗਦਾ ਹੈ। ਮੈਨੂੰ ਇਸ ਨੂੰ ਆਪਣੀ ਟੋਲੀ ਵਿੱਚ ਸ਼ਾਮਲ ਕਰਨ ਵਿੱਚ ਕੋਈ ਇਤਰਾਜ਼ ਨਹੀਂ।’’
ਵਿੰਨੀ ਅਤੇ ਪੈਗੀ ਵੀ ਸਟੈਫੀ ਦੀ ਗੱਲ ਨਾਲ ਸਹਿਮਤ ਹੋ ਗਈਆਂ ਅਤੇ ਇਸ ਤਰ੍ਹਾਂ ਜੈਕੀ ਉਨ੍ਹਾਂ ਦਾ ਦੋਸਤ ਬਣ ਗਿਆ। ਹੁਣ ਸ਼ਾਮ ਨੂੰ ਜਦੋਂ ਤਿੰਨੋਂ ਮੱਛੀਆਂ ਨਦੀ ਕਨਿਾਰੇ ਆ ਕੇ ਮਿਲਦੀਆਂ ਤਾਂ ਜੈਕੀ ਵੀ ਉਨ੍ਹਾਂ ਨਾਲ ਰਲ ਜਾਂਦਾ। ਉਹ ਉਨ੍ਹਾਂ ਨੂੰ ਰਾਜੇ-ਰਾਣੀਆਂ, ਪਰੀਆਂ, ਦਿਓਆਂ ਅਤੇ ਜਾਨਵਰਾਂ ਦੇ ਮਜ਼ੇਦਾਰ ਕਿੱਸੇ ਸੁਣਾਉਂਦਾ। ਤਿੰਨੇ ਸਹੇਲੀਆਂ ਉਸ ਦੀਆਂ ਗੱਲਾਂ ਸੁਣ ਕੇ ਬੜਾ ਖ਼ੁਸ਼ ਹੁੰਦੀਆਂ। ਉਹ ਚਾਰੇ ਗੱਲਾਂ ਵਿੱਚ ਏਨੇ ਮਸਤ ਹੋ ਜਾਂਦੇ ਕਿ ਉਨ੍ਹਾਂ ਨੂੰ ਸਮੇਂ ਦਾ ਧਿਆਨ ਹੀ ਨਾ ਰਹਿੰਦਾ।
ਜੈਕੀ ਮੱਛੀਆਂ ਦੀਆਂ ਨਜ਼ਰਾਂ ਵਿੱਚ ਚੰਗਾ ਬਣਨ ਲਈ ਰੋਜ਼ਾਨਾ ਨਵੀਆਂ ਤੋਂ ਨਵੀਆਂ ਗੱਲਾਂ ਸੁਣਾਉਂਦਾ, ਕਈ ਤਰ੍ਹਾਂ ਦੇ ਝੂਠ ਬੋਲਦਾ ਅਤੇ ਗੱਪਾਂ ਮਾਰਦਾ। ਵਿਚਾਰੀਆਂ ਭੋਲੀਆਂ ਮੱਛੀਆਂ ਉਸ ਦੀ ਹਰ ਗੱਲ ਉੱਤੇ ਯਕੀਨ ਕਰ ਲੈਂਦੀਆਂ। ਇੱਕ ਦਿਨ ਜੈਕੀ ਨੇ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਮੈਂ ਬਹੁਤ ਵਧੀਆ ਗੀਤ ਗਾਉਂਦਾ ਹਾਂ। ਮੈਂ ਜਿੱਥੇ ਪਹਿਲਾਂ ਰਹਿੰਦਾ ਸੀ, ਉੱਥੇ ਰੋਜ਼ ਰਾਤ ਨੂੰ ਸਾਰੇ ਜਾਨਵਰ ਮੇਰਾ ਗੀਤ ਸੁਣਨ ਆਉਂਦੇ ਸਨ।’’
‘‘ਅੱਛਾ! ਤੂੰ ਏਨਾ ਸੋਹਣਾ ਗਾਉਂਦਾ ਏਂ, ਸਾਨੂੰ ਤਾਂ ਤੂੰ ਕਦੀ ਗੀਤ ਸੁਣਾਇਆ ਹੀ ਨਹੀਂ।’’ ਪੈਗੀ ਨੇ ਆਖਿਆ।
‘‘ਹਾਂ ਹਾਂ, ਸਾਨੂੰ ਵੀ ਗੀਤ ਸੁਣਾ।’’ ਵਿੰਨੀ ਨੇ ਕਿਹਾ।
ਆਪਣੀ ਪ੍ਰਸੰਸਾ ਸੁਣ ਕੇ ਜੈਕੀ ਖ਼ੁਸ਼ ਹੋ ਗਿਆ ਅਤੇ ਉਸ ਨੇ ਉੱਚੀ-ਉੱਚੀ ਗਾਉਣਾ ਸ਼ੁਰੂ ਕੀਤਾ;
ਟਰ-ਟਰ-ਟਰ-ਟਰ-ਟਰ।
ਉਸ ਦੀ ਆਵਾਜ਼ ਏਨੀ ਉੱਚੀ ਸੀ ਕਿ ਦੂਰ ਤੱਕ ਸੁਣਾਈ ਦਿੰਦੀ ਸੀ। ਨਦੀ ਵਿਚਲੀ ਵੱਡੀ ਮੱਛੀ, ਜਿਸ ਨੂੰ ਸਭ ਨਾਨੀ ਮੱਛੀ ਕਹਿੰਦੇ ਸਨ, ਰੋਜ਼ ਉਨ੍ਹਾਂ ਦੀਆਂ ਆਵਾਜ਼ਾਂ ਸੁਣਦੀ ਸੀ। ਉਹ ਕਈ ਵਾਰ ਇਨ੍ਹਾਂ ਨੂੰ ਸਮਝਾ ਚੁੱਕੀ ਸੀ ਕਿ ਹੌਲੀ ਬੋਲਿਆ ਕਰੋ, ਪਰ ਉਸ ਦੀਆਂ ਗੱਲਾਂ ਦਾ ਇਨ੍ਹਾਂ ਉੱਤੇ ਕੋਈ ਅਸਰ ਨਾ ਹੋਇਆ। ਉਸ ਦਿਨ ਤਾਂ ਹੱਦ ਹੀ ਹੋ ਗਈ। ਜੈਕੀ ਉੱਚੀ ਆਵਾਜ਼ ਵਿੱਚ ਲਗਾਤਾਰ ਗਾ ਰਿਹਾ ਸੀ ਅਤੇ ਤਿੰਨੇ ਮੱਛੀਆਂ ਬੜੀ ਖ਼ੁਸ਼ੀ ਨਾਲ ਉਸ ਦਾ ਗੀਤ ਸੁਣ ਰਹੀਆਂ ਸਨ। ਜਦੋਂ ਵੱਡੀ ਮੱਛੀ ਕੋਲੋਂ ਰਿਹਾ ਨਾ ਗਿਆ ਤਾਂ ਉਹ ਉਨ੍ਹਾਂ ਕੋਲ ਆਈ ਅਤੇ ਗੁੱਸੇ ਵਿੱਚ ਬੋਲੀ, ‘‘ਤੁਸੀਂ ਏਨਾ ਰੌਲਾ ਕਿਉਂ ਪਾਇਆ ਹੋਇਆ ਹੈ?’’
‘‘ਨਾਨੀ! ਅਸੀਂ ਤਾਂ ਜੈਕੀ ਦਾ ਗੀਤ ਸੁਣ ਰਹੇ ਹਾਂ, ਇਹਦੀ ਆਵਾਜ਼ ਬਹੁਤ ਉੱਚੀ ਅਤੇ ਵਧੀਆ ਹੈ, ਤੁਸੀਂ ਵੀ ਸੁਣ ਕੇ ਵੇਖੋ।’’ ਸਟੈਫੀ ਨੇ ਕਿਹਾ।
ਨਾਨੀ ਮੱਛੀ ਨੇ ਕਿਹਾ;
ਕਦੋਂ ਦੀ ਲਾਈ ਇਸ ਟਰ-ਟਰ-ਟਰ
ਸੁਣ ਕੇ ਮੈਨੂੰ ਲੱਗਦਾ ਏ ਡਰ
ਬਹੁਤਾ ਰੌਲਾ ਹੁੰਦਾ ਨਹੀਂ ਚੰਗਾ
ਪਾ ਨਾ ਲੈਣਾ ਤੁਸੀਂ ਕੋਈ ਪੰਗਾ।
ਨਾਨੀ ਮੱਛੀ ਦੀ ਗੱਲ ਸੁਣ ਕੇ ਵਿੰਨੀ ਨੇ ਕਿਹਾ;
ਐਵੇਂ ਗੁੱਸਾ ਕਰਿਆ ਨਾ ਕਰ
ਨਾਨੀ ਬਹੁਤਾ ਡਰਿਆ ਨਾ ਕਰ
ਇੱਥੇ ਸਾਡਾ ਆਪਣਾ ਰਾਜ
ਕੌਣ ਸੁਣੂ ਸਾਡੀ ਆਵਾਜ਼।
ਵੱਡੀ ਮੱਛੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ;
ਮੂਰਖ ਨਾਲ ਨਾ ਕਰੀਏ ਯਾਰੀ
ਭਰਨੀ ਪੈਂਦੀ ਕੀਮਤ ਭਾਰੀ
ਐਸੀ ਯਾਰੀ ਨੁਕਸਾਨ ਪਹੁੰਚਾਏ
ਆਪ ਮਰੇ ਸਭ ਤਾਈਂ ਮਰਵਾਏ।
ਏਨਾ ਕਹਿ ਕੇ ਵੱਡੀ ਮੱਛੀ ਚਲੀ ਗਈ। ਉਸ ਦੇ ਜਾਣ ਪਿੱਛੋਂ ਜੈਕੀ ਆਖਣ ਲੱਗਾ;
ਸਾਡੀ ਯਾਰੀ ਵੇਖ ਕੇ ਸੜਦੀ
ਤਾਹੀਓਂ ਕੁੜ-ਕੁੜ ਰਹਿੰਦੀ ਕਰਦੀ।
ਜੈਕੀ ਦੀ ਗੱਲ ਸੁਣ ਕੇ ਤਿੰਨੇ ਮੱਛੀਆਂ ਹੱਸ ਪਈਆਂ। ਅਗਲੇ ਦਿਨ ਜੈਕੀ ਜਦੋਂ ਆਪਣਾ ਗੀਤ ਗਾ ਰਿਹਾ ਸੀ ਤਾਂ ਮਛੇਰਿਆਂ ਦੀ ਇੱਕ ਟੋਲੀ ਵਾਪਸ ਘਰ ਜਾ ਰਹੀ ਸੀ। ਡੱਡੂ ਦੀ ਆਵਾਜ਼ ਸੁਣ ਕੇ ਇੱਕ ਆਦਮੀ ਨੇ ਬਾਕੀਆਂ ਨੂੰ ਕਿਹਾ, ‘‘ਇਹ ਡੱਡੂ ਦੀ ਆਵਾਜ਼ ਸੁਣ ਰਹੇ ਹੋ ਨਾ, ਜ਼ਰੂਰ ਇੱਥੇ ਕਿਤੇ ਪਾਣੀ ਹੋਵੇਗਾ।’’
‘‘ਹੁਣ ਤਾਂ ਹਨੇਰਾ ਹੋ ਗਿਆ ਹੈ, ਕੱਲ੍ਹ ਸਵੇਰੇ ਜਦੋਂ ਆਪਾਂ ਮੱਛੀਆਂ ਫੜਨ ਜਾਵਾਂਗੇ ਤਾਂ ਪਹਿਲਾਂ ਇੱਥੇ ਵੇਖਾਂਗੇ।’’ ਦੂਜੇ ਆਦਮੀ ਨੇ ਕਿਹਾ।
ਅਗਲੇ ਦਿਨ ਜਦੋਂ ਮਛੇਰੇ ਇੱਧਰੋਂ ਲੰਘੇ ਤਾਂ ਪਹਾੜੀ ਦੇ ਪਿੱਛੇ ਰੁੱਖਾਂ ਦੀ ਓਟ ਵਿੱਚ ਉਨ੍ਹਾਂ ਨੂੰ ਸਾਫ਼ ਪਾਣੀ ਦੀ ਕਲਕਲ ਕਰਦੀ ਨਦੀ ਦਿੱਸੀ ਤਾਂ ਉਹ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਨਦੀ ਵਿੱਚ ਆਪਣਾ ਜਾਲ ਪਾਇਆ ਅਤੇ ਬਹੁਤ ਸਾਰੀਆਂ ਮੱਛੀਆਂ ਜਾਲ ਵਿੱਚ ਫਸ ਗਈਆਂ, ਜਨਿ੍ਹਾਂ ਵਿੱਚ ਵਿੰਨੀ, ਪੈਗੀ ਅਤੇ ਸਟੈਫੀ ਵੀ ਸਨ। ਹੁਣ ਉਹ ਪਛਤਾਅ ਰਹੀਆਂ ਸਨ ਕਿ ਉਨ੍ਹਾਂ ਨੇ ਵੱਡੀ ਮੱਛੀ ਦੀ ਗੱਲ ਨਾ ਮੰਨ ਕੇ ਬੇਵਕੂਫੀ ਕੀਤੀ। ਮੂਰਖ ਨਾਲ ਦੋਸਤੀ ਕਰਕੇ ਅੱਜ ਸਾਨੂੰ ਆਪਣੀ ਜਾਨ ਗਵਾਉਣੀ ਪੈ ਰਹੀ ਹੈ।
ਸੰਪਰਕ: 98730-54130

Advertisement

Advertisement
Author Image

sukhwinder singh

View all posts

Advertisement
Advertisement
×